
ਲੋਕਾਂ ਵਿੱਚ ਹਰਮਨਪਿਆਰੇ ਰਹੇ ਰੋਪੜ ਜਿਲ੍ਹੇ ਦੇ ਮਾਣ ਸ਼੍ਰ. ਸੁਖਦਰਸ਼ਨ ਸਿੰਘ ਨੇ ਸਿੱਖਿਆ ਵਿਭਾਗ ਵਿੱਚ ਆਪਣੀ ਸਰਵਿਸ ਬਤੌਰ ਲੈਕਚਰਾਰ ਅਮਰਗੜ੍ਹ (ਸੰਗਰੂਰ) ਵਿਖੇ ਨਿਭਾਉਂਦੇ ਹੋਏ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਮੌਕਾ ਮਿਲਿਆ ਜਿਸ ਸਦਕਾ ਉਨ੍ਹਾਂ ਆਪਣੀਆਂ ਸੇਵਾਵਾਂ ਪਹਿਲਾਂ ਡੈਪੂਟੇਸ਼ਨ ਤੇ ਬਤੌਰ ਯੂਥ ਕੋਆਰਡੀਨੇਟਰ ਅਗਸਤ 1978 ‘ਚ ਜਿਲ੍ਹਾ ਫਰੀਦਕੋਟ ਵਿਖੇ ਤਕਰੀਬਨ ਇੱਕ ਸਾਲ ਸੇਵਾ ਨਿਭਾਈ ਅਤੇ ਫਿਰ ਬਦਲੀ ਕਰਵਾਕੇ ਰੋਪੜ ਦੇ ਨਹਿਰੂ ਯੁਵਕ ਕੇਂਦਰ ਵਿਖੇ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਅਤੇ ਬਾਅਦ ਵਿੱਚ ਪੱਕੇ ਤੌਰ ਤੇ ਕੇਂਦਰ ਸਰਕਾਰ ਵਲੋਂ ਕਲਾਸ ਵਨ ਕਾਡਰ’ਚ ਇਸੇ ਪੋਸਟ ਉੱਪਰ ਰੈਗੂਲਰ ਨਿਯੁਕਤੀ ਹੋ ਗਈ ।ਉਨ੍ਹਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਅੰਤਰਰਾਜੀ ਕੈਂਪਾਂ ਵਿੱਚ ਸਮੂਲੀਅਤ ਕਰਵਾ ਕੇ ਨੈਤਿਕ ਸਿੱਖਿਆ ਅਤੇ ਸਮਾਜਿਕ ਸੰਸਕਾਰਾਂ ਦੀ ਸਿੱਖਿਆ ਦਿਵਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਨਿਜਾਤ ਦਿਵਾ ਕੇ ਨਵਾਂ ਰੂਪ ਦਿਵਾਇਆ ।ਉਹ ਰੋਪੜ ਦੇ ਇਲਾਕੇ ਵਿੱਚ ਇੱਕ ਸਮਾਜ ਸੇਵਕ ਦੇ ਤੌਰ ਤੇ ਜਾਣੇ ਜਾਂਦੇ ਸਨ । ਉਨ੍ਹਾਂ ਨੇ ਜਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਵਧੀਆ ਸਬੰਧ ਬਣਾਏ ਹੋਏ ਸਨ ।ਉਨ੍ਹਾਂ ਨੇ ਕੁਰਾਲੀ ਵਿਖੇ ਹਸਪਤਾਲ ਬਣਾਉਣ ਦੀ ਤਜਵੀਜ਼ ਬਣਾਈ ਇਸ ਲਈ ਉਥੇ ਟੋਬੇ ਵਾਲੀ ਜਗ੍ਹਾ ਨੂੰ ਜਿਲ੍ਹੇ ਦੇ ਯੂਥ ਕਲੱਬਾਂ ਰਾਹੀਂ ਭਰਤ ਪੁਆ ਕੇ ਹਸਪਤਾਲ ਮੰਜੂਰ ਕਰਾਉਣ ਵਿੱਚ ਅਹਿਮ ਯੋਗਦਾਨ ਪਾਇਆ । ਨਿਯਮਾਂ ਅਨੁਸਾਰ ਜਨਵਰੀ 1994 ਨੂੰ ਸੇਵਾ ਮੁਕਤ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਕਾਬਲੀਅਤ ਦੇਖਦੇ ਹੋਏ ਉਨ੍ਹਾਂ ਨੂੰ ਜਿਲ੍ਹਾ ਰੈਡ ਕਰਾਸ ਸੋਸਾਇਟੀ ਰੋਪੜ ਦੇ ਸਕੱਤਰ ਦੀ ਨਿਯੁਕਤੀ ਮਿਲ ਗਈ ।ਇਥੇ ਉਨ੍ਹਾਂ ਨੇ ਸੰਨ 2003 ਤੱਕ ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ ।ਨਸ਼ਾ ਛਡਾਊ ਮੁਹਿੰਮ ਤਹਿਤ ਉਹ ਪੁਲਿਸ ਵਿਭਾਗ ਨਾਲ ਮਿਲ ਕੇ ਵੱਖ-ਵੱਖ ਪ੍ਰੋਗਰਾਮਾਂ ‘ਚ ਲੈਕਚਰ ਦਿੰਦੇ ਰਹਿੰਦੇ ।ਵੂਮੈਨ ਸੈੱਲ ਵਲੋਂ ਔਰਤਾਂ ਦੇ ਮਸਲਿਆਂ ਨੂੰ ਸੁਲਝਾਉਣ ਵਾਲੇ ਬੋਰਡ ਦੇ ਉਹ ਆਖਰੀ ਸਮੇਂ ਤੱਕ ਮੈਂਬਰ ਰਹੇ ।ਸਮਾਜ ਸੁਧਾਰ ਵਿਸ਼ਿਆਂ ਉੱਪਰ ਭਾਸ਼ਣ ਦੇਣ ਲਈ ਸਮਾਜ ਸੇਵੀ ਸੰਸਥਾਵਾਂ ਦੇ ਸੱਦੇ ਉੱਪਰ ਜਾਣ ਲਈ ਹਮੇਸ਼ਾ ਤੱਤਪਰ ਰਹਿੰਦੇ । ਉਨ੍ਹਾਂ ਅੰਦਰ ਸਮਾਜ ਸੁਧਾਰ / ਸੇਵਾ ਦਾ ਜਨੂੰਨ ਸ਼ੁਰੂ ਤੋਂ ਹੀ ਭਰਿਆ ਹੋਇਆ ਸੀ ।ਉਨ੍ਹਾਂ ਨੇ ਆਪਣੇ ਮਿਸ਼ਨ ਨੂੰ ਸਮਰਪਿਤ ਹੋ ਕੇ ਯੂਥ ਕਲੱਬਾਂ ਨੂੰ ਏਨਾ ਨੇੜਿਓਂ ਜੌੜ ਲਿਆ ਤਾਂ ਹੀ ਉਨ੍ਹਾਂ ਬਹੁਤਾਤ ਵਿੱਚ ਏਨੇ ਵਧੀਆ ਕੰਮ ਕੀਤੇ ਜਿਸ ਸਦਕਾ ਉਨ੍ਹਾਂ ਨੇ ਰਾਸ਼ਟਰੀ , ਨੈਸ਼ਨਲ ਅਵਾਰਡ ਅਤੇ ਹੋਰ ਬਹੁਤ ਸਾਰੇ ਸਨਮਾਨ ਪ੍ਰਾਪਤ ਕੀਤੇ । ਉਨ੍ਹਾਂ ਨੂੰ 12 ਜਨਵਰੀ 1993 ਨੂੰ ਬੰਗਲੌਰ ਵਿਖੇ ਯੂਨੀਅਨ ਮਨਿਸਟਰ ਆਫ ਹਿਊਮਨ ਰਿਸੋਰਸਜ਼ ਡਿਵੈਲਪਮੈਂਟ ਸ੍ਰੀ ਅਰਜਨ ਸਿੰਘ ਵਲੋਂ ਉੱਤਰੀ ਭਾਰਤ ਦਾ ‘ਬੈਸਟ ਯੂਥ ਕੁਆਰਡੀਨੇਟਰ ਆਫ ਨਾਰਥ ਇੰਡੀਆ ਅਵਾਰਡ’ ਦਿੱਤਾ ਗਿਆ ਜੋ ਕਿ ਰੋਪੜ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ ।