– ਮਾਮਲਾ ਆਂਗਣਵਾੜੀ ਸੈਂਟਰਾਂ ਵਿੱਚ ਪ੍ਰਾਈਵੇਟ ਕੰਪਨੀਆਂ ਰਾਹੀਂ ਭੇਜੇ ਜਾ ਰਹੇ ਘਟੀਆ ਕੁਆਲਿਟੀ ਦੇ ਰਾਸ਼ਨ ਦਾ –
ਸਿਹਤ ਸਹੂਲਤਾਂ ਦੀ ਦੁਹਾਈ ਦੇਣ ਵਾਲੀ ਪੰਜਾਬਸਰਕਾਰ ਦਾ ਚਿਹਰਾ ਹੋਇਆ ਨੰਗਾ
ਬਠਿੰਡਾ ,25 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸਿਹਤ ਸਹੂਲਤਾਂ ਦੀ ਦੁਹਾਈ ਦੇਣ ਵਾਲੀ, ਮਨੁੱਖੀ ਕਦਰਾਂ ਕੀਮਤਾਂ ਸਮੇਤ ਹਰ ਵਰਗ ਦੀ ਹਤੈਸ਼ੀ ਅਖਵਾਉਣ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਚਿਹਰਾ ਇੱਕ ਵਾਰ ਫਿਰ ਨੰਗਾ ਹੋਇਆ ਹੈ।ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕਦੀ ਪ੍ਰਧਾਨ ਲਾਭ ਕੌਰ ਪਥਰਾਲਾ ਤੇ ਜਰਨਲ ਸਕੱਤਰ ਪਰਮਜੀਤ ਕੌਰ ਚੱਕ ਰੁਲਦੂ ਸਿੰਘ ਵਾਲਾ ਵੀਰਪਾਲ ਕੌਰ ਸਰਕਲ ਪ੍ਰਧਾਨ, ਪਰਮਿੰਦਰ ਕੌਰ ਪੱਕਾ ਕਲਾ, ਇੰਦਰਜੀਤ ਕੌਰ ਘੁੱਦਾ, ਕਮਲ ਕੁਮਾਰੀ ਸਰਕਲ ਪ੍ਰਧਾਨ ਪੱਕਾ ਕਲਾ, ਇੰਦਰਜੀਤ ਕੌਰ ਘੁੱਦਾ, ਸੋਨੂੰ ਸੰਗਤ, ਪ੍ਰਵੀਨ ਬਾਲਾ ਨੇ ਪ੍ਰੈਸ ਨੂੰ ਜਾਰੀ ਕੀਤੇ ਗਏ ਬਿਆਨ ਰਾਹੀਂ ਦੱਸਿਆ ਕਿ ਜਥੇਬੰਦੀ ਵੱਲੋਂ ਆਂਗਣਵਾੜੀ ਸੈਂਟਰਾਂ ਵਿੱਚ ਪ੍ਰਾਈਵੇਟ ਕੰਪਨੀਆਂ ਰਾਹੀਂ ਭੇਜੇ ਜਾ ਰਹੇ ਘਟੀਆ ਕੁਆਲਿਟੀ ਦੇ ਰਾਸ਼ਨ ਦੇ ਮਾਮਲੇ ਵਿੱਚ 25 ਜੁਲਾਈ ਨੂੰ ਡਿਪਟੀ ਕਮਿਸ਼ਨਰ ਰਾਹੀਂ ਕੇਂਦਰੀ ਮੰਤਰੀ ਸ੍ਰੀਮਤੀ ਅੰਨਾ ਪੂਰਨਾ ਨੂੰ ਮੰਗ ਪੱਤਰ ਭੇਜਿਆ ਜਾਵੇਗਾ ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀ ਨਾਲ ਰਲੀ ਮਿਲੀ ਭੁਗਤ ਕਰਕੇ ਲਾਭਪਾਤਰੀਆਂ ਨੂੰ ਦਿੱਤਾ ਜਾਣ ਵਾਲਾ ਸੰਤੁਲਿਤ ਅਹਾਰ ਘਟੀਆ ਕੁਆਲਿਟੀ ਦਾ ਦਿੱਤਾ ਜਾ ਰਿਹਾ ਹੈ ।ਜਿਸ ਨੂੰ ਲਾਭਪਾਤਰੀ ਲੈਣ ਤੋਂ ਇਨਕਾਰੀ ਹਨ । ਇਹ ਪੂਰਕ ਅਹਾਰ ਜੋ ਪਿਛਲੇਂ ਸਮੇਂ ਤੋਂ ਸਰਕਾਰੀ ਅਦਾਰਿਆਂ ਜਿਵੇਂ ਵੇਰਕਾ ਅਤੇ ਮਾਰਕਫੈਡ ਦੁਆਰਾ ਆਂਗਣਵਾੜੀ ਸੈਂਟਰਾਂ ਵਿੱਚ ਸਪਲਾਈ ਕੀਤਾ ਜਾਂਦਾ ਸੀ । ਪਰ ਹੁਣ ਸਰਕਾਰ ਵੱਲੋਂ ਇਹ ਖਾਣਾ ਸਰਕਾਰੀ ਅਦਾਰਿਆਂ ਤੋਂ ਵਾਪਸ ਲੈ ਕੇ ਇਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਤੇ ਦੇ ਦਿੱਤਾ ਗਿਆ ਹੈ ਜੋ ਹਿਮਾਚਲ ਸਰਕਾਰ ਅਤੇ ਵੇਰਕਾ ਅਦਾਰੇ ਨੇ ਬਲੈਕ ਲਿਸਟ ਕੀਤੀ ਹੋਈ ਹੈ ।