ਅੱਜ ਲੋੜ ਹੈ ਵਿਦਿਆਰਥੀਆਂ ਦੇ ਮਨਾਂ ਨੂੰ ਸਮਝਣ ਦੀ, ਉਹਨਾਂ ਨੂੰ ਠੀਕ ਰਾਹ ਪਾਉਣ ਦੀ, ਨੈਤਿਕ ਗੁਣਾਂ ਦਾ ਵਿਕਾਸ ਕਰਨ ਦੀ| ਉਹਨਾਂ ਨੂੰ ਜੀਵਨ ਵਿੱਚ ਵਿਦਿਆ ਅਤੇ ਗਿਆਨ ਦਾ ਮਹੱਤਵ ਸਮਝਾਉਣ ਦੀ ਤਾਂ ਜੋ ਉਹ ਪੜਾਈ ਨਾਲ ਜੁੜ ਸਕਣ| ਅਧਿਆਪਕ ਨਾਲ ਬੱਚੇ ਦਾ ਇਕ ਰੂਹ ਦਾ ਰਿਸ਼ਤਾ ਹੁੰਦਾ ਹੈ| ਅਧਿਆਪਕ ਹਰ ਵਿਸ਼ੇ ਨੂੰ ਪਿਆਰ ਅਤੇ ਸਬਰ ਨਾਲ ਪੜਾਵੇ, ਵਿਦਿਆਰਥੀ ਦੀ ਕਮਜ਼ੋਰੀ ਜਾਂ ਨਲਾਇਕੀ ਦਾ ਮਜ਼ਾਕ ਉੜਾਉਣ ਦੀ ਬਜਾਏ ਉਸ ਦੇ ਹਰੇਕ ਛੋਟੇ ਤੋਂ ਛੋਟੇ ਕੰਮ ਤੇ ਹਲਾਸ਼ੇਰੀ ਦੇਵੇ, ਉਸ ਨੂੰ ਉਤਸ਼ਾਹਿਤ ਕਰੇ ਤਾਂ ਸ਼ਾਇਦ ਉਹ ਜਿੰਦਗੀ ਦੀ ਦੌੜ ਵਿੱਚ ਖੜਾ ਹੋ ਸਕਦਾ| ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਾਡੇ ਬਹੁਤੇ ਵਿਦਿਆਰਥੀਆਂ ਦੇ ਮਾਪੇ ਪਿਛੜੇ ਹੋਏ ਹਨ, ਘਰਾਂ ਦੇ ਹਾਲਾਤ ਮਾੜੇ ਹਨ, ਘਰ ਵਿੱਚ ਗਰੀਬੀ ਅਤੇ ਅਨਪੜਤਾ ਹੈ, ਅਜਿਹੇ ਹਾਲਾਤਾਂ ਵਿੱਚ ਉਹਨਾਂ ਵਿਦਿਆਰਥੀਆਂ ਅੰਦਰ ਇਕ ਜੋਸ਼, ਜੀਵਨ ਨੂੰ ਜਿਉਣ ਅਤੇ ਕੁਝ ਕਰ ਵਿਖਾਉਣ ਦੀ ਉਮੀਦ ਭਰਨਾ ਅਧਿਆਪਕ ਦਾ ਮੁੱਖ ਫਰਜ਼ ਹੈ|
ਪਰਮਾਤਮਾ ਨੇ ਇਸ ਦੁਨੀਆਂ ਤੇ ਵੱਖ ਵੱਖ ਤਰ੍ਹਾਂ ਦੇ ਪ੍ਰਾਣੀ ਭੇਜੇ ਹਨ।ਸਾਰੀ ਦੁਨੀਆਂ ਵਿੱਚ ਇਹੋ ਜਿਹੇ ਵਿਅਕਤੀ ਮਿਲਣੇ ਬਹੁਤ ਹੀ ਮੁਸ਼ਕਿਲ ਹਨ ਜਿੰਨਾਂ ਵਿੱਚ ਸਾਰੇ ਦੇ ਸਾਰੇ ਗੁਣ ਮੌਜੂਦ ਹੋਣ।ਹਰੇਕ ਵਿਅਕਤੀ ਅੰਦਰ ਕੋਈ ਨਾ ਕੋਈ ਔਗੁਣ ਵੀ ਹੁੰਦਾ ਹੈ ।ਪਰ ਜੇਕਰ ਆਪਾ ਸਕੂਲ ਵਿੱਚ ਪੜਦੇ ਵਿਦਿਆਰਥੀਆ ਦੀ ਗੱਲ ਕਰੀਏ ਤਾਂ ਇਕ ਕਲਾਸ ਵਿੱਚ ਪੜਦੇ ਅਲੱਗ ਅਲੱਗ ਵਿਦਿਆਰਥੀਆਂ ਵਿੱਚ ਅਲੱਗ ਅਲੱਗ ਗੁਣ ਹੋਣਗੇ ।