ਰੋਜਾਨਾ ਦੀ ਤਰਾਂ ਅੱਜ ਵੀ ਮੈਂ ਸਕੂਲ ਵਿੱਚ ਸਮੇਂ ਤੋਂ ਕਾਫੀ ਦੇਰ ਪਹਿਲਾਂ ਪਹੁੰਚ ਗਿਆ, ਅਤੇ ਕਾਹਲੀ ਨਾਲ ਆਪਣੇ ਅਧੂਰੇ ਪਏ ਕੰਮਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ।
ਕੁਝ ਬੱਚੇ ਗਰਾਊਂਡ ਵਿੱਚ ਖੇਡ ਰਹੇ ਸਨ ,ਕੁਝ ਬੱਚੇ ਐਕਸਟ੍ਰਾ ਕਲਾਸ ਲਗਾਉਣ ਲਈ ਸਕੂਲ ਵਿੱਚ ਆ ਰਹੇ ਸਨ ਕੁਝ ਬੱਚੇ ਟਰੇਨਿੰਗ ਖਤਮ ਹੋਣ ਤੋਂ ਬਾਅਦ ਨਹਾ ਕੇ ਮੈਨੂੰ ਮਿਲਣ ਲਈ ਆ ਰਹੇ ਸਨ।
ਹਰ ਰੋਜ਼ ਦੀ ਤਰ੍ਹਾਂ ਸਾਰੇ ਬੱਚੇ ਮੇਰੇ ਕਮਰੇ ਵਿੱਚ ਵਾਰੋ – ਵਾਰੀ ਆ ਰਹੇ ਸਨ ਅਤੇ ਹੱਥ ਮਿਲਾ ਸਵੇਰ ਦੀ ਨਮਸਤੇ ਕਹਿ ਕੇ ਆਪੋ – ਆਪਣੀਆਂ ਜਮਾਤਾਂ ਵੱਲ ਨੂੰ ਜਾ ਰਹੇ ਸਨ, ਮੈਂ ਆਪਣੇ ਕੰਮ ਵਿੱਚ ਮਸਰੂਫ ਬੱਚਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਹੀ ਮਿਲ ਰਿਹਾ ਸੀ, ਅਤੇ ਸਾਰਿਆਂ ਨਾਲ ਹੱਸ – ਹੱਸ ਕੇ ਗੱਲਾਂ ਕਰ ਰਿਹਾ ਸੀ ਨਾਲ – ਨਾਲ ਉਹਨਾਂ ਨੂੰ ਹਲਕੇ ਫੁਲਕੇ ਮਜਾਕ ਕਰ ਰਿਹਾ ਸੀ। ਤੇ ਸਾਰੇ ਬੱਚੇ ਚਿਹਰੇ ਤੇ ਮੁਸਕਾਨ ਲੈ ਕੇ ਅੰਦਰ ਆ ਰਹੇ ਸਨ ਤੇ ਬਾਹਰ ਜਾ ਰਹੇ ਸਨ।
ਕੰਮ ਕਰਦੇ – ਕਰਦੇ ਨਜ਼ਰ ਗੇਟ ਦੇ ਬਾਹਰ ਵੱਲ ਗਈ,ਤਾਂ ਕੀ ਦੇਖਿਆ ਇੱਕ ਛੋਟੀ ਬੱਚੀ ਗੇਟ ਦੇ ਬਾਹਰ ਖੜੀ ਸੀ ਮੈਂ ਸੋਚਿਆ ਇਹ ਆਪਣੀ ਸਹੇਲੀਆਂ ਨਾਲ ਅੰਦਰ ਮਿਲਣ ਆਵੇਗੀ ਤੇ ਮੈਂ ਆਪਣੇ ਕੰਮ ਵਿੱਚ ਫਿਰ ਰੁਝ ਗਿਆ, ਜਦੋਂ ਸਾਰੇ ਬੱਚੇ ਮਿਲ ਕੇ ਚਲੇ ਗਏ ਤਾਂ ਮੇਰਾ ਧਿਆਨ ਫਿਰ ਗੇਟ ਵੱਲ ਨੂੰ ਪਿਆ , ਉਹ ਬੱਚੀ ਹਾਲੇ ਵੀ ਗੇਟ ਤੇ ਬਾਹਰ ਹੀ ਖੜੀ ਸੀ, ਮੈਂ ਜਲਦੀ ਨਾਲ ਉੱਠਦੇ ਹੋਏ ਬਾਹਰ ਆਇਆ ਅਤੇ ਬੱਚੀ ਨੂੰ ਪੁੱਛਿਆ ਬੇਟਾ ਤੁਸੀਂ ਨਹੀਂ ਅੰਦਰ ਆਏ! ਬੱਚੀ ਨੇ ਝੱਟ ਨਾਲ ਜਵਾਬ ਦਿੱਤਾ ਸਰ ਮੈਂ ਤੁਹਾਨੂੰ ਇਕੱਲਿਆਂ ਨੂੰ ਮਿਲਣਾ ਸੀ ਤਾਂ ਮੈਂ ਹੱਸਦੇ ਹੋਏ ਨੇ ਬਾਹਰ ਹੀ ਉਸ ਕੋਲ ਬੈਠਦੇ ਨੇ ਕਿਹਾ ਦਸ ਪੁੱਤ ਕੀ ਗੱਲ ਕਰਨੀ ਹੈ? ਕੋਈ ਪ੍ਰੋਬਲਮ ਏ, ਕੋਈ ਤੈਨੂੰ ਤੰਗ ਕਰਦਾ ਏ,
ਬੱਚੀ ਨੇ ਝੱਟ ਜਵਾਬ ਦਿੰਦੇ ਕਿਹਾ ਨਹੀਂ ਸਰ ਜੀ, ਚਿਹਰੇ ਤੇ ਮੁਸਕਾਨ ਲਿਆਉਂਦੇ ਹੋਏ ਕਿਹਾ ਨਹੀਂ ਸਰ ਕੋਈ ਵੀ ਪ੍ਰੋਬਲਮ ਨਹੀਂ ਮੈਂ ਤੁਹਾਡੇ ਲਈ ਕੁਝ ਲੈ ਕੇ ਆਈ ਹਾਂ। ਮੈਂ ਨਾਲ ਹੀ ਪੁੱਛ ਲਿਆ ਤੁਸੀ ਕੀ ਲੈ ਕੇ ਆਏ ਹੋ ਪੁੱਤ ਮੇਰੇ ਲਈ! ਉਸ ਨੇ ਕਾਹਲੀ ਨਾਲ ਟਿਫਨ ਖੋਲਦੇ ਹੋਏ ਮੇਰੇ ਅੱਗੇ ਕਰ ਦਿੱਤਾ ਸਰ ਆਲੂਆਂ ਵਾਲੇ ਪਰੌਂਠੇ, ਮੈਂ ਹੱਸਦੇ ਹੋਏ ਨੇ ਕਿਹਾ ਬੇਟਾ ਮੈਂ ਤਾਂ ਨਾਸਤਾ ਕਰਕੇ ਆਇਆ ਹਾਂ, ਧੰਨਵਾਦ ਇਹ ਤੁਸੀਂ ਖਾ ਲਿਓ, ਮੈਂ ਹਜੇ ਬੋਲ ਹੀ ਰਿਹਾ ਸੀ ਝੱਟ ਨਾਲ ਬੱਚੀ ਨੇ ਜਵਾਬ ਦਿੱਤਾ ਨਹੀਂ ਸਰਜੀ ਮੈਂ ਆਪਣੇ ਵਾਸਤੇ ਵੀ ਲੈ ਕੇ ਆਈ ਹਾਂ ਇਹ ਮੈਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਕਿਉਂਕਿ ਮੇਰੇ ਪਾਪਾ ਨੂੰ ਵੀ ਆਲੂਆਂ ਵਾਲੇ ਪਰਾਂਠੇ ਬਹੁਤ ਪਸੰਦ ਨੇ , ਤੁਸੀਂ ਵੀ ਮੇਰੇ ਸਕੂਲ ਵਿੱਚ ਪਾਪਾ ਹੋ ਤੁਹਾਨੂੰ ਵੀ ਮੇਰੇ ਪਾਪਾ ਦੀ ਤਰ੍ਹਾਂ ਆਲੂਆਂ ਵਾਲੀ ਪਰੌਂਠੇ ਪਸੰਦ ਨੇ।
