ਹਾਂ ਮੁਹੱਬਤ ਤੇ ਹੈ ਉਸ ਨੂੰ
ਬਸ ਕਹਿਣ ਤੋਂ ਸੰਗ ਜਾਂਦਾ ਹੈ।
ਦੂਰੋਂ ਦੂਰੋਂ ਨਜ਼ਰ ਸਾਡੇ ਤੇ
ਪਰ ਕੋਲ਼ੋਂ ਨੀਵੀਂ ਪਾ ਕੇ ਲੰਘ ਜਾਂਦਾ ਹੈ।
ਇਕ ਤੇ ਅਸੀਂ ਪਹਿਲੋਂ ਥੋੜ ਦਿਲੇ
ਉਪਰੋਂ ਹੱਸਕੇ ਜਿੰਦ ਨੂੰ ਸੂਲੀ ਟੰਗ ਜਾਂਦਾ ਹੈ ।
ਮੂੰਹੋਂ ਤੇ ਬੋਲ ਕੇ ਚੰਦਰਾ ਕੁਝ ਨਹੀਂ ਕਹਿੰਦਾ
ਉਂਝ ਗੱਲਾਂ ਗੱਲਾਂ ਵਿਚ ਦਿਲ ਮੰਗ ਜਾਂਦਾ ਹੈ।
ਨੀਵੀਂ ਜਿਹੀ ਪਾ ਕੇ , ਥੋੜ੍ਹਾ ਮੁਸਕਾ ਕੇ
ਮੇਰੀ ਖੰਘ ਦੇ ਵਿੱਚ ਝੂਠੀ ਮੂਠੀ ਖੰਘ ਜਾਂਦਾ ਹੈ।
ਉਹਦੀ ਇਕ-ਇਕ ਅਦਾ ਹੈ ਕਾਤਿਲ
ਉਪਰੋਂ ਕਹਿਰ ਹੁਸਨ ਸੀਨਾ ਡੰਗ ਜਾਂਦਾ ਹੈ।
ਜੇ ਕੋਈ ਤੈਨੂੰ ਦੇਖੇ ਤਾਂ ਪਤਾ ਲੱਗੇ
ਮਿਰਜ਼ਾ ਹਰ ਜਨਮ ਮਰਨ ਲਈ ਕਿਉਂ ਝੰਗ ਜਾਂਦਾ ਹੈ।
ਨਿੱਤ ਕਰਨੇ ਹਾਂ ਜੱਦੋ ਜਹਿਦ ਜਜ਼ਬਾਤਾਂ ਸੰਗ
ਜਿਵੇਂ ਕੋਈ ਯੋਧਾ ਜੰਗ ਜਾਂਦਾ ਹੈ।
ਜਦ ਤੱਕ ਜਾਗਾ ਪੈਂਦੇ ਰਹਿਣ ਭੁਲੇਖੇ
ਉਹ ਖ਼ਾਬਾਂ ਵਿਚ ਵੀ ਕਰਕੇ ਤੰਗ ਜਾਂਦਾ ਹੈ।
ਉਹਦਾ ਹੁਸਨ ਜਿਵੇਂ ਕੋਈ ਤਲਿਸਮੀ ਜਾਦੂ
ਜੋ ਵੀ ਦੇਖੇ , ਬਸ ਰਹਿ ਦੰਗ ਜਾਂਦਾ ਹੈ।
ਸਾਡੇ ਵਾਰੀ ਪਤਾ ਨਹੀਂ ਕੀ ਹੋ ਜਾਂਦੈ ‘ਦੀਪ’
ਸੁਣਿਆ ਲੋਕਾਂ ਨੂੰ ਮੁਹੱਬਤਾਂ ਦੇ ਦੱਸਕੇ ਢੰਗ ਜਾਂਦਾ ਹੈ।
ਉਸ ਤੇ ਹੋਰ ਕੋਈ ਫਿਰ ਰੰਗ ਨਹੀਂ ਚੜ੍ਹਦਾ
ਜਿਸ ਤੇ ਚੜ੍ਹ ‘ਇਸ਼ਕ ਦਾ ਰੰਗ’ ਜਾਂਦਾ ਹੈ।
ਕਿੰਝ ਭੁੱਲ ਸਕਨੀ ਆ ਮੈਂ ਗੀਤ ਮੁਹੱਬਤਾਂ ਦਾ
ਉਹ ਪੁਰਾਣੀ ਟੁੱਟਣੋਂ ਪਹਿਲਾਂ ਨਵੀਂ ਫੜਾ ਵੰਗ ਜਾਂਦਾ ਹੈ।
ਜ..ਦੀਪ ਸਿੰਘ ‘ਦੀਪ’
ਪਿੰਡ- ਕੋਟੜਾ ਲਹਿਲ
ਜ਼ਿਲਾ- ਸੰਗਰੂਰ
ਮੋਬਾ: 98760-04714