ਕੋਈ ਵਿਦਿਆਰਥੀ ਪੜ੍ਹਾਈ ਵਿੱਚ ਹੁਸ਼ਿਆਰ ਹੋਵੇਗਾ, ਕੋਈ ਵਿਦਿਆਰਥੀ ਖੇਡਾਂ ਵਿੱਚ ਅੱਗੇ ਹੋਵੇਗਾ, ਕੋਈ ਵਿਦਿਆਰਥੀ ਸਾਇੰਸ ਮਾਡਲ ਬਣਾਉਣ ਵਿੱਚ ਅੱਗੇ ਹੋਵੇਗਾ, ਕੋਈ ਵਿਦਿਆਰਥੀ ਭਾਸ਼ਣ ਦੇਣ ਵਿੱਚ ਅੱਗੇ ਹੋਵੇਗਾ, ਕੋਈ ਵਿਦਿਆਰਥੀ ਲੇਖ ਲਿਖਣ ਵਿੱਚ ਅੱਗੇ ਹੋਵੇਗਾ, ਕੋਈ ਵਿਦਿਆਰਥੀ ਡਰਾਇੰਗ ਵਿੱਚ ਅੱਗੇ ਹੋਵੇਗਾ ।ਪਰ ਕਈ ਵਾਰ ਪੜਾਈ ਵਿੱਚ ਹੁਸ਼ਿਆਰ ਵਿਦਿਆਰਥੀਆ ਨੂੰ ਹੀ ਸਾਰੇ ਪਾਸੇ ਅੱਗੇ ਆਉਣ ਦੇ ਮੋਕੇ ਮਿਲਦੇ ਹਨ ਅਤੇ ਪੜਾਈ ਵਿਚੋ ਕਮਜੋਰ ਹੋਣ ਵਾਲੇ ਵਿਦਿਆਰਥੀਆਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ।ਅਧਿਆਪਕਾ ਨੂੰ ਚਾਹੀਦਾ ਹੈ ਕਿ ਇਕ ਜਮਾਤ ਦੇ ਸਾਰੇ ਵਿਦਿਆਰਥੀਆਂ ਦੇ ਗੁਣਾਂ ਦੀ ਪਹਿਚਾਣ ਕੀਤੀ ਜਾਵੇ ,ਜਿਹੜੇ ਵੀ ਵਿਦਿਆਰਥੀ ਵਿੱਚ ਜਿਹੜਾ ਵੀ ਗੁਣ ਹੈ ਉਸ ਨੂੰ ਉਸ ਗੁਣ ਦੇ ਹਿਸਾਬ ਨਾਲ ਉਸ ਫੀਲਡ ਵਿੱਚ ਅੱਗੇ ਲਿਆਂਦਾ ਜਾਵੇ।ਜਦੋ ਕੋਈ ਵੀ ਵਿਦਿਆਰਥੀ ਆਪਣੇ ਸ਼ੋਕ ਅਨੁਸਾਰ ਕਿਸੇ ਫੀਲਡ ਵਿੱਚ ਕੰਮ ਕਰੇਗਾ ਤਾਂ ਉਹ ਬਹੁਤ ਅੱਗੇ ਤੱਕ ਨਿਕਲ ਜਾਵੇਗਾ ।ਅਗਰ ਅਸੀ ਧੱਕੇ ਨਾਲ ਕਿਸੇ ਵਿਦਿਆਰਥੀ ਨੂੰ ਕੋਈ ਕੰਮ ਕਰਵਾਵਾਗੇ ਜਿਸ ਵਿੱਚ ਉਸ ਦਾ ਹੁਨਰ ਨਹੀ ਹੈ ਤਾਂ ਉਹ ਵਿਦਿਆਰਥੀ ਸਿਰਫ ਟਾਇਮ ਪਾਸ ਹੀ ਕੰਮ ਕਰੇਗਾ ।ਜਿਵੇ ਕਿ ਕਿਸੇ ਵਿਦਿਆਰਥੀ ਦਾ ਸ਼ੋਕ ਸਾਇੰਸ ਮਾਡਲ ਬਣਾਉਣਾ ਹੈ ਪਰ ਅਸੀ ਉਸਨੂੰ ਖੇਡਾਂ ਵਿੱਚ ਸਿਲੈਕਟ ਕਰਕੇ ਖੇਡਣ ਲਈ ਕਹਿ ਰਹੇ ਹਾਂ ਤਾ ਉਹ ਵਿਦਿਆਰਥੀ ਅਧਿਆਪਕ ਦੇ ਕਹਿਣ ਤੇ ਖੇਡ ਤੇ ਜਰੂਰ ਲਵਾਂਗਾ ਪਰ ਜਿੱਤ ਨਹੀਂ ਪ੍ਰਾਪਤ ਕਰ ਸਕੇਗਾ, ਅਗਰ ਵਿਦਿਆਰਥੀਆਂ ਦਾ ਸ਼ੋਕ ਸਾਇੰਸ ਨਾਲ ਸੰਬੰਧਤ ਸਾਇੰਸ ਮਾਡਲ ਬਣਾਉਣ ਵਿੱਚ ਹੈ ਤਾਂ ਉਸ ਨੂੰ ਸਾਇੰਸ ਫੀਲਡ ਵਿੱਚ ਹੀ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਉਹ ਵਿਦਿਆਰਥੀ ਸਾਇੰਸਦਾਨ ਬਣ ਕੇ ਆਪਣਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ।ਇਸ ਤਰਾਂ ਹੀ 10 ਵੀ ਜਮਾਤ ਤੱਕ ਦੀ ਪੜ੍ਹਾਈ ਲਗਭਗ ਸਾਰੇ ਵਿਦਿਆਰਥੀਆਂ ਲਈ ਇਕੋ ਜਿਹੀ ਹੁੰਦੀ ਹੈ, 10ਵੀ ਜਮਾਂਤ ਤੋ ਬਾਅਦ ਅਲੱਗ ਅਲੱਗ ਫੀਲਡ ਆ ਜਾਦੀਆ ਹਨ ਜਿਵੇ ਆਰਟਸ,ਕਮਰਸ,ਸਾਇੰਸ ਆਦਿ ।ਮਾਪਿਆਂ ਅਤੇ ਅਧਿਆਪਕਾ ਨੂੰ ਵਿਦਿਆਰਥੀਆਂ ਅੰਦਰਲੀ ਰੁਚੀ ਨੂੰ ਪਹਿਚਾਣ ਕਰਕੇ 10 ਵੀ ਜਮਾਤ ਤੋ ਬਾਅਦ ਵਿਸ਼ੇ ਚੋਣ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ ਅਤੇ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਅਗਰ ਤੁਸੀਂ ਡਾਕਟਰ ਬਨਣਾ ਚਾਹੁੰਦੇ ਹੋ ਤਾਂ ਮੈਡੀਕਲ ਵਾਲੇ ਵਿਸ਼ੇ ਰੱਖੋ,ਅਗਰ ਇੰਜੀਨੀਅਰ ਬਨਣਾ ਹੈ ਤਾਂ ਨਾਨ ਮੈਡੀਕਲ ਰੱਖੋ, ਅਗਰ ਅਕਾਊਂਟਸ ਵਿੱਚ ਜਾਣਾ ਹੈ ਤਾਂ ਕਾਮਰਸ ਰੱਖੋ,ਅਗਰ ਆਰਟਸ ਰੱਖਣੀ ਹੈ ਤਾਂ ਉਹ ਅੱਗੇ ਕਿਹੜੀ ਕਿਹੜੀ ਫੀਲਡ ਵਿੱਚ ਜਾ ਸਕਦਾ ਹੈ । ਵਿਦਿਆਰਥੀਆਂ ਨੂੰ ਉਮਰ ਛੋਟੀ ਹੋਣ ਕਰਕੇ ਪੜਾਈ ਦੀ ਜਿਆਦਾ ਜਾਣਕਾਰੀ ਨਹੀ ਹੁੰਦੀ ਕਿ ਅਸੀ ਕਿਹੜੀ ਪੜਾਈ ਕਰਕੇ ਕਿਹੜੀ ਫੀਲਡ ਵਿੱਚ ਜਾ ਸਕਦੇ ਹਾਂ। ਇਹ ਸਾਰੀ ਜਾਣਕਾਰੀ ਵਿਦਿਆਰਥੀਆਂ ਨੂੰ ਦੇ ਕੇ ਉਹਨਾਂ ਦੀ ਅੰਦਰਲੀ ਪ੍ਰਭਿਤਾ ਨੂੰ ਪਹਿਚਾਣ ਕੇ ਹੀ ਸਹੀ ਵਿਸ਼ੀਆ ਦੀ ਚੋਣ ਕਰਵਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕਾਮਯਾਬ ਹੋ ਸਕਣ।

ਮੁੱਖ ਅਧਿਆਪਕ ਦੀਪਕ ਗਾਂਧੀ
ਸਰਕਾਰੀ ਹਾਈ ਸਕੂਲ ਪਿੰਡੀ