ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਂਗੜਵਾੜੀ ਮੁਲਾਜਮ ਯੂਨੀਅਨ (ਸੀਟੂ) ਦੀ ਮੀਟਿੰਗ ਜਿਲ੍ਹਾ ਪ੍ਰਧਾਨ ਕਿ੍ਰ੍ਰਸ਼ਨਾ ਦੇਵੀ ਔਲਖ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿ੍ਰ੍ਰਸ਼ਨਾ ਦੇਵੀ ਔਲਖ ਨੇ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਵੱਲੋਂ ਸਕੀਮ ਵਰਕਰਾਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ, ਪੰਜਾਬ ਸਰਕਾਰ ਵਲੋਂ ਵੱਖ-ਵੱਖ ਸਮਿਆਂ ’ਤੇ ਹੋਈਆਂ ਮੀਟਿੰਗਾਂ ਵਿੱਚ ਕੀਤੇ ਗਏ ਵਾਅਦੇ ਮੁਤਾਬਿਕ ਜਿਹੜੀਆਂ ਮੰਗਾਂ ਜਿਵੇਂ ਕਿ ਆਂਗੜਵਾੜੀ ਵਰਕਰਾਂ-ਹੈਪਲਰਾਂ ਲਈ ਮਾਣਭੱਤਾ ਦੁੱਗਣਾ ਕਰਨ, ਤਿੰਨ ਤੋਂ ਛੇ ਸਾਲ ਦੇ ਬੱਚੇ ਵਾਪਸ ਆਈ.ਸੀ.ਡੀ.ਐੱਸ. ਨਾਲ ਜੋੜਣ, ਐਨ.ਜੀ.ਓ. ਨੂੰ ਦਿੱਤੇ ਸਪਲੀਮੈਂਟਰੀ ਨਿਊਟਰੇਸ਼ਨ ਦਾ ਪੋ੍ਰਜੈਕਟ ਵਾਪਸ ਲੈਣ ਆਦਿ। ਉਹਨਾਂ ਦੱਸਿਆ ਕਿ ਬੱਚਿਆਂ ਦਾ ਬਚਪਨ ਦੇ ਅਧਿਕਾਰਾਂ ਨੂੰ ਬਚਾਉਣ, ਸਪਲੀਮੈਂਟਰੀ ਨਿਊਟਰੇਸ਼ਨ ਤਹਿਤ ਚੰਗੀ ਖੁਰਾਕ ਮੁਹੱਈਆ ਕਰਾਉਣ, ਪੋਸ਼ਣ ਟਰੈਕ ਦੇ ਨਾਂਅ ’ਤੇ ਬਿਨਾ ਮੋਬਾਇਲ ਦਿੱਤੇ ਲਗਾਤਾਰ ਕੀਤੀ ਜਾ ਰਹੀ ਖੱਜਲ-ਖੁਆਰੀ ਖਿਲਾਫ 14 ਨਵੰਬਰ ਦਿਨ ਵੀਰਵਾਰ ਨੂੰ ਬਾਲ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਾਲਾਂ ਦੇ ਅਧਿਕਾਰਾਂ ਪ੍ਰਤੀ ਜਗਾਉਣ ਵਾਸਤੇ ‘ਆਈ.ਸੀ.ਡੀ.ਐੱਸ. ਨੂੰ ਖਾਤਮੇ ਦੇ ਰਾਹ ਵੱਲ ਜਾਣ ਤੋਂ ਬਚਾਉਣ ਲਈ ‘ਆਈ.ਸੀ.ਡੀ.ਐੱਸ. ਬਚਾਉ ਬਚਪਨ ਬਚਾਉ’ ਨੂੰ ਲੈ ਕੇ ਮੁੱਖ ਮੰਤਰੀ ਨਿਵਾਸ ਦਾ ਘਿਰਾਉ ਕੀਤਾ ਜਾਵੇਗਾ। ਕਿ੍ਰਸ਼ਨਾ ਦੇਵੀ ਔਲਖ ਨੇ ਕਿਹਾ ਕਿ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ 18 ਨਵੰਬਰ ਨੂੰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੀ ਘਿਰਾਉ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਆਂਗੜਵਾੜੀ ਮੁਲਾਜਮ ਯੂਨੀਅਨ (ਸੀਟੂ) ਦੀਆਂ ਹੋਰ ਅਹੁਦੇਦਾਰਾਂ ਨੇ ਵੀ ਭਾਗ ਲਿਆ।