ਉਨ੍ਹਾਂ ਦੇ ਇਲਾਕੇ ਲਈ ਕੀਤੇ ਵਧੀਆ ਕੰਮਾਂ ਸਦਕਾ ਅੱਜ ਵੀ ਉਨ੍ਹਾਂ ਨੂੰ ਹਲਕੇ ਦੇ ਲੋਕ ਯਾਦ ਕਰਦੇ ਹਨ ।ਸੱਚ-ਮੁੱਚ ਉਹ ਇੱਕ ਸੰਸਥਾ ਤੋਂ ਘੱਟ ਨਹੀਂ ਸਨ ।
ਸ੍ਰ. ਸੁਖਦਰਸ਼ਨ ਸਿੰਘ ਦਾ ਜਨਮ ਸਵ: ਸ੍ਰ. ਗੁਰਦਿੱਤ ਸਿੰਘ ਦੇ ਘਰ ਮਾਤਾ ਸਵ: ਸਰਦਾਰਨੀ ਗੁਰਬਚਨ ਕੌਰ ਦੀ ਕੁੱਖੋਂ 1 ਜਨਵਰੀ 1937 ਨੂੰ ਪਾਕਿਸਤਾਨ ਵਿਖੇ ਪਿੰਡ ‘ਸੁੱਖਾ ਸਿੰਘ ਦਾ ਬਾੜਾ’ (ਸੇਖੂਪੁਰਾ) ਵਿੱਚ ਹੋਇਆ ।ਪਰਿਵਾਰ ਨੇ ਸੰਤਾਲੀ ਦੇ ਉਜਾੜੇ ਦਾ ਸੰਤਾਪ ਭੋਗਦੇ ਹੋਏ ਹੁਸ਼ਿਆਰਪੁਰ ਦੇ ਪਿੰਡ ਨੰਗਲ ਵਾਦਾਂ ਵਿਖੇ ਪਹਿਲਾਂ ਰਹਿਣਾ ਸ਼ੁਰੂ ਕੀਤਾ ਫਿਰ ਬਾਅਦ ‘ਚ ਪਿੰਡ ਦੰਦਰਾਲਾ ਢੀਂਡਸਾ ਜਿਲ੍ਹਾ ਪਟਿਆਲਾ ਦੇ ਨੰਬਰਦਾਰ ਸ੍ਰ. ਹਰੀ ਸਿੰਘ ਦੇ ਅਚਾਨਕ ਉਨ੍ਹਾਂ ਦੇ ਪਿਤਾ ਜੀ ਨੂੰ ਮਿਲਣ ਕਰਕੇ ਆਪਣੇ ਪਿੰਡ ਆਉਣ ਦੀ ਬੇਨਤੀ ਕੀਤੀ ਜੋ ਉਨ੍ਹਾਂ ਸਵੀਕਾਰ ਕੇ ਪਿੰਡ ਦੰਦਰਾਲਾ ਢੀਂਡਸਾ ਵਿਖੇ ਰਿਹਾਇਸ਼ ਕਰ ਲਈ । ਜੁਲਾਹਾ ਸਿੱਖ ਨਾਲ ਸਬੰਧਿਤ ਉਨ੍ਹਾਂ ਦੇ ਪਿਤਾ ਜੀ ਨੇ ਗਰੀਬੀ ਨੂੰ ਹੰਢਾਉਂਦਿਆਂ ਹੱਥ-ਖੱਡੀ ਦਾ ਕੰਮ ਕਰਕੇ ਆਪਣੇ ਬੱਚਿਆਂ ਦੀ ਸਲੀਕੇ ਨਾਲ ਪਰਵਰਿਸ਼ ਕਰਨ ਦੇ ਨਾਲ ਉਚੇਰੀ ਪੜ੍ਹਾਈ ਤੱਕ ਪੜ੍ਹਾਇਆ ਜਿਸ ਸਦਕਾ ਸ਼੍ਰ. ਸੁਖਦਰਸ਼ਨ ਸਿੰਘ ਨੇ ਕੁਝ ਕਲਾਸਾਂ ਪਾਕਿਸਤਾਨ ‘ਚ ਪਾਸ ਕਰ ਕਰਕੇ ਮੈਟ੍ਰਿਕ ਏਧਰ ਆ ਕੇ ਚੰਗੇ ਨੰਬਰਾਂ ‘ਚ ਪਾਸ ਕਰ ਲਈ ।ਉੱਚ ਅਹੁੱਦਾ ਪ੍ਰਾਪਤ ਕਰਕੇ ਉਨ੍ਹਾਂ ਪਿੰਡ ਅਤੇ ਮਾਪਿਆਂ ਦਾ ਨਾਂ ਉੱਚਾ ਕੀਤਾ ।