
ਮਿਲਾਨ, 30 ਜੂਨ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਇਟਲੀ ਵਿੱਚ ਕੰਮ ਦੌਰਾਨ ਜਖ਼ਮੀ ਹੋ ਕੇ ਮਰਨ ਵਾਲੇ ਪੰਜਾਬੀ ਸਤਨਾਮ ਸਿੰਘ ਦੀ ਮੌਤ ਨੇ ਇਟਲੀ ਦੀ ਸੰਸਦ ਤੋਂ ਲੈ ਕੇ ਕਿਰਤ ਕਰਨ ਵਾਲੇ ਹਰ ਖੇਤਰ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਇਸ ਦਰਦਨਾਕ ਘਟਨਾ ਤੇ ਪ੍ਰਧਾਨ ਮੰਤਰੀ ਇਟਲੀ ਜੋਰਜ਼ੀਆ ਮੇਲੋਨੀ ਨੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਹਾਲਾਂਕਿ ਇਹ ਘਟਨਾ ਪਹਿਲੀ ਵਾਰ ਨਹੀਂ ਹੋਈ ਕਿ ਕੰਮ ਦੌਰਾਨ ਕਿਸੇ ਪ੍ਰਵਾਸੀ ਕਾਮੇ ਦੀ ਮੌਤ ਹੋਈ ਹੋਵੇ ਪਰ ਵਿਕਾਸ਼ਸ਼ੀਲ ਦੇਸ਼ਾਂ ਵਿੱਚ ਗਿਣੇ ਜਾਣ ਵਾਲੇ ਇਟਲੀ ਨੇ ਹਾਲ ਹੀ ਵਿਚ ਹੀ 7 ਸਿਖ਼ਰ ਸੰਮੇਲਨ ਦੇਸ ਵਿੱਚ ਕਰਵਾਕੇ ਵੱਡੀ ਸੌਹਰਤ ਖੱਟੀ ।
ਅਜਿਹੇ ਮਾਹੌਲ ਵਿੱਚ ਮਰਹੂਮ ਸਤਨਾਮ ਸਿੰਘ ਦੀ ਮੌਤ ਵਾਲੀ ਘਟਨਾ ਨਾਲ ਸਿਆਸੀ ਹਲਕਿਆਂ ਵਿੱਚ ਇਟਲੀ ਦੀ ਸਭ ਬਣੀ ਬਣਾਈ ਦਿੱਖ ਫਿੱਕੀ ਜਿਹੀ ਪੈ ਗਈ ਹੈ ਜਿਸ ਨੂੰ ਦੁਬਾਰਾ ਉਚਾਈ ਵੱਲ ਲਿਜਾਣ ਲਈ ਇਟਲੀ ਸਰਕਾਰ ਹੁਣ ਬਹੁਤ ਹੀ ਸੰਜੀਦਾ ਹੋ ਕਾਰਵਾਈ ਕਰਨ ਵਿੱਚ ਜੁੱਟ ਗਈ ਹੈ ਜਿਸ ਦੇ ਚੱਲਦਿਆਂ ਲਾਸੀਓ ਸੂਬਾ ਜਿੱਥੇ ਕਿ ਬਹੁਤ ਗਿਣਤੀ ਪ੍ਰਵਾਸੀ ਕਾਮੇ ਖੇਤੀ-ਬਾੜੀ ਦਾ ਕੰਮ ਕਰਦੇ ਹਨ ਜਿਹਨਾਂ ਵਿੱਚ ਬਹੁ-ਗਿਣਤੀ ਗੈਰ-ਕਾਨੂੰਨੀ ਪ੍ਰਵਾਸੀ ਖਾਸਕਰ ਭਾਰਤੀਆਂ ਦੀ ਹੈ।ਲਾਸੀਓ ਸੂਬੇ ਵਿੱਚ ਹੁਣ ਪ੍ਰਸ਼ਾਸ਼ਨ ਖੇਤੀ-ਬਾੜੀ ਦਾ ਕੰਮ ਕਰਦੇ ਕਿਰਤੀਆਂ ਤੇ ਫਾਰਮਾਂ ਦੀ ਵਿਸੇ਼ਸ ਜਾਂਚ ਕਰਨ ਲਈ ਵਿਸੇ਼ਸ ਟੀਮ ਨਾਲ ਛਾਪੇ ਮਾਰੀ ਕਰ ਰਹੀ ਹੈ ਤਾਂ ਜੋ ਕਾਮਿਆਂ ਦੀ ਸੁਰੱਖਿਆ ਤੇ ਉਹਨਾਂ ਨੂੰ ਮਿਲ ਰਹੀਆਂ ਕੰਮ ਦੌਰਾਨ ਸਹੂਲਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ।ਇਸ ਛਾਪੇ ਮਾਰੀ ਵਿੱਚ ਜਿੱਥੇ ਕੰਮਾਂ ਦੇ ਮਾਲਕਾਂ ਵੱਲੋਂ ਕਾਮਿਆਂ ਨੂੰ ਸੁਰੱਖਿਆ ਤੇ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਸੀ ਉੱਥੇ ਕੁਝ ਕੰਮਾਂ ਉਪਰ ਗੈਰ-ਕਾਨੂੰਨੀ ਕਾਮਿਆਂ ਦੇ ਫੜ੍ਹ ਹੋਣ ਨਾਲ ਫਾਰਮਾਂ ਦੇ ਮਾਲਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਧੜਾਧੜ ਜੁਰਮਾਨੇ ਵੀ ਕੀਤੇ ਜਾ ਰਹੇ ਹਨ।ਇਹ ਛਾਪੇਮਾਰੀ ਮੁੱਖ ਤੌਰ ਤੇ ਲਾਤੀਨਾ ਜਿ਼ਲ੍ਹੇ ਵਿੱਚ ਜ਼ੋਰਾਂ ਨਾਲ ਚੱਲ ਰਹੀ ਹੈ ਜਿਹੜੀ ਕਿ ਕਿਰਤੀਆਂ ਦੇ ਸੋਸ਼ਣ ਨੂੰ ਨੱਥ ਪਾਉਣ ਲਈ ਬੇਸ਼ੱਕ ਹੋ ਰਹੀ ਹੈ ਪਰ ਇਸ ਛਾਪੇਮਾਰੀ ਨੇ ਉਹਨਾਂ ਸੈਂਕੜੇ ਪੰਜਾਬੀ ਕਾਮਿਆਂ ਨੂੰ ਰੋਜੀ-ਰੋਟੀ ਦੇ ਲਾਲੇ ਪਾ ਦਿੱਤੇ ਹਨ ਜਿਹਨਾਂ ਕੋਲ ਇਟਲੀ ਦੇ ਪੇਪਰ ਨਹੀਂ ਹਨ ਤੇ ਉਹ ਲੱਖਾਂ ਰੁਪਏ ਕਰਜ਼ਾ ਚੁੱਕ ਇਟਲੀ ਘਰ ਦੀ ਗਰੀਬੀ ਦੂਰ ਕਰਨ ਆਏ ਹਨ।ਲਾਤੀਨਾ ਜਿ਼ਲ੍ਹੇ ਵਿੱਚ ਇੱਕ ਫਾਰਮ ਹਾਊਸ ਵਿੱਚ ਕਈ ਬੇਨਿਯਮੀਆਂ ਤੇ ਕਾਨੂੰਨ ਦੀ ਉਲੰਘਣਾ ਕਰਨ ਲਈ ਇੱਕ ਫਾਰਮ ਨੂੰ ਜਿੱਥੇ 4-5 ਦਿਨਾਂ ਲਈ ਬੰਦ ਕਰ ਦਿੱਤਾ ਹੈ ਉੱਥੇ ਸਬੰਧਤ ਮਾਲਕ ਨੂੰ ਹਜ਼ਾਰਾਂ ਯੂਰੋ ਜੁਰਮਾਨਾਂ ਵੀ ਕਰ ਦਿੱਤਾ ਹੈ।ਪ੍ਰਸ਼ਾਸ਼ਨ ਦੀ ਮਾਰ ਤੋਂ ਬਚਣ ਲਈ ਹੁਣ ਉਹਨਾਂ ਤਮਾਮ ਇਟਾਲੀਅਨ ਮਾਲਕਾਂ ਨੇ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਹੈ ਜਿਹੜੇ ਕਿ ਪਹਿਲਾਂ ਗੈਰ-ਕਾਨੂੰਨੀ ਕਾਮਿਆਂ ਨੂੰ ਕੰਮ ਉੱਪਰ ਰੱਖਣ ਲਈ ਕਾਨੂੰਨ ਦੀ ਪ੍ਰਵਾਹ ਨਹੀਂ ਸੀ ਕਰਦੇ। ਸਤਨਾਮ ਸਿੰਘ ਨਾਲ ਵਾਪਰੀ ਘਟਨਾ ਤੋਂ ਬਾਅਦ ਇਟਲੀ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਕੋਈ ਹੋਰ ਕਿਸੇ ਅਣਸੁਖਾਵੀਂ ਘਟਨਾ ਦਾ ਸ਼ਿਕਾਰ ਨਾ ਹੋਵੇ।