ਭਵਿੱਖ ਵਿੱਚ ਆਫ਼ਤਾਂ ਪ੍ਰਤੀ ਸੁਰੱਖਿਆ ਨੂੰ ਲੈ ਕੇ ਵਿਦਿਆਰਥੀਆਂ ਨੂੰ ਡ੍ਰੌਪ ਕਵਰ ਹੋਲਡਿੰਗ ਡਰਿੱਲ ਦੀ ਦਿੱਤੀ ਟ੍ਰੇਨਿੰਗ

ਕੋਟਕਪੂਰਾ, 26 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿਖੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਵੱਲੋਂ ਮਨੁੱਖੀ ਅਤੇ ਪ੍ਰਕ੍ਰਿਤਕ ਆਫ਼ਤਾਂ ਬਾਰੇ ਜਾਗਰੂਕਤਾ ਵਧਾਉਣ ਲਈ ਇੱਕ ਵਿਸ਼ੇਸ਼ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦਾ ਮਕਸਦ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮ ਦੀਆਂ ਆਫ਼ਤਾਂ ਜਿਵੇਂ ਕਿ ਭੂਚਾਲ, ਬਾਰਿਸ਼, ਅੱਗ, ਹੜ੍ਹ, ਦੁਰਘਟਨਾ ਅਤੇ ਹੋਰ ਪ੍ਰਕ੍ਰਿਤਕ ਆਫ਼ਤਾਂ ਲਈ ਤਿਆਰ ਕਰਨ ਵਿੱਚ ਮਦਦ ਕਰਨਾ ਹੈl ਸੂਬੇ ਦੇ ਆਫ਼ਤ ਪ੍ਰਬੰਧਨ ਅਫ਼ਸਰ ਸਤਿਕਾਰਯੋਗ ਸ਼੍ਰੀਮਾਨ ਰਾਮ ਚੰਦਰ ਜੀ ਨੇ ਸਕੂਲ ਵਿਖ਼ੇ ਖ਼ੁਦ ਵਿਜ਼ਿਟ ਕੀਤਾ ਅਤੇ ਵਿਦਿਆਰਥੀ ਅਧਿਆਪਕਾਂ ਨੂੰ ਸੁਰੱਖਿਆ ਕਦਮਾਂ ਅਤੇ ਜਰੂਰੀ ਸਾਵਧਾਨੀਆਂ ਬਾਰੇ ਸਿੱਖਿਆ ਦਿੰਦੇ ਹੋਏ ਕਿਹਾ ਹੈ ਕਿ ਹਰ ਪਰਿਵਾਰ ਨੂੰ ਆਪਣੀ ਸੁਰੱਖਿਆ ਲਈ ਪੂਰੀ ਤਿਆਰੀ ਰੱਖਣੀ ਚਾਹੀਦੀ ਹੈ। ਆਫਤਾਂ ਦੀ ਸਥਿਤੀ ਵਿੱਚ ਕੀ ਕਰਨ ਅਤੇ ਕਿਹੋ ਜਿਹੀਆਂ ਗੱਲਾਂ ਦਾ ਧਿਆਨ ਰੱਖਣ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ਗਈl ਇਸ ਟ੍ਰੇਨਿੰਗ ਸੈਸ਼ਨ ਤਹਿਤ ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਅਧਿਆਪਕਾਂ ਦੇ ਸਹਿਯੋਗ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਸਕਦਾ ਹੈ, ਜਿਸ ਵਿੱਚ ਵਿਸ਼ੇਸ਼ਗਿਆਨ ਅਤੇ ਪ੍ਰਬੰਧਨ ਟੀਮਾਂ ਵੱਲੋਂ ਲੋਕਾਂ ਨੂੰ ਸੁਝਾਅ ਦਿੱਤੇ ਜਾਣਗੇ। ਸਾਰੇ ਸਕੂਲਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਵੱਲੋਂ ਡ੍ਰੌਪ ਕਵਰ ਹੋਲਡਿੰਗ ਡਰਿੱਲ ਵੀ ਕਰਵਾਈ ਗਈ, ਜਿਸ ਨੂੰ ਵਿਦਿਆਰਥੀਆਂ ਵੱਲੋਂ ਅਮਲ ਵਿੱਚ ਲਿਆ ਕੇ ਸਮੂਹ ਵਿਦਿਆਰਥੀਆਂ ਨੂੰ ਟ੍ਰੇਨਿੰਗ ਵਿੱਚ ਸ਼ਾਮਿਲ ਕੀਤਾ ਗਿਆl ਇਸ ਤੋਂ ਇਲਾਵਾ ਸਕੂਲ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆl ਇਸ ਉਪਰੰਤ ਸਕੂਲ ਮੁਖੀ ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਧਵਨ ਕੁਮਾਰ ਜੀ ਨੇ ਸ਼੍ਰੀ ਰਾਮ ਚੰਦਰ ਜੀ (ਆਫ਼ਤ ਪ੍ਰਬੰਧਨ ਅਫ਼ਸਰ) ਦਾ ਧੰਨਵਾਦ ਕੀਤਾ ਅਤੇ ਜ਼ਿਲ੍ਹਾ ਮੋਗਾ ਦੇ ਸਕੂਲ ਅਤੇ ਹੋਰ ਸੰਸਥਾਵਾਂ ਦੀ ਸੁਰੱਖਿਆ ਪ੍ਰਤੀ ਸੰਜੀਦਗੀ ਨੂੰ ਦੇਖਦੇ ਹੋਏ ਉਹਨਾਂ ਨੂੰ ਤੋਹਫ਼ੇ ਭੇਟ ਕਰਦੇ ਹੋਏ ਸਨਮਾਨਿਤ ਕੀਤਾl ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਜਾਗਰੂਕਤਾ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਜ਼ਿੰਮੇਵਾਰੀ ਨਿਭਾਉਣ।