ਆਖਿਆ! ਨਵਾਂ ਪ੍ਰਧਾਨ ਨਵੀਂ ਸੋਚ ਨਾਲ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਵੇਗਾ
ਕੋਟਕਪੂਰਾ, 25 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਦਾ ਪੰਜਾਬ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਬਣਾਏ ਜਾਣ ’ਤੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਇਸ ਨਿਯੁਕਤੀ ਨਾਲ ਵਰਕਰਾਂ ਵਿੱਚ ਨਵੀਂ ਰੂਹ ਫੂਕੀ ਜਾਵੇਗੀ ਤੇ ਪਾਰਟੀ ਹੋਰ ਬੁਲੰਦੀਆਂ ਨੂੰ ਛੂਹੇਗੀ| ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੰਦੀਪ ਸਿੰਘ ਕੰਮੇਆਣਾ ਨੇ ਕਰਦਿਆਂ ਕਿਹਾ ਕਿ ਅਮਨ ਅਰੋੜਾ ਬਹੁਤ ਹੀ ਸੁਲਝੇ ਹੋਏ ਆਗੂ ਹਨ ਅਤੇ ਉਹ ਸ਼ੁਰੂ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਹਨ| ਉਹਨਾਂ ਦਾ ਹਰ ਪਾਰਟੀ ਆਗੂ ਤੇ ਵਰਕਰ ਸਤਿਕਾਰ ਕਰਦਾ ਹੈ, ਕਿਉਂਕਿ ਉਹ ਹਰ ਛੋਟੇ-ਵੱਡੇ ਨੂੰ ਨਾਲ ਲੈ ਕੇ ਚੱਲਣ ਵਾਲੇ ਜ਼ਮੀਨ ਨਾਲ ਜੁੜੇ ਹੋਏ ਆਗੂਆਂ ਵਿੱਚੋਂ ਇਕ ਹਨ| ਇਹੀ ਕਾਰਨ ਹੈ ਕਿ ਉਹ ਦੋ ਵਾਰ ਲਗਾਤਾਰ ਵਿਧਾਇਕ ਚੁਣੇ ਜਾ ਚੁੱਕੇ ਹਨ ਅਤੇ ਇਸ ਵਾਰ ਉਹ ਕੈਬਨਿਟ ਮੰਤਰੀ ਦੇ ਅਹੁਦੇ ਤੱਕ ਵੀ ਪਹੁੰਚੇ ਹਨ| ਸੰਦੀਪ ਸਿੰਘ ਕੰਮੇਆਣਾ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਹੋਰ ਵਿਸਥਾਰ ਹੋਵੇਗਾ, ਕਿਉਂਕਿ ਨਵਾਂ ਪ੍ਰਧਾਨ ਨਵੀਂ ਸੋਚ ਨਾਲ ਨਵ-ਨਿਯੁਕਤ ਪ੍ਰਧਾਨ ਅਮਨ ਅਰੋੜਾ ਪਾਰਟੀ ਨੂੰ ਅੱਗੇ ਲੈ ਕੇ ਜਾਵੇਗਾ, ਜਿਸ ਨਾਲ ਵਰਕਰਾਂ ਵਿੱਚ ਨਵੀਂ ਖਿੱਚ ਤੇ ਨਵੀਂ ਊਰਜਾ ਪੈਦਾ ਹੋਵੇਗੀ| ਸੰਦੀਪ ਸਿੰਘ ਕੰਮੇਆਣਾ ਨੇ ਦੱਸਿਆ ਕਿ ਅਮਨ ਅਰੋੜਾ ਨੇ ਪਹਿਲੀ ਵਾਰ ਵਿਧਾਇਕ ਵਜੋਂ ਮਾਰਚ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ| ਇਸ ਤੋਂ ਬਾਅਦ 2022 ਵਿਚ ਉਹ ਸੁਨਾਮ ਤੋਂ ਮੁੜ ਵਿਧਾਇਕ ਚੁਣੇ ਗਏ, ਉਹ ’ਆਪ’ ਦੀ ਪੰਜਾਬ ਸੂਬਾ ਇਕਾਈ ਦੇ ਸਹਿ-ਪ੍ਰਧਾਨ ਵੀ ਰਹੇ ਹਨ| ਉਹ ਪੰਜਾਬ ਦੇ ਦੋ ਵਾਰ ਵਿਧਾਇਕ ਅਤੇ ਮੰਤਰੀ ਰਹੇ ਭਗਵਾਨ ਦਾਸ ਅਰੋੜਾ ਦੇ ਪੁੱਤਰ ਹਨ| ਉਹ ਛੋਟੀ ਉਮਰ ਵਿੱਚ ਹੀ ਰਾਜਨੀਤੀ ਵਿੱਚ ਸ਼ਾਮਲ ਹੋ ਗਏ ਸਨ| ਇਸ ਤੋਂ ਪਹਿਲਾਂ ਅਮਨ ਅਰੋੜਾ ਸੁਨਾਮ ਤੋਂ ਦੇ ਵਾਰ 2007 ਅਤੇ 2012 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਟਿਕਟ ’ਤੇ ਸੁਨਾਮ ਤੋਂ ਹੀ ਚੋਣ ਲੜੇ ਸਨ ਪਰ ਜਿੱਤ ਹਾਸਲ ਨਹੀਂ ਸੀ ਹੋਈ| ਜਨਵਰੀ 2016 ਵਿੱਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਉਹ ਆਪ ਵਿੱਚ ਸ਼ਾਮਲ ਹੋ ਗਏ| ਇਸ ਤੋਂ ਬਾਅਦ ਪੰਜਾਬ ਵਿੱਚ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ| ਅਮਨ ਅਰੋੜਾ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ’ਤੇ ਅਮਰੀਕ ਸਿੰਘ ਸਰਪੰਚ ਡੱਗੋਰੋਮਾਣਾ, ਚਮਕੌਰ ਸਿੰਘ ਸਰਪੰਚ ਹਰੀਏਵਾਲਾ, ਯਾਦਵਿੰਦਰ ਸਿੰਘ ਸਰਪੰਚ ਦਾਨਾਰੋਮਾਣਾ, ਗੁਰਦੀਪ ਸ਼ਰਮਾ ਬਲਾਕ ਪ੍ਰਧਾਨ ਅਤੇ ਜਗਦੀਪ ਸਿੰਘ ‘ਆਪ’ ਆਗੂ ਆਦਿ ਨੇ ਵੀ ਵਧਾਈ ਦਿੱਤੀ ਹੈ|
Leave a Comment
Your email address will not be published. Required fields are marked with *