ਮਾਮਲਾ ਪਿਛਲੇਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ’ਤੇ ਮਸਲਿਆਂ ਦਾ!
ਕੋਟਕਪੂਰਾ, 10 ਜੁਲਾਈ (ਗੁਰਿੰਦਰ ਸਿੰਘ/ਵਰਲਡ ਪੰਜਾਬੀ ਟਾਈਮਜ਼)
ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 11 ਜੁਲਾਈ ਦਿਨ ਵੀਰਵਾਰ ਨੂੰ ਚੰਡੀਗੜ ਵਿਖੇ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਫਤਰ ਅੱਗੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ। ਉਪਰੋਕਤ ਜਾਣਕਾਰੀ ਯੂਨੀਅਨ ਦੀ ਦਫਤਰ ਸਕੱਤਰ ਸ਼ਿੰਦਰਪਾਲ ਕੌਰ ਥਾਂਦੇਵਾਲਾ, ਸੂਬਾ ਜਨਰਲ ਸਕੱਤਰ ਦਲਜਿੰਦਰ ਕੌਰ ਉਦੋਨੰਗਲ, ਗੁਰਮੀਤ ਕੌਰ ਗੋਨੇਆਣਾ ਅਤੇ ਸਤਵੰਤ ਕੌਰ ਭੋਗਪੁਰ ਨੇ ਦਿੱਤੀ। ਉਹਨਾਂ ਕਿਹਾ ਕਿ ਪਿਛਲੇਂ ਲੰਮੇ ਸਮੇਂ ਤੋਂ ਵਿਭਾਗ ਦੇ ਡਾਇਰੈਕਟਰ ਅਤੇ ਮੰਤਰੀ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਭੇਜ ਰਹੇ ਹਾਂ ਪਰ ਵਿਭਾਗ ਅਤੇ ਮੰਤਰੀ ਵਲੋਂ ਮੰਗਾਂ ’ਤੇ ਗੌਰ ਕਰਨ ਦੀ ਥਾਂ ਟਾਲ ਮਟੋਲ ਅਤੇ ਡੰਗ ਟਪਾਊ ਪਹੁੰਚ ਅਪਣਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਡਾਇਰੈਕਟਰ ਅਤੇ ਮੰਤਰੀ ਵਲੋਂ ਮੀਟਿੰਗ ਦਾ ਸਮਾਂ ਦੇ ਕੇ ਬਾਅਦ ਵਿੱਚ ਬਿਨਾਂ ਕਿਸੇ ਕਾਰਨ ਤੋਂ ਮੀਟਿੰਗ ਕੈਂਸਲ ਕਰ ਦਿੱਤੀ ਜਾਂਦੀ ਹੈ ਅਤੇ ਖੱਜਲ-ਖੁਆਰੀ ਕੀਤੀ ਜਾਂਦੀ ਹੈ। ਵਿਭਾਗ ਵਲੋਂ ਹਰ ਰੋਜ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਵਰਕਰਾਂ ਨੂੰ ਖਵਾਰ ਕਰਨ ਵਾਲੇ ਪੱਤਰ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਵਰਕਰਾਂ ਨੂੰ ਡਰਾ ਧਮਕਾ ਕੇ ਰੱਖਿਆ ਜਾ ਸਕੇ। ਵਰਕਰਾਂ ਤੇ ਹੈਲਪਰਾਂ ਦੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2017 ਤੋਂ ਆਂਗਣਵਾੜੀ ਸੈਂਟਰਾਂ ’ਚੋਂ ਖੋਹੇ ਹੋਏ ਬੱਚਿਆਂ ਨੂੰ ਅਜੇ ਤੱਕ ਵਾਪਸ ਨਹੀਂ ਕੀਤਾ ਗਿਆ। ਸਮਾਜ ਭਲਾਈ ਬੋਰਡ ਅਧੀਨ ਆਉਂਦੇ 5 ਬਲਾਕਾਂ ਦੀਆਂ ਹਜਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ 10 ਮਹੀਨਿਆਂ ਤੋਂ ਮਾਣਭੱਤਾ ਨਹੀਂ ਦਿੱਤਾ ਗਿਆ। ਪੰਜਾਬ ਦੀਆਂ 54 ਹਜਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਇਕ ਸਾਲ ਤੋਂ ਪੀ.ਐਮ.ਐਮ.ਵੀ.ਵਾਈ. ਯੋਜਨਾ ਤਹਿਤ ਕੰਮ ਕਰਨ ਵਾਲਾ ਭੱਤਾ ਨਹੀਂ ਦਿੱਤਾ ਜਾ ਰਿਹਾ। ਇਹਨਾਂ ’ਚੋਂ ਕੁਝ ਵਰਕਰ ਅਜਿਹੀਆਂ ਵੀ ਹਨ, ਜਿੰਨਾਂ ਦਾ ਪਿਛਲੇਂ 5 ਸਾਲਾਂ ਦਾ ਬਕਾਇਆ ਖੜਾ ਹੈ। ਵਰਕਰਾਂ ਨੂੰ ਪਿਛਲੇ 8 ਸਾਲਾਂ ਤੋਂ ਸਮਾਰਟ ਫੋਨ ਨਹੀਂ ਦਿੱਤੇ ਜਾ ਰਹੇ ਤੇ ਉਹਨਾਂ ਨੂੰ ਆਪਣੇ ਫੋਨਾਂ ਤੋਂ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਮੈਡੀਕਲ ਲੀਵ ਅਤੇ ਬਿਨਾਂ ਤਨਖਾਹ ਛੁੱਟੀ ਵੀ ਬੰਦ ਕਰ ਦਿੱਤੀ। ਆਂਗਣਵਾੜੀ ਸੈਂਟਰਾਂ ’ਚ ਲਾਭਪਾਤਰੀਆਂ ਲਈ ਭੇਜਿਆ ਜਾ ਰਿਹਾ ਰਾਸ਼ਨ ਬਹੁਤ ਹੀ ਘਟੀਆਂ ਕੁਆਲਿਟੀ ਦਾ ਹੈ, ਜਿਸ ਨੂੰ ਲੈਣ ਤੋਂ ਲਾਭਪਾਤਰੀ ਇਨਕਾਰੀ ਹਨ ਪਰ ਵਾਰ-ਵਾਰ ਪੰਜਾਬ ਸਰਕਾਰ ਅਤੇ ਵਿਭਾਗ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਵੀ ਸਾਰੇ ਅੱਖਾਂ ਮੀਚੀ ਬੈਠੇ ਹਨ, ਕਿਉਂਕਿ ਉਕਤ ਰਾਸ਼ਨ ਵੇਰਕਾ ਤੋਂ ਵਾਪਸ ਲੈ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ। ਇਸੇ ਤਰਾਂ ਹੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ, ਬਦਲੀ, ਪ੍ਰਮੋਸ਼ਨ, ਆਸ਼ਰਿਤਾਂ ਨੂੰ ਨੌਕਰੀਆਂ ਆਦਿ ਦੀ ਵੀ ਕੋਈ ਸਪੱਸ਼ਟ ਨੀਤੀ ਨਹੀਂ ਹੈ। ਪਿਛਲੇ ਸਮੇਂ ਤੋਂ ਮੈਰਿਟ ਦੇ ਆਧਾਰ ’ਤੇ ਬਣਾਈਆਂ ਗਈਆਂ ਭਰਤੀ ਨੀਤੀਆਂ ਨੂੰ ਜਾਣਬੁੱਝ ਕੇ ਐਨਾ ਗੁੰਝਲਦਾਰ ਬਣਾ ਦਿੱਤਾ ਗਿਆ ਹੈ, ਜਿਸ ਕਰਕੇ ਰਿਸ਼ਵਤ ਦਾ ਬਜਾਰ ਪੂਰੀ ਤਰਾਂ ਗਰਮ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਬਿਨਾਂ ਕਿਸੇ ਦੋਸ਼ ਤੋਂ ਬਦਲਾਖੋਰੀ ਨੀਤੀ ਤਹਿਤ ਸੇਵਾਵਾਂ ਤੋਂ ਫਾਰਗ ਕੀਤਾ ਗਿਆ ਹੈ। ਜਥੇਬੰਦੀ ਇਸ ਦਾ ਸਖਤ ਨੋਟਿਸ ਲੈ ਰਹੀ ਹੈ। ਉਹਨਾਂ ਕਿਹਾ ਕਿ ਜਥੇਬੰਦੀ ਦੀ ਮੰਗ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਐਨ.ਟੀ.ਟੀ. ਦਾ ਕੋਰਸ ਕਰਵਾ ਕੇ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਕਿਉਂਕਿ ਨਵੀਂ ਸਿੱਖਿਆ ਨੀਤੀ ਅਨੁਸਾਰ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦੇਣਾ ਬਣਦਾ ਹੈ ਪਰ ਪੰਜਾਬ ਸਰਕਾਰ ਪ੍ਰੀ-ਨਰਸਰੀ ਟੀਚਰ ਦੀਆਂ ਪੋਸਟਾਂ ਵਲੰਟੀਅਰ ਨੂੰ ਦੇਣਾ ਚਾਹੁੰਦੀ ਹੈ। ਜਥੇਬੰਦੀ ਇਹ ਵੀ ਮੰਗ ਕਰਦੀ ਹੈ ਕਿ ਵਰਕਰਾਂ ਤੇ ਹੈਲਪਰਾਂ ਨੂੰ ਦਿੱਤੇ ਜਾਣ ਵਾਲਾ ਮਾਣ ਭੱਤਾ ਹਰ ਮਹੀਨੇ ਦੀ 2 ਤਰੀਕ ਨੂੰ ਯਕਮੁਸਤ ਦਿੱਤਾ ਜਾਵੇ, ਕਿਉਂਕਿ ਸਰਕਾਰ ਇਹ ਮਾਣਭੱਤਾ ਵੀ ਟੋਟਿਆਂ ’ਚ ਦਿੰਦੀ ਹੈ। ਐਨ.ਜੀ.ਓ. ਨੂੰ ਦਿੱਤੇ ਸਾਰੇ ਬਲਾਕ ਮੁੱਖ ਵਿਭਾਗ ਵਿੱਚ ਮਰਜ ਕੀਤੇ ਜਾਣ। ਆਗੂਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਇਹਨਾਂ ਮਸਲਿਆਂ ਦਾ ਹੱਲ ਨਹੀਂ ਹੁੰਦਾ, ਉਨਾਂ ਚਿਰ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ ਅਤੇ 11 ਜੁਲਾਈ ਨੂੰ ਚੰਡੀਗੜ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ’ਚ ਪੰਜਾਬ ਦੇ ਹਰੇਕ ਬਲਾਕ ’ਚੋਂ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪਹੁੰਚ ਰਹੀਆਂ ਹਨ।
Leave a Comment
Your email address will not be published. Required fields are marked with *