ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕੋਟਕਪੂਰਾ ’ਚ ਵੱਡਾ ਰੋਸ ਮਾਰਚ”
ਪੀੜਤਾਂ ਨੂੰ 10 ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ, ਮੋਰਚੇ ’ਚ ਗੂੰਜ਼ੇ ਇਨਸਾਫ਼ ਦੇ ਨਾਅਰੇ”
ਕੋਟਕਪੂਰਾ, 2 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਆਗੂ ਭਾਈ ਸੁਖਜੀਤ ਸਿੰਘ ਖੋਸੇ ਨੇ ਸਿੱਖ ਸੰਗਤ ਦੇ ਸਹਿਯੋਗ ਨਾਲ ਵੱਡੀ ਗਿੱਣਤੀ ਵਿੱਚ ਬੁਰਜ ਜਵਾਹਰ ਸਿੰਘ ਤੋਂ ਬੱਤੀਆਂ ਵਾਲੇ ਚੌਂਕ ਕੋਟਕਪੂਰਾ ਤੱਕ ਮੋਟਰਸਾਈਕਲਾਂ ਰਾਹੀ ਰੋਸ ਮਾਰਚ ਕੀਤਾ ਗਿਆ। ਉਹਨਾਂ ਨੇ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬੇਅਦਬੀ ਕਾਂਡ ਨੂੰ 10 ਸਾਲ ਪੂਰੇ ਹੋ ਗਏ ਹਨ ਅਤੇ ਪੰਜਾਬ ਵਿੱਚ ਤਿੰਨ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਆ ਚੁੱਕੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਸਿੱਖ ਕੌਮ ਨੂੰ ਇਨਸਾਫ਼ ਦੇਣ ਲਈ ਬੇਅਦਬੀ ਦੇ ਦੋਸ਼ੀਆਂ ਨੂੰ ਠੋਸ ਸਜ਼ਾਵਾਂ ਦਿਵਾਉਣ ਲਈ ਕੋਈ ਯੋਗ ਯਤਨ ਨਹੀ ਕੀਤਾ। ਉਹਨਾਂ ਕਿਹਾ ਕਿ ਸਰਕਾਰਾਂ ਦੇ ਸਿੱਖ ਵਿਰੋਧੀ ਰਵੱਈਆ ਕਰਕੇ ਹੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਹੋਏ ਹਨ। ਉਹਨਾ ਕਿਹਾ ਕਿ ਸਰਕਾਰ ਨੂੰ ਰਾਮ ਰਹੀਮ ਨੂੰ ਪ੍ਰੋਟੈਕਸ਼ਨ ਵਰੰਟ ’ਤੇ ਪੰਜਾਬ ਲਿਆਉਣਾ ਚਾਹੀਦਾ ਹੈ ਅਤੇ ਉਸਦੀ ਸਖ਼ਤੀ ਨਾਲ ਪੁੱਛਗਿੱਛ ਤੋਂ ਹੀ ਬੇਅਦਬੀ ਨਾਲ ਸਬੰਧਤ ਇਹਨਾਂ ਕੇਸਾਂ ਦੀਆਂ ਪਰਤਾਂ ਖੁੱਲਣਗੀਆਂ ਅਤੇ ਬੇਅਦਬੀ ਤੇ ਗੋਲੀਕਾਂਡ ਨਾਲ ਸਬੰਧਤ ਸਾਰੇ ਕੇਸਾਂ ਦੇ ਨਿਪਟਾਰੇ ਵਾਸਤੇ ਇਹਨਾਂ ਕੇਸਾਂ ਨੂੰ ਫਾਸਟ ਟਰੈਕ ਕੋਰਟ ਵਿੱਚ ਲੈ ਜਾਣਾ ਸਮੇਂ ਦੀ ਮੁੱਖ ਲੋੜ ਹੈ ਪਰ ਅਫ਼ਸੋਸ ਨਾਲ ਸਿੱਖ ਸੰਗਤਾਂ ਨੂੰ ਦੱਸ ਰਹੇ ਹਾਂ ਕਿ ਦੋਸ਼ੀਆਂ ਵੱਲੋਂ ਸਾਰੇ ਕੇਸ ਫਰੀਦਕੋਟ ਦੀ ਜਿਲ੍ਹਾ ਅਦਾਲਤ ਤੋਂ ਸ਼ਿਫਟ ਕਰਵਾ ਲਏ ਗਏ ਹਨ, ਇਸ ਨਾਲ ਇਨਸਾਫ਼ ਮਿਲਣ ਦੀ ਆਸ ਟੁੱਟੀ ਹੈ। ਪੰਜਾਬ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਸ਼ੱਕੀ ਹੈ, ਕਿਉਕਿ ਪੰਜਾਬ ਸਰਕਾਰ ਨੇ ਲੀਗਲੀ ਕਾਰਵਾਈ ਨੂੰ ਅੰਜਾਮ ਦੇਣ ਵਾਸਤੇ ਕੋਈ ਠੋਸ ਉਪਰਾਲੇ ਨਹੀ ਕੀਤੇ। ਜੇਕਰ ਸਰਕਾਰ ਦਾ ਵਤੀਰਾ ਅਜਿਹਾ ਹੀ ਰਿਹਾ ਤਾਂ ਸਿੱਖਾਂ ਵਿੱਚ ਰੋਹ ਅਤੇ ਰੋਸ ਵਧਣਾ ਸੁਭਾਵਕ ਹੈ। ਇਸ ਰੋਹ ਅਤੇ ਰੋਸ ਦਾ ਖ਼ਮਿਆਜ਼ਾ ਪਿਛਲੀਆਂ ਦੋ ਸਰਕਾਰਾਂ ਭੁਗਤ ਚੁੱਕੀਆਂ ਹਨ। ਜੇਕਰ ਸਰਕਾਰ ਨੇ ਸਿੱਖਾਂ ਨਾਲ ਚਲਾਕੀ ਖੇਡਣੀ ਨਾ ਛੱਡੀ ਤਾਂ ਭਗਵੰਤ ਮਾਨ ਸਰਕਾਰ ਵੀ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹੇ। ਜੇਕਰ ਪੰਜਾਬ ਸਰਕਾਰ ਨੇ ਇਕ ਮਹੀਨੇ ਦੇ ਵਿੱਚ ਬਹਿਬਲ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਚਲਾਨ ਪੇਸ਼ ਨਾ ਕੀਤਾ ਤਾਂ ਮੁੱਖ-ਮੰਤਰੀ ਪੰਜਾਬ ਦੀ ਰਿਹਾਇਸ਼ ਤੇ ਉਹਨਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਸ਼ਹੀਦ ਭਾਈ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਭਾਈ ਸਾਧੂ ਸਿੰਘ ਸਰਾਵਾਂ, ਸ਼ਹੀਦ ਭਾਈ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਭਾਈ ਸੁਖਰਾਜ ਸਿੰਘ ਨਿਆਮੀਵਾਲਾ, ਭਾਈ ਰੁਪਿੰਦਰ ਸਿੰਘ ਪੰਜਗਰਾਈਂ, ਕਿਸਾਨ ਆਗੂ ਮਾ. ਹਰਜਿੰਦਰ ਸਿੰਘ ਹਰੀਨੌ”, ਭਾਈ ਸਤਨਾਮ ਸਿੰਘ ਚੰਦੜ, ਭਾਈ ਪ੍ਰਗਟ ਸਿੰਘ ਮੁੱਦਕੀ, ਕਿਸਾਨ ਆਗੂ ਸ਼ਰਨਜੀਤ ਸਿੰਘ, ਭਾਈ ਕੁਲਵਿੰਦਰ ਸਿੰਘ ਖ਼ਾਲਸਾ, ਭਾਈ ਗੋਰਾ ਸਿੰਘ ਗ੍ਰੰਥੀ ਬੁਰਜ ਜਵਾਹਰ ਸਿੰਘ, ਭਾਈ ਰਣਜੀਤ ਸਿੰਘ, ਨਿਰਮਲ ਸਿੰਘ ਧਰਮਕੋਟ, ਜਗਜੀਤ ਸਿੰਘ ਖੋਸਾ “ਦਲ ਖ਼ਾਲਸਾ”, ਭਾਈ ਪਿੱਪਲ ਸਿੰਘ ਉਮਰੀਆਣਾ, ਧੰਨਾ ਸਿੰਘ ਫੂਲੇਵਾਲ, ਬਲਵਿੰਦਰ ਸਿੰਘ ਭੋਡੀਪੁਰਾ, ਰਣਜੀਤ ਸਿੰਘ ਹਰੀ ਨੌ, ਮਨਦੀਪ ਸਿੰਘ ਕੋਰਸਿੰਘ ਵਾਲਾ, ਮੱਖਣ ਸਿੰਘ ਰੌਂਤਾ, ਸੁਦਾਗਰ ਸਿੰਘ ਭਦੌੜ, ਗੁਰਮੇਲ ਸਿੰਘ ਕਿਸਾਨ ਆਗੂ, ਤਰਸੇਮ ਸਿੰਘ, ਬਲਵਿੰਦਰ ਸਿੰਘ, ਤੀਰਥ ਸਿੰਘ ਕੋਟਕਪੁਰਾ, ਟੋਨੀ ਕੋਟਕਪੂਰਾ, ਸਤਪਾਲ ਸਿੰਘ ਢੈਪਈ, ਅਮੋਲਕ ਪੰਜਗਰਾਈਂ, ਹਰਜੀਤ ਚਹਿਲ, ਰੁਪਿੰਦਰ ਸਿੰਘ ਪੰਜਗਰਾਈਂ, ਰਘਵੀਰ ਸਿੰਘ ਖਿਆਲੀਵਾਲਾ ਆਦਿ ਵੀ ਹਾਜਰ ਸਨ।