ਮੈਂ ਮਨ ਹੀ ਮਨ ਇਹ ਸੋਚ ਰਿਹਾ ਸੀ ਕਿ ਬੱਚੇ ਨੇ ਕਿਸ ਤਰੀਕੇ ਨਾਲ ਕਲਪਨਾ ਕਰ ਲਈ ਕਿ ਮੇਰੇ ਪਾਪਾ ਨੂੰ ਜੋ ਚੀਜ਼ ਪਸੰਦ ਹੈ ਉਹ ਮੇਰੇ ਸਰ ਨੂੰ ਵੀ ਪਸੰਦ ਹੋਵੇਗੀ ਅਤੇ ਮੈਂ ਆਪਣੇ ਆਪ ਨਾਲ ਹੀ ਗੱਲ ਕਰਦਾ ਹੋਇਆ ਕਹਿ ਰਿਹਾ ਸੀ ਕਿ ਬੱਚੇ ਆਪਣੇ ਅਧਿਆਪਕਾਂ ਵਿੱਚ ਆਪਣੇ ਮਾਪਿਆਂ ਨੂੰ ਕਿਸ ਤਰ੍ਹਾਂ ਦੇਖਦੇ ਹਨ, ਇੱਕ ਅਧਿਆਪਕ ਕਿਸ ਤਰੀਕੇ ਨਾਲ ਬੱਚੇ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦਾ ਹੈ, ਤੇ ਬੱਚੇ ਦੇ ਵਿਸ਼ਵਾਸ ਨੂੰ ਉਹਦੀ ਕਾਮਯਾਬੀ ਵਿੱਚ ਕਿਸ ਤਰੀਕੇ ਨਾਲ ਬਦਲ ਸਕਦਾ ਹੈ। ਬਸ ਜਰੂਰਤ ਹੈ ਅਧਿਆਪਨ ਦੇ ਨਾਲ ਨਾਲ ਬੱਚਿਆਂ ਨੂੰ ਇੱਕ ਮਾਤਾ ਪਿਤਾ ਵਾਲਾ ਭਰੋਸਾ ਦੇਣ ਦੀ।
ਪੂਰੇ ਹੌਸਲੇ ਨਾਲ ਬੱਚੀ ਨੇ ਮੈਨੂੰ ਦੁਬਾਰਾ ਕਿਹਾ ਸਰ ਜੀ ਕਿੱਧਰ ਖੋ ਗਏ ਹੋ, ਇਹ ਤੁਹਾਨੂੰ ਖਾਣੇ ਹੀ ਪੈਣੇ ਨੇ,
ਮੈਨੂੰ ਲੱਗ ਰਿਹਾ ਸੀ ਜਿੱਦਾਂ ਵੱਡੀ ਦਾਦੀ ਮਾਂ ਮੈਨੂੰ ਡਾਂਟ ਕੇ ਖਵਾ ਰਹੀ ਹੋਵੇ ਮੈਂ ਹੱਸਦੇ ਹੋਏ ਨੇ ਇੱਕ ਬੁਰਕੀ ਤੋੜ ਲਈ ਅਤੇ ਉਸ ਨੂੰ ਕਿਹਾ ਪੁੱਤ ਮੈਂ ਰੋਟੀ ਖਾ ਕੇ ਆਇਆ ਹਾਂ, ਉਸਨੇ ਘੂਰੀ ਜਿਹੀ ਵੱਟੀ ਤਾਂ ਮੈਂ ਹੱਸਦਾ ਹੋਇਆ ਜਿਵੇਂ ਡਰਦਾ ਡਰਦਾ ਪੂਰਾ ਇੱਕ ਪਰੌਂਠਾ ਖਾ ਗਿਆ ਜਦ ਕਿ ਮੈਂ ਰੱਜਿਆ ਹੋਇਆ ਸੀ, ਬਸ ਪਤਾ ਨਹੀਂ ਕਿਸ ਤਰੀਕੇ ਨਾਲ ਉਹ ਮੈਨੂੰ ਪੂਰਾ ਪਰੌਂਠਾ ਖਵਾ ਗਈ ਤੇ ਉਹ ਹੱਸਦੀ – ਹੱਸਦੀ ਆਪਣੀ ਜਮਾਤ ਵੱਲ ਨੂੰ ਜਾਂਦੀ ਹੋਈ ਕਹਿ ਗਈ ਸਰ ਜੀ ਥੈਂਕਯੂ।
ਹਰਿੰਦਰ ਸਿੰਘ ਗਰੇਵਾਲ
ਸਰਕਾਰੀ ਹਾਈ ਸਕੂਲ ਥੂਹੀ (ਪਟਿਆਲਾ)
9855202040
Leave a Comment
Your email address will not be published. Required fields are marked with *