ਲੁਟੇਰੇ ਬਾਈਕ ਤੇ ਨਕਦੀ ਵਾਲਾ ਬੈਗ ਲੈ ਕੇ ਹੋਏ ਫਰਾਰ, ਮਾਮਲਾ ਦਰਜ
ਕੋਟਕਪੂਰਾ, 8 ਜੁਲਾਈ (ਟਿੰਕੁ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਤੜਕਸਾਰ ਅਮਰਨਾਥ ਯਾਤਰਾ ’ਤੇ ਮੋਟਰਸਾਈਕਲਾਂ ’ਤੇ ਜਾ ਰਹੇ ਇਕ ਜੱਥੇ ਉੱਪਰ ਪਿੰਡ ਚਹਿਲ (ਫਰੀਦਕੋਟ) ਵਿਖੇ ਪਹਿਲਾਂ ਤੋਂ ਹੀ ਘਾਤ ਲਾਈ ਬੈਠੇ ਕੁਝ ਲੁਟੇਰਿਆਂ ਨੇ ਲੁੱਟ ਖੋਹ ਦੀ ਨੀਯਤ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਤਿੰਨ ਯਾਤਰੀਆਂ ਨੂੰ ਤੇਜਧਾਰ ਹਥਿਆਰਾਂ ਦੇ ਵਾਰ ਨਾਲ ਜਖਮੀ ਲੁਟੇਰੇ ਬਾਈਕ ਤੇ ਨਕਦੀ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਫਰੀਦਕੋਟ ਦੇ ਐੱਸ.ਆਈ. ਚਮਕੌਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 3:00 ਵਜੇ ਨੈਸ਼ਨਲ ਹਾਈਵੇ-54ਵੇਂ ’ਤੇ ਵਾਪਰੀ। ਉਨਾਂ ਦੱਸਿਆ ਕਿ ਜੀਦਾ (ਬਠਿੰਡਾ) ਤੋਂ ਕਰੀਬ 11 ਮੋਟਰਸਾਈਕਲਾਂ ’ਤੇ 22 ਸ਼ਰਧਾਲੂ ਸ਼੍ਰੀ ਅਮਰਨਾਥ ਯਾਤਰਾ ਲਈ ਸਵੇਰੇ ਕਰੀਬ 2:00 ਵਜੇ ਚੱਲੇ ਸਨ ਅਤੇ ਇਹ ਜੱਥਾ ਜਦੋਂ 3:00 ਵਜੇ ਪਿੰਡ ਚਹਿਲ (ਫਰੀਦਕੋਟ) ਸੇਮ ਨਾਲ਼ੇ ਕੋਲ ਪੁੱਜਾ ਤਾਂ ਤਿੰਨ ਲੁਟੇਰਿਆਂ ਨੇ ਇਕ ਬਾਈਕ ’ਤੇ ਤੇਜਧਾਰ ਹਥਿਆਰ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਇਕ ਯਾਤਰੀ ਦੇ ਹੱਥ ਦੀ ਉਂਗਲ ਕੱਟੀ ਗਈ ਅਤੇ ਦੂਜੇ ਦੇ ਲੋਡ ’ਤੇ ਸੱਟਾਂ ਵੱਜੀਆਂ। ਉਨਾਂ ਦੱਸਿਆ ਕਿ ਮੌਕੇ ’ਤੇ ਹੋਈ ਹੱਥੋਪਾਈ ਦੌਰਾਨ ਜਦ ਸ਼ਰਧਾਲੂਆਂ ਦੀ ਬਾਈਕ ਹੇਠਾਂ ਡਿੱਗ ਪਈ ਤਾਂ ਸ਼ਰਧਾਲੂ ਆਪਣੀ ਜਾਨ ਬਚਾਉਣ ਲਈ ਜਦ ਖੇਤ ਵੱਲ ਭੱਜ ਗਏ ਤਾਂ ਲੁਟੇਰੇ ਬਾਇਕ, ਨਕਦੀ ਅਤੇ ਹੋਰ ਸਾਮਾਨ ਨਾਲ ਭਰੇ ਦੇ ਬੈਗ ਲੈ ਕੇ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਏ.ਐੱਸ.ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਲੈ ਕੇ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਇਨਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਘਟਨਾ ਵਿੱਚ ਜਖਮੀ ਸ਼ਰਧਾਲੂ ਅਜੇ ਕੁਮਾਰ, ਕੇਵਲ ਸਿੰਘ ਅਤੇ ਸੰਜੀਵ ਕੁਮਾਰ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਵਾ ਦਿੱਤੀ ਗਈ ਹੈ। ਉਕਤ ਤਿੰਨੇ ਜਖਮੀ ਸਰਧਾਲੂਆਂ ਨੇ ਦੱਸਿਆ ਕਿ ਬੈਗ ਵਿੱਚ ਕੱਪੜੇ, ਨਕਦੀ, ਏ ਟੀ.ਐਮ. ਕਾਰਡ ਅਤੇ ਬਾਈਕ ਦੇ ਕਾਗਜਾਤ ਤੋਂ ਇਲਾਵਾ ਹੋਰ ਵੀ ਸਾਮਾਨ ਸੀ, ਜੋ ਲੁਟੇਰੇ ਬਾਈਕ ਸਮੇਤ ਲੈ ਗਏ। ਉਹਨਾਂ ਦੱਸਿਆ ਕਿ ਪੀੜਤ ਅਜੈ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਸਦਰ ਥਾਣਾ ਫਰੀਦਕੋਟ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।