ਸ੍ਰ. ਸੁਖਦਰਸ਼ਨ ਸਿੰਘ ਨੇ ਆਪਣੇ ਛੋਟੇ ਭਰਾ ਸੁਖਜੀਤ ਸਿੰਘ , ਪ੍ਰਿਤਪਾਲ ਸਿੰਘ ਅਤੇ ਭੈਣਾਂ ਦੀ ਹਮੇਸ਼ਾ ਹਰ ਸੰਭਵ ਮਦਦ ਕੀਤੀ । ਉਨ੍ਹਾਂ ਆਪਣੇ ਬੱਚਿਆਂ ਨੂੰ ਉਚੇਰੀ ਵਿੱਦਿਆ ਦੇ ਕੇ ਚੰਗੇ ਰੁਤਬੇ ਪ੍ਰਾਪਤ ਕਰਨ ਦੇ ਯੋਗ ਬਣਾਇਆ। ਉਨ੍ਹਾਂ ਦੀ ਵੱਡੀ ਬੇਟੀ ਡਾ. ਪਵਨਪ੍ਰੀਤ ਕੌਰ ਹੈਲਥ ਵਿਭਾਗ ਵਿੱਚ ਡਾਇਰੈਕਟਰ (ਪ੍ਰੋਕਿਉਰਮੈਂਟ / ਖਰੀਦ ) ਸੇਵਾਵਾਂ ਨਿਭਾ ਰਹੀ ਹੈ । ਬੇਟੀ ਡਾ. ਅਮਨਦੀਪ ਕੌਰ ਆਸਟ੍ਰੇਲੀਆ ਵਿਖੇ ਰਹਿ ਰਹੀ ਹੈ ਜਿਸ ਦਾ ਬੇਟਾ ਸਹਿਜਵੀਰ ਸਿੰਘ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਹੈ । ਬੇਟਾ ਇੰਜੀ: ਗਗਨਦੀਪ ਸਿੰਘ ਵੀ ਆਸਟ੍ਰੇਲੀਆ ਵਿਖੇ ਰਹਿ ਰਿਹਾ ਹੈ ।ਆਪਣੇ ਪਿੰਡ ਦੰਦਰਾਲਾ ਢੀਂਡਸਾ ਦੇ ਭਲੇ ਲਈ ਉਹ ਹਮੇਸ਼ਾ ਸੋਚਦੇ ਰਹਿੰਦੇ ਸਨ , ਲੋੜਵੰਦ ਬੱਚਿਆਂ ਲਈ ਮਦਦ ਕਰਨ ਲਈ , ਸਕੂਲ਼ ਦੀ ਕਿਸੇ ਜਰੂਰਤ ਨੂੰ ਪੂਰੀ ਕਰਨ ਲਈ ਮੇਰੇ ਨਾਲ ਫੋਨ ਉੱਪਰ ਉਨ੍ਹਾਂ ਗੱਲ਼ ਕੀਤੀ ਪਰ ਮੇਰੀ ਸਿਹਤ ਠੀਕ ਨਾ ਹੋਣ ਕਾਰਨ ਮੈਂ ਵੀ ਉਨ੍ਹਾਂ ਮਿਲ ਨਹੀਂ ਸਕਿਆ ਜਿਸ ਦਾ ਮੈਨੂੰ ਬਹੁਤ ਅਫਸੋਸ ਹੈ ।ਫੋਨ ‘ਤੇ ਮੇਰੀ ਉਨ੍ਹਾਂ ਨਾਲ ਅਕਸਰ ਗੱਲ ਹੁੰਦੀ ਰਹਿੰਦੀ । ਉਹ ਨਿਮਰਤਾ ਦੇ ਪੁੰਜ , ਮਿਹਨਤੀ ,ਇਮਾਨਦਾਰ , ਸਮਾਜ ਸੇਵਕ , ਸਰਬੱਤ ਦਾ ਭਲਾ ਸੋਚਣ ਵਾਲੇ ਨੇਕ ਇਨਸਾਨ ਸਨ ।ਉਹ ਸਮਾਜ ਲਈ ਰਾਹ ਦਸੇਰਾ ਸਨ ।ਉਹ 87 ਸਾਲ ਦੀ ਉਮਰ ਵਿੱਚ ਪੂਰੇ ਸਿਹਤਮੰਦ ਸਨ ਅਤੇ ਰੌਜਾਨਾ ਆਪਣੇ ਆਪ ਨੂੰ ਰੁਝੇਵਿਆਂ ਵਿੱਚ ਪ੍ਰੋਅ ਕੇ ਰੱਖਦੇ ਸਨ । ਉਹ 2 ਜੂਨ 2024 ਨੂੰ ਸੰਖੇਪ ਜਿਹੀ ਬਿਮਾਰੀ ਕਾਰਨ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ ।