ਦੁਨੀਆਂ ਨਾਲ ਬਣਾ ਕੇ ਰੱਖ ਘਰ ਵਿਚ ਕੰਜਰ ਖ਼ਾਨਾ ਰੱਖ।
ਵਿੱਚੋਂ ਵਿੱਚੋਂ ਵੱਢੀ ਚਲ ਮੁੱਖ ਉਪਰ ਅਫ਼ਸਾਨਾ ਰੱਖ।
ਕਿੰਨਾ ਕੁ ਚਿਰ ਵਰਗੀ ਵਿਚ ਅਪਣਾ ਵਕ਼ਤ ਗੁਜਾਰੇਂਗਾ,
ਸਜਣਾਂ ਨੇ ਨਾਲ ਤੋੜੀ ਜਾ ਗ਼ੈਰਾਂ ਨਾਲ ਯਾਰਾਨਾ ਰੱਖ।
ਫੇਰ ਤਿਰੇ ਨਾਲ ਯਾਰਾਨੇ ਪਾਣੇਂ ਜਾਂ ਕਿ ਪਾਣੇਂ ਨਈਂ,
ਪਹਿਲਾਂ ਤੂੰ ਸਾਡੇ ਨਾਲ ਹਿਸਾਬ ਕਿਤਾਬ ਪੁਰਾਣਾ ਰੱਖ।
ਆਤਮ ਬਲ ਦੀ ਸ਼ਕਤੀ ਬੰਦੇ ਨੂੰ ਮਜ਼ਬੂਤ ਬਣਾਉਂਦੀ,
ਜੇਕਰ ਜੀਣਾ ਚਾਹੁੰਣਾ ਏਂ ਪੈਰਾਂ ਹੇਠ ਜ਼ਮਾਨਾ ਰੱਖ।
ਜੇ ਇਸ ਦੁਨੀਆਂ ਨੂੰ ਜਿਤਣਾ ਅਪਣੇ ਅਸਲ ਇਰਾਦੇ ਵਿਚ,
ਦਿਲ ਵਿਚ ਭੇਦ ਛੁਪਾ ਕੇ ਰੱਖ ਹੋਠਾਂ ਉਪਰ ਤਰਾਨਾ ਰੱਖ।
ਅਗਰ ਬੁਲੰਦੀ ਚਾਹੁੰਣਾ ਏਂ ਅਪਣੇ ਨਿਰਮਲ ਮਨ ਦੇ ਨਾਲ,
ਉਸਤਾਦਾਂ ਦੀ ਸੰਗਤ ਵਿਚ ਅਪਣਾ ਆਣਾ-ਜਾਣਾ ਰੱਖ।
ਮਨ ਦੇ ਵਿੱਚ ਇਕਾਗਰਤਾ ਦੀ ਜੋਤ ਜਗਾਉਣਾ ਚਾਹੁੰਣੈਂ,
ਭਟਕਣ ਵਾਲੀਆਂ ਗਲੀਆਂ ਛੱਡ ਇੱਕ ਵਜੂਦ ਟਿਕਾਣਾ ਰੱਖ।
ਅਗਰ ਸਿਆਸਤ ਦੇ ਵਿਚ ਉਚੀ ਹਸਤੀ ਬਣਨਾ ਚਾਹੁੰਣੈਂ,
ਏਧਰ ਹੋਰ ਤਰਾਨਾ ਰੱਖ ਉਧਰ ਹੋਰ ਫਸਾਨਾ ਰੱਖ।
ਬਾਲਮ ਜੀਵਨ ਬਿਲਕੁਲ ਛੋਟਾ ਚੰਗੇ ਢੰਗ ਨਾਲ ਬਿਤਾ,
ਕੋਈ ਨਾ ਕੋਈ ਤਾਂ ਮੌਸਮ ਅਪਣੇ ਕੋਲ ਸੁਹਾਣਾ ਰੱਖ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409