
ਮਿਲਾਨ, 29 ਅਕਤੂਬਰ (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਇਟਲੀ ਦੇ ਸੂਬੇ ਲੰਬਾਰਦੀਆ ਵਿਖੇ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ)ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬ ਲਈ 25 ਲੱਖ ਯੂਰੋ ਦੀ ਸੇਵਾ ਨਾਲ ਸੁੰਦਰ ਤੇ ਆਲੀਸ਼ਾਨ ਇਮਾਰਤ ਦਾ ਨਿਰਮਾਣ ਕੀਤਾ ਗਿਆ ਜਿਸ ਦਾ ਉਦਘਾਟਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਛੱਤਰ ਛਾਇਆ ਵਿੱਚ 5 ਪਿਆਰਿਆਂ ਤੇ 5 ਨਿਸ਼ਾਨਚੀ ਸਿੰਘਾਂ ਨੇ ਖਾਲਸੇ ਦੀ ਚੜ੍ਹਦੀ ਕਲਾ ਦੇ ਜੈਕਾਰਿਆ ਨਾਲ ਕੀਤਾ। ਇਸ ਮੌਕੇ ਹਜ਼ਾਰਾਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਗੁਰੂ ਸਾਹਿਬ ਜੀਓ ਦੇ ਪੰਜਾਬ ਦੀ ਧਰਤੀ ਉੱਪਰ ਮਨਾਏ ਜਾਂਦੇ ਕਿਸੇ ਇਤਿਹਾਸਕ ਦਿਵਸ ਦਾ ਭੁਲੇਖਾ ਪਾਉਂਦਾ ਸੀ ਇਸ ਉਦਘਾਟਨੀ ਸਮਾਰੋਹ ਮੌਕੇ ਜਿੱਥੇ ਇਟਾਲੀਅਨ ਮੈਂਬਰ ਪਾਰਲੀਮੈਂਟ ਤੇ ਹੋਰ ਸਥਾਨਕ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀ ਹਾਜ਼ਰੀ ਭਰੀ ਉੱਥੇ ਭਾਰਤੀ ਕੌਸਲੇਟ ਮਿਲਾਨ ਦੇ ਕੌਸਲਰ ਜਨਰਲ ਲਵਾਨੀਆ ਕੁਮਾਰ ਨੇ ਵੀ ਸੰਗਤ ਨੂੰ ਵਿਸ਼ੇਸ ਵਧਾਈ ਦਿੱਤੀ।ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਰਵਿੰਦਰਜੀਤ ਸਿੰਘ ਨੇ ਸੰਗਤਾਂ ਨੂੰ ਇਸ ਕਾਰਜ ਦੀ ਵਿਸ਼ੇਸ਼ ਵਧਾਈ ਦਿੱਤੀ।ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ਨੇ ਇਸ ਵੱਡੇ ਕਾਰਜ ਨੂੰ ਨੇਪੜੇ ਚਾੜਨ ਲਈ ਸਭ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਸਮੂਹ ਸੇਵਾਦਾਰਾਂ ਤੇ ਹੋਰ ਸਖਸੀਅਤਾਂ ਦਾ ਗੁਰੂ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨ ਕੀਤਾ। ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਨੇ ਰਸ ਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹੈਲੀਕਾਪਟਰ ਰਾਹੀਂ ਗੁਰੂ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਵੀ ਕੀਤੀ ਗਈ।