ਪ੍ਰਤਿਭਾਸ਼ਾਲੀ ਅਧਿਆਪਕ ਹਰ ਦੇਸ਼ ਦਾ ਅਨਮੋਲ ਸਰਮਾਇਆ ਹੁੰਦੇ ਹਨ।ਉਹ ਦੇਸ਼ ਜਾਂ ਕੌਮ ਹਮੇਸ਼ਾ ਤਰੱਕੀ ਕਰਦੀ ਹੈ ਜਿਸ ਕੋਲ ਯੋਗ ਅਗਵਾਈ ਕਰਨ ਵਾਲੇ ਅਧਿਆਪਕ ਹੁੰਦੇ ਹਨ । ਇੱਕ ਅਧਿਆਪਕ ਆਪਣੇ-ਆਪ ਨੂੰ ਇੱਕ ਦੀਵੇ ਵਾਂਗੂੰ ਬਾਲ ਕੇ ਆਪਣੇ ਵਿਦਿਆਰਥੀਆਂ ਦੇ ਮਨ-ਮਸਤਕ ਵਿੱਚੋਂ ਅਗਿਆਨ ਦਾ ਹਨ੍ਹੇਰਾ ਦੂਰ ਕਰ ਵਿਦਿਆਰਥੀਆਂ ਦੇ ਜੀਵਨ ਨੂੰ ਗਿਆਨ ਦੇ ਚਾਨਣ ਨਾਲ ਭਰ ਦਿੰਦਾ ਹੈ ਅਤੇ ਉਸਨੂੰ ਜੀਵਨ ਵਿੱਚ ਸਫ਼ਲ ਹੋਣ ਲਈ ਉਸਦਾ ਹਰ ਕਦਮ ‘ਤੇ ਸੁਚੱਜਾ ਮਾਰਗ ਦਰਸ਼ਨ ਵੀ ਕਰਦਾ ਹੈ।
ਪੰਜ ਸਤੰਬਰ ਨੂੰ ਡਾ. ਰਾਧਾ ਕ੍ਰਿਸ਼ਨਨ ਸਰਵਪੱਲੀ ਜੀ ਦੇ ਜਨਮਦਿਨ ਨੂੰ ਪੂਰੇ ਭਾਰਤ ਵਰਸ਼ ਵਿੱਚ ਅਤੇ ਹੋਰਨਾਂ ਵੱਖ-ਵੱਖ ਦੇਸ਼ਾਂ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡਾ. ਰਾਧਾਕ੍ਰਿਸ਼ਨਨ ਸਰਵਪੱਲੀ ਜੀ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਰਹੇ ਹਨ । ਜਦੋਂ ਉਹਨਾਂ ਦੇ ਚਾਹੁਣ ਵਾਲਿਆਂ ਨੇ ਆਪ ਜੀ ਦੇ ਜਨਮ ਦਿਨ ਨੂੰ ਮਨਾਉਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਆਪ ਜੀ ਨੇ ਉਹਨਾਂ ਨੂੰ ਕਿਹਾ ਕਿ ਮੇਰੀ ਨਜ਼ਰ ਵਿੱਚ ਦੇਸ਼ ਦੇ ਵਿਕਾਸ ਵਿੱਚ ਸਭ ਤੋਂ ਵੱਡਾ ਯੋਗਦਾਨ ਪ੍ਰਤਿਭਾਸ਼ਾਲੀ ਅਧਿਆਪਕਾਂ ਹੈ ਜੋ ਸਾਡੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਦਾ ਮਾਰਗ ਦਰਸ਼ਨ ਕਰਦੇ ਹਨ । ਇਸ ਲਈ ਉਹਨਾਂ ਨੇ ਕਿਹਾ ਕਿ ਕਿੰਨਾਂ ਚੰਗਾ ਹੋਵੇਗਾ ਜੇਕਰ ਤੁਸੀਂ ਮੇਰੇ ਜਨਮਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਓ ਅਤੇ ਅਧਿਆਪਕਾਂ ਨੂੰ ਸਮਾਜ ਵਿੱਚ ਉਹਨਾਂ ਦਾ ਬਣਦਾ ਸਨਮਾਨ ਦਿਓ । ਉਸ ਦਿਨ ਤੋਂ 5 ਸਤੰਬਰ, 1962 ਤੋਂ ਲੈ ਕੇ ਅੱਜ ਤੱਕ ਇਹ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਰਕਾਰੀ ਅਤੇ ਗੈਰ ਸਰਕਾਰੀ ਵੱਖ – ਵੱਖ ਸੰਸਥਾਵਾਂ ਵੱਲੋਂ ਯੋਗ ਅਧਿਆਪਕਾਂ ਦੀ ਚੋਣ ਕਰਕੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ। ਸਾਰੇ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹਨ ਅਤੇ ਭਵਿੱਖ ਵਿੱਚ ਵੀ ਉਹਨਾਂ ਤੋਂ ਆਪਣੇ ਜੀਵਨ ਵਿੱਚ ਯੋਗ ਅਗਵਾਈ ਦੀ ਆਸ ਕਰਦੇ ਹਨ । ਬਹੁਤ ਸਾਰੀਆਂ ਸੰਸਥਾਵਾਂ ਵਿੱਚ ਇਸ ਦਿਨ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੀਆਂ ਜ਼ਿੰਮੇਵਾਰੀਆਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਜ਼ਿੰਮੇਵਾਰੀਆਂ ਸਾਂਭੀਆਂ ਜਾਂਦੀਆਂ ਹਨ ਤਾਂ ਜ਼ੋ ਉਹ ਆਪਣੇ ਆਪ ਨੂੰ ਇੱਕ ਦੂਜੇ ਦੇ ਸਥਾਨ ‘ਤੇ ਰੱਖ ਕੇ ਦੇਖਣ ਅਤੇ ਇੱਕ ਦੂਸਰੇ ਨੂੰ ਹੋਰ ਬੇਹਤਰ ਸਮਝ ਸਕਣ ਜਿਸ ਨਾਲ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਇਆ ਜਾ ਸਕੇ। ਇਸ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰਿਸ਼ਤੇ ਵਿੱਚ ਹੋਰ ਮਜ਼ਬੂਤੀ ਆਉਂਦੀ ਹੈ।
ਡਾ. ਰਾਧਾ ਕ੍ਰਿਸ਼ਨਨ ਸਰਵਪੱਲੀ ਜੀ ਆਪ ਗਿਆਨ ਦਾ ਜ਼ਖ਼ੀਰਾ ਸਨ । ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਵਿਅਕਤੀ ਕੋਲ ਗਿਆਨ ਦੀ ਦੌਲਤ ਹੈ ਉਹ ਇਸ ਦੁਨੀਆਂ ਦਾ ਅਮੀਰ ਵਿਅਕਤੀ ਹੈ। ਜੀਵਨ ਦਾ ਸਹੀ ਅਨੰਦ ਗਿਆਨ ਪ੍ਰਾਪਤ ਹੋਣ ਉਪਰੰਤ ਹੀ ਲਿਆ ਜਾ ਸਕਦਾ ਹੈ। ਉਹਨਾਂ ਦਾ ਇੱਕ ਕਥਨ ਹੈ ਕਿ ” ਅਧਿਆਪਕ ਦੇਸ਼ ਦੇ ਸਭ ਤੋਂ ਚੰਗੇ ਮਨ ਹੋਣੇ ਚਾਹੀਦੇ ਹਨ”। ਉਹਨਾਂ ਨੇ ਸਕੂਲਾਂ ਅਤੇ ਕਾਲਜਾਂ ਵਿੱਚ ਯੋਗ ਅਤੇ ਮਹਿਰ ਅਧਿਆਪਕਾਂ ਦਾ ਹੋਣਾ ਜ਼ਰੂਰੀ ਦੱਸਿਆ। ਉਹਨਾਂ ਕਹਿਣਾ ਸੀ ਕਿ ਸਾਡੇ ਅੱਜ ਦੇ ਵਿਦਿਆਰਥੀ ਸਾਡਾ ਕੱਲ੍ਹ ਦਾ ਭਵਿੱਖ ਹਨ । ਇਸ ਲਈ ਅਧਿਆਪਕਾਂ ਉਪਰ ਸਾਡੇ ਭਵਿੱਖ ਨਿਰਮਾਤਾਵਾਂ ਦੀ ਬਹੁਤ ਵੱਡੀ ਜਿੰਮੇਵਾਰੀ ਹੈ। ਇਸ ਲਈ ਉਹਨਾਂ ਦਾ ਹੁਨਰਮੰਦ ਹੋਣਾ ਬੇਹੱਦ ਜ਼ਰੂਰੀ ਹੈ। ਯੋਗ ਅਧਿਆਪਕ ਹੀ ਯੋਗ ਵਿਦਿਆਰਥੀਆਂ ਦੀ ਸਿਰਜਣਾ ਕਰਨਗੇ। ਵਿਦਿਆਰਥੀਆਂ ਦੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਕਰਨਗੇ। ਅਧਿਆਪਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਸਕੂਲਾਂ ਵਿੱਚ ਸਰਕਾਰਾਂ ਦੁਆਰਾ ਮੁੱਹਈਆ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਸਹੂਲਤਾਂ ਤੋਂ ਸੱਖਣੇ ਅਧਿਆਪਕ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਿਵੇਂ ਸ਼ਖਸ਼ਮ ਹੋ ਸਕਦੇ ਹਨ। ਅਧਿਆਪਕਾਂ ਦਾ ਆਪਣੇ ਵਿਸ਼ੇ ਦੇ ਮਾਹਿਰ ਹੋਣ ਦੇ ਨਾਲ਼ ਆਲ ਰਾਉਂਡਰ ਹੋਣਾ, ਅਧੁਨਿਕ ਤਕਨੀਕਾਂ ਦੀ ਵਰਤੋਂ ਵਿੱਚ ਵੀ ਨਿਪੁੰਨ ਹੋਣਾ ਜ਼ਰੂਰੀ ਹੈ। ਅਜਿਹੇ ਅਧਿਆਪਕਾਂ ਦੇ ਪੜ੍ਹਾਏ ਵਿਦਿਆਰਥੀਆਂ ਜੀਵਨ ਵਿੱਚ ਚੰਗੀ ਡਾਕਟਰ, ਨਿਰਪੱਖ ਅਤੇ ਨਿਡਰ ਜੱਜ, ਸਫ਼ਲ ਇੰਜਨੀਅਰ, ਵਿਗਿਆਨੀ ਜਾਂ ਉੱਚ ਸੋਬਿਆਂਂ ਤੇ ਵਿਰਾਜਮਾਨ ਹੋ ਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਦੇ ਹਨ।
ਪਰਮਾਤਮਾ ਨੇ ਸਾਨੂੰ ਇਸ ਦੁਨੀਆਂ ਨੂੰ ਦੇਖਣ ਲਈ ਦੋ ਨੇਤਰ ਦਿੱਤੇ ਹਨ ਪਰ ਗਿਆਨ ਮਨੁੱਖ ਦਾ ਤੀਸਰਾ ਨੇਤਰ ਹੈ ਜੋ ਸਾਨੂੰ ਅਣਦਿੱਸਦੇ ਨੂੰ ਦੇਣ ਦੇ ਯੋਗ ਬਣਾਉਂਦਾ ਹੈ। ਜਿਸ ਦੇਸ਼ ਵਿੱਚ ਲੋਕ ਪੜ੍ਹੇ-ਲਿਖੇ ਹੁੰਦੇ ਹਨ ਉੱਥੇ ਗ਼ਰੀਬੀ ਨਹੀਂ ਹੁੰਦੀ ਕਿਉਂਕਿ ਪੜ੍ਹ ਲਿਖ ਕੇ ਮਨੁੱਖ ਆਪਣੇ ਰੁਜ਼ਗਾਰ ਦਾ ਕੋਈ ਨਾ ਕੋਈ ਸਾਧਨ ਜ਼ਰੂਰ ਜੁਟਾ ਹੀ ਲੈਂਦਾ ਹੈ। ਉਹਨਾਂ ਦੇਸ਼ਾਂ ਵਿੱਚ ਲਿੰਗ ਅਸਮਾਨਤਾ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਕਿਉਂਕਿ ਔਰਤਾਂ ਵੀ ਪੜ੍ਹੀਆਂ ਲਿਖੀਆਂ ਹੋਣ ਕਾਰਨ ਪੁਰਸ਼ਾਂ ਦੀ ਤਰ੍ਹਾਂ ਕੰਮ ਕਰਦੀਆਂ ਅਤੇ ਧਨ ਕਮਾਉਂਦੀਆਂ ਹਨ । ਸਮਾਜ ਅੰਦਰ ਸੁਰੱਖਿਅਤ ਹਨ ਅਤੇ ਬੇਖੌਫ਼ ਹੋ ਕੇ ਵਿਚਰਦੀਆਂ ਹਨ। ਖੁੱਲ੍ਹ ਕੇ ਆਜ਼ਾਦੀ ਮਾਣਦੀਆਂ ਹਨ ।ਉਹਨਾਂ ਨੂੰ ਪੁਰਸ਼ ਦੀ ਤਰ੍ਹਾਂ ਸਮਾਜ ਵਿੱਚ ਆਦਰ ਸਤਿਕਾਰ ਦਿੱਤਾ ਜਾਂਦਾ ਹੈ। ਹਰ ਸਰਕਾਰ ਦੀ ਆਪਣੇ ਨਾਗਰਿਕਾਂ ਪ੍ਰਤਿ ਇਹ ਪਹਿਲੀ ਅਤੇ ਲਾਜ਼ਮੀ ਜ਼ਿੰਮੇਜਾਰੀ ਬਣਦੀ ਹੈ ਕਿ ਸਿੱਖਿਆ ਅਤੇ ਸਿਹਤ ਸਹੂਲਤ ਮੁਫ਼ਤੀ ਮੁਹੱਈਆ ਕਰਵਾਏ ਤਾਂ ਹਰ ਇੱਕ ਨਾਗਰਿਕ ਆਪਣੀ ਜ਼ਰੂਰਤ ਅਨੁਸਾਰ ਸਿੱਖਿਆ ਪ੍ਰਾਪਤ ਕਰ ਸਕੇ ਅਤੇ ਬਿਨਾਂ ਇਲਾਜ ਦੇ ਤੜਫ਼-ਤੜਫ਼ ਕੇ ਆਪਣੀ ਜਾਨ ਗਵਾਵੇ ਸਗੋਂ ਸਿਹਤਮੰਦ ਜੀਵਨ ਜਿਉਂਦੇ ਹੋਏ ਆਪਣੇ ਜੀਵਨ ਨੂੰ ਮਾਣ ਸਕੇ।ਅਜੋਕੀ ਨੌਜਵਾਨ ਪੀੜ੍ਹੀ ਦੇ ਦਿਲ ਵਿੱਚ ਆਪਣੇ ਗੁਰੂਆਂ ਅਤੇ ਅਧਿਆਪਕਾਂ ਵਿੱਚ ਪਹਿਲਾਂ ਵਰਗਾ ਸਤਿਕਾਰ ਅਤੇ ਸਮਰਪਣ ਦੀ ਭਾਵਨਾ ਨਜ਼ਰ ਨਹੀਂ ਆਉਂਦੀ। ਇਸ ਤਰ੍ਹਾਂ ਵਿਵਹਾਰ ਸਾਡੇ ਸਾਡੇ ਲਈ ਚਿੰਤਾਜਨਕ ਹੈ ਕਿਉਂਕਿ ਗਿਆਨ ਹਾਸਿਲ ਕਰਨ ਲਈ ਸ਼ਗਿਰਦ ਦੇ ਦਿਲ ਵਿੱਚ ਗੁਰੂ ਪ੍ਰਤਿ ਸਤਿਕਾਰ ਦਾ ਹੋਣਾ ਲਾਜ਼ਮੀ ਹੈ। ਸਤਿਕਾਰ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਹੋਣਾ ਸੰਭਵ ਨਹੀਂ ਹੈ। ਇੱਕ ਅਧਿਆਪਕ ਜਿਸਨੇ ਸਾਡੇ ਜੀਵਨ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਸਾਨੂੰ ਉਸਦਾ ਸਤਿਕਾਰ ਕਰਨਾ ਚਾਹੀਦਾ ਹੈ। ਸੇਵਾਵਾਂ ਦੌਰਾਨ ਹੀ ਨਹੀਂ ਬਲਕਿ ਸੇਵਾਵਾਂ ਨਿਭਾ ਕੇ ਰਿਟਾਇਰਮੈਂਟ ਲੈ ਚੁੱਕੇ ਅਧਿਆਪਕਾਂ ਨੂੰ ਵੀ ਸਮਾਜ ਵਿੱਚ ਬਣਦਾ ਮਾਣ ਦੇਣਾ ਚਾਹੀਦਾ ਹੈ। ਸਾਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿ ਜੇਕਰ ਸਾਡੇ ਅਧਿਆਪਕ ਨਾ ਹੁੰਦੇ ਅਤੇ ਸਾਡਾ ਮਾਰਗ ਦਰਸ਼ਨ ਨਾ ਕਰਦੇ ਤਾਂ ਅੱਜ ਸਾਡਾ ਜੀਵਨ ਕੁੱਝ ਹੋਰ ਹੋਣਾ ਸੀ ਇਸ ਲਈ ਆਪਣੇ ਅਧਿਆਪਕਾਂ ਦਾ ਹਮੇਸ਼ਾ ਸਤਿਕਾਰ ਕਰੋ ਉਹਨਾਂ ਤੋਂ ਜੀਵਨ ਵਿੱਚ ਯੋਗ ਅਗਵਾਈ ਲੈਣ ਕੇ ਹੀ ਅਸੀਂ ਸਫ਼ਲਤਾ ਦੀ ਪੌੜੀ ਦਰ ਪੌੜੀ ਚੜ੍ਹਦੇ ਜਾਵਾਂਗੇ ਅਤੇ ਇੱਕ ਆਪਣੀ ਮੰਜ਼ਿਲ ‘ਤੇ ਪੁੱਜ ਜਾਵਾਂਗੇ।
ਪਰਮ ‘ਪ੍ਰੀਤ’ ਬਠਿੰਡਾ
ਅਧਿਆਪਕਾ ਅਤੇ ਸ਼ਾਇਰਾ
ਸਰਕਾਰੀ ਹਾਈ ਸਕੂਲ ਮਲਕਾਣਾ
Leave a Comment
Your email address will not be published. Required fields are marked with *