ਬਹੁਤ ਸਾਰੇ ਉਨ੍ਹਾਂ ਦੀ ਸੋਚ ਵਾਲੇ ਕੰਮ ਅਧੂਰੇ ਰਹਿਣ ਕਾਰਨ ਸਮਾਜ ਅਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ।ਉਨ੍ਹਾਂ ਦੀ ਨਮਿੱਤ ਵੈਰਾਗਮਈ ਕੀਰਤਨ ਅੰਤਿਮ ਅਰਦਾਸ ਗੁਰੂਦੁਆਰਾ ਸਿੰਘ ਸਭਾ , ਬੇਲਾ ਚੌਂਕ ਰੋਪੜ ਵਿਖੇ 7 ਜੂਨ 2024 ਦਿਨ ਸੁਕਰਵਾਰ ਨੂੰ ਦੁਪਿਹਰ ਬਾਅਦ ਹੋਈ ਜਿਸ ਵਿੱਚ ਉਨ੍ਹਾਂ ਨੂੰ ਸਰਧਾਂਜਲੀ ਭੇਟ ਕਰਨ ਲਈ ਹਲਕੇ ਦੇ ਵਿਧਾਇਕ ਸ੍ਰੀ ਦਿਨੇਸ਼ ਚੱਢਾ ਨੇ ਉਨ੍ਹਾਂ ਵਲੋਂ ਰੋਪੜ ਜਿਲ੍ਹੇ ਲਈ ਕੀਤੇ ਅਨੇਕਾਂ ਸਮਾਜ ਭਲਾਈ ਦੇ ਕੰਮਾਂ ਦੀ ਸਲਾਘਾ ਕੀਤੀ ।ਇਸੇ ਤਰ੍ਹਾਂ ਸਾਬਕਾ ਵਿਧਾਇਕ ਸ੍ਰ. ਭਾਗ ਸਿੰਘ ਨੇ ਲੰਬੇ ਸਮੇਂ ਤੋਂ ਉਨ੍ਹਾਂ ਨਾਲ ਸਬੰਧ ਹੋਣ ਦੀ ਗੱਲ ਕੀਤੀ ਅਤੇ ਉਨ੍ਹਾਂ ਦੀ ਸਖਸ਼ੀਅਤ ਦੀ ਤਾਰੀਫ ਕੀਤੀ ।ਨਹਿਰੂ ਯੁਵਕ ਕੇਂਦਰ ਰੋਪੜ ਦੀ ਦੇਣ ਕਲਾਕਾਰ ਅਤੇ ਵਿਧਾਇਕ ਬਲਕਾਰ ਸਿੰਘ ਸਿੱਧੂ , ਜਗਤਾਰ ਜੱਗਾ ਆਦਿ ਵੀ ਹਾਜ਼ਰ ਸਨ । ਇਸ ਸਮੇਂ ਨਾਮਵਰ ਸਖਸ਼ੀਅਤਾਂ ਜਿਨ੍ਹਾਂ ਵਿੱਚ ਸ਼੍ਰੀ ਖੁਸ਼ੀ ਰਾਮ ਆਈ.ਏ.ਐਸ. (ਰਿਟਾ:) , ਉੱਚ ਅਧਿਕਾਰੀ , ਸਮਾਜ ਸੇਵੀ , ਬਹੁਤ ਸਾਰੀਆਂ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ ।
ਅਖੀਰ ਵਿੱਚ ਉਨ੍ਹਾਂ ਦੀ ਬੇਟੀ ਪਵਨਪ੍ਰੀਤ ਕੌਰ ਡਾਇਰੈਕਟਰ ਹੈਲਥ ਵਿਭਾਗ ਪੰਜਾਬ ਨੇ ਆਪਣੇ ਪਿਤਾ ਜੀ ਵਲੋਂ ਚੌਵੀ ਘੰਟਿਆਂ ਨੂੰ ਸਮਾਂਬੱਧ ਕਰਕੇ ਉਪਯੋਗ ਕਰਨ ਦੀ ਨਸੀਅਤ ਨੂੰ ਸਾਂਝਾ ਕੀਤਾ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
..ਮੇਜਰ ਸਿੰਘ ਨਾਭਾ ਮੋ. 9463553962