ਔਰਤ ਨੂੰ ਦੇਵੀ ਕਹਿ ਦੇਣ ਨਾਲ, ਉਸਨੂੰ ਦੇਵੀ ਦਾ ਦਰਜਾ ਨਹੀਂ ਮਿਲ ਜਾਂਦਾ। ਆਪਣੀ ਮਨਪਸੰਦ ਦੀ ਜ਼ਿੰਦਗੀ ਜਿਉਣ ਦੀ ਖੁੱਲ੍ਹ ਨਹੀਂ ਮਿਲ ਜਾਂਦੀ । ਮਰਦ ਨੂੰ ਕਦੇ ਵੀ ਔਰਤ ਦੀ ਇਸ ਘੁੱਟਣ ਦਾ ਜ਼ਰਾ ਜਿੰਨਾਂ ਅਨੁਭਵ ਵੀ ਨਹੀਂ ਹੁੰਦਾ ਇਸ ਲਈ ਉਹ ਔਰਤ ਨੂੰ ਪੂਰੀ ਤਰ੍ਹਾਂ ਸਮਝ ਨੀਂ ਪਾਉਂਦਾ ਕਿ ਉਹ ਵੀ ਰੱਬ ਦਾ ਜੀਅ ਹੈ। ਉਸ ਦੀਆਂ ਵੀ ਆਪਣੇ ਜੀਵਨ ਲਈ ਆਪਣੀਆਂ ਕੁੱਝ ਇਛਾਵਾਂ ਹਨ । ਲਗਭਗ ਸਾਰੀਆਂ ਔਰਤਾਂ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਬਣਾਈ ਰੱਖਣ ਲਈ ਆਪਣੇ ਚਾਅ ਮਾਰ ਕੇ ਸਮਝੌਤੇ ਕਰਦੀਆਂ ਹਨ ਪਰ ਕੁੱਝ ਔਰਤਾਂ ਇਸ ਮਰਦ ਪ੍ਰਧਾਨ