ਸਮੁੱਚੀ ਦੁਨੀਆਂ ਤੇ ਆਲਮੀ ਤਪਸ਼ ਵਧਦੀ ਜਾ ਰਹੀ ਹੈ। ਓਜ਼ੋਨ ਪਰਤ ਵਿਚਲੀ ਮੋਰੀ ਦਿਨੋ ਦਿਨ ਵੱਡੀ ਹੋ ਰਹੀ ਹੈ। ਇਸ ਆਲਮੀ ਤਪਸ਼ ਦਾ ਜ਼ਿੰਮੇਵਾਰ ਮਨੁੱਖ ਹੈ, ਜਿਸ ਨੇ ਕੁਦਰਤ ਦੀ ਸਿਰਜਣਾ ਦਾ ਵਿਕਾਸ ਦੇ ਨਾਂ ਥੱਲੇ ਵਿਨਾਸ਼ ਕਰ ਦਿੱਤਾ ਹੈ। ਵਾਤਾਵਰਨ ਨੂੰ ਮਨੁੱਖ ਗੰਧਲਾ ਕਰ ਰਿਹਾ ਹੈ। ਹਵਾ ਮਿੱਟੀ ਪਾਣੀ ਤੇ ਹੋਰ ਸੋਮਿਆਂ ਨੂੰ ਦੂਸ਼ਿਤ ਕਰ ਰਿਹਾ ਹੈ। ਜੰਗਲਾਂ ਦੀ ਕਟਾਈ ਨਵੀਆਂ ਕਲੋਨੀਆਂ ਬਣਾਉਣ ਲਈ, ਨਵੇਂ ਨਵੇਂ ਕਾਰਖਾਨੇ ਲਾਉਣ ਲਈ ਵੱਡੀਆਂ ਚੌੜੀਆਂ ਸੜਕਾਂ ਬਣਾਉਣ ਲਈ ਕਰ ਰਿਹਾ ਹੈ। ਅਜੋਕੀ ਦੁਨੀਆਂ ਦੇ ਇਸ ਵਿਕਾਸ ਦੀ ਹਨੇਰੀ ਦੇ ਵਹਿਣ ਦੇ ਉਲਟ ਨਹੀਂ ਚਲ ਸਕਦੇ ਪਰ ਇਸ ਵਹਾਅ ਵਿਚ ਚੰਗੀ ਸੂਝ-ਬੂਝ ਨਾਲ ਵਹਿ ਸਕਦੇ ਹਾਂ। ਸੋਮਿਆਂ ਨੂੰ ਮੁੱਖ ਰੱਖ ਕੇ ਚੀਜ਼ਾਂ ਵਸਤੂਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਖ਼ੈਰ ਬਹੁਤ ਸਾਰੀਆਂ ਚੇਤੰਨ ਸੰਸਥਾਵਾਂ ਲੋਕ ਵਾਤਾਵਰਨ ਬਚਾਉਣ ਲਈ ਬਹੁਤ ਸਾਰੀਆਂ ਗਤੀਵਿਧੀਆਂ ਤਹਿਤ ਆਪਣਾ ਬਣਦਾ ਸਰਦਾ ਯੋਗਦਾਨ ਪਾ ਰਹੇ ਹਨ। ਵਾਤਾਵਰਨ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਈਏ। ਅਸੀਂ ਓਸ ਮਹਾਨ ਧਰਤੀ ‘ਤੇ ਜਨਮੇ ਹਾਂ, ਜਿਸ ਧਰਤੀ ‘ਤੇ ਗੁਰੂਆਂ/ਪੀਰਾਂ ਨੇ ਜਨਮ ਲਿਆ। ਬਾਬਾ ਸ਼ੇਖ ਫਰੀਦ ਜੀ ਆਪਣੀ ਬਾਣੀ ਵਿੱਚ ਰੁੱਖਾਂ ਦੀ ਮਹਾਨਤਾ ਨੂੰ ਬਿਆਨਦਿਆਂ,” ਫ਼ਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ।। ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ॥ ਰੁੱਖਾਂ ਦੇ ਵਿਸ਼ਾਲ ਜਿਗਰੇ ਜੇਰੇ ਦੀ ਗੱਲ ਕੀਤੀ ਹੈ। ਕਿਸ ਤਰ੍ਹਾਂ ਰੁੱਖ ਧੁੱਪਾਂ ਸਹਿ ਕੇ ਸਾਨੂੰ ਛਾਵਾਂ ਪ੍ਰਦਾਨ ਕਰਦੇ ਹਨ। ਏਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।” ਵਰਗੇ ਸ਼ਬਦਾਂ ਰਾਹੀਂ ਸਾਨੂੰ ਧਰਤੀ ਹਵਾ ਪਾਣੀ ਕੁਦਰਤੀ ਵਰਦਾਨ ਨੂੰ ਸੰਭਾਲਣ ਲਈ ਕਿਹਾ। ਓਹਨਾਂ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਗੁਰੂ, ਆਪਣੇ ਪਿਤਾ ਅਤੇ ਮਾਤਾ ਜੀ ਦਾ ਸਤਿਕਾਰ ਕਰਦੇ ਹਾਂ ਓਹਨਾਂ ਦੀ ਸੰਭਾਲ ਕਰਦੇ ਹਾਂ, ਓਸੇ ਤਰ੍ਹਾਂ ਸਾਨੂੰ ਹਵਾ, ਪਾਣੀ ਅਤੇ ਧਰਤੀ ਦੀ ਪਾਲਣਾ ਕਰਨੀ ਚਾਹੀਦੀ ਹੈ। ਸੋ ਸਾਡਾ ਫਰਜ਼ ਬਣਦਾ ਹੈ ਕਿ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਪੂਰਾ ਕਰਨ ਲਈ, ਆਪਣੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਈਏ। ਇਕ ਰੁੱਖ ਨਾਲ ਬਹੁਤ ਕੁਝ ਜੁੜਿਆ ਹੋਇਆ ਹੈ। ਰੁੱਖ ਜਿੱਥੇ ਮਨੁੱਖ ਨੂੰ ਜਿਉਂਦੇ ਰਹਿਣ ਲਈ ਆਕਸੀਜਨ, ਨਿਰੋਗ ਸਿਹਤ ਲਈ ਜੜ੍ਹੀ ਬੂਟੀਆਂ ਤੋਂ ਦਵਾਈ, ਪੇਟ ਦੀ ਭੁੱਖ ਮਿਟਾਉਣ ਲਈ ਫ਼ਲ, ਚੁੱਲ੍ਹੇ ਤਪਾਉਂਣ ਲਈ ਬਾਲਣ ਅਤੇ ਧੁੱਪ ਤੋਂ ਬਚਣ ਲਈ ਠੰਡੀਆਂ ਛਾਵਾਂ, ਦਿੰਦੇ ਹਨ ਓਥੇ ਹੀ ਪੰਛੀਆਂ ਅਤੇ ਜਨੌਰਾਂ ਨੂੰ ਰਹਿਣ ਬਸੇਰਾ ਪ੍ਰਦਾਨ ਕਰਦੇ ਹਨ। ਰੁੱਖਾਂ ਵਾਲੇ ਘਰਾਂ ਜਾਂ ਥਾਵਾਂ ‘ਤੇ ਸਿੱਧੇ ਰੂਪ ਵਿੱਚ ਕੁਦਰਤ ਦਾ ਅਨੰਦ ਮਾਣਿਆ ਜਾ ਸਕਦਾ ਹੈ। ਚਹਿਚਹਾਉਂਦੇ ਪੰਛੀਆਂ ਦੀ ਸਵੇਰ ਮਨ ਨੂੰ ਸਕੂਨ ਦਿੰਦੀ ਹੈ। ਮਨ ਖ਼ੁਸ਼ ਅਤੇ ਸ਼ਾਂਤ ਰੱਖਦੇ ਹਨ। ਸ਼ਾਇਦ ਏਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੋਣੈ,”ਬਲਿਹਾਰੀ ਕੁਦਰਤਿ ਵਸਿਆ।।”
ਪੰਜਾਬੀ ਦੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਵੀ ਆਪਣੀ ਕਵਿਤਾ ਰਾਹੀਂ ਰੁੱਖਾਂ ਨੂੰ ਆਪਣੇ ਭੈਣ ਭਰਾਵਾਂ ਮਾਪਿਆਂ ਵਰਗੇ ਦੁਨਿਆਵੀ ਰਿਸ਼ਤਿਆਂ ਨਾਲ ਜੋੜਿਆ ਹੈ।
ਆਓ 5 ਜੂਨ ਨੂੰ ਵਾਤਾਵਰਣ ਦਿਵਸ ਮੌਕੇ ਹੀ ਨਹੀਂ ਹਰ ਖੁਸ਼ੀ ਗਮੀ ਦੇ ਮੌਕੇ ਰੁੱਖ ਲਾ ਕੇ ਓਹਨਾਂ ਦੀ ਸੰਭਾਲ ਵੀ ਕਰੀਏ ਅਤੇ ਸਿਹਤਮੰਦ ਵਾਤਾਵਰਨ ਸਿਰਜੀਏ ਤਾਂ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੇ ਜਾਣ ਲਈ ਆਪਣੇ ਹਿੱਸੇ ਦਾ ਬਣਦਾ ਯੋਗਦਾਨ ਪਾਈਏ।
ਰਵਿੰਦਰ ਸਿੰਘ ਸ.ਸ. ਮਾਸਟਰ ਪੀ.ਐਮ.ਸ੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ।
ਮੋਬਾਈਲ ਨੰਬਰ 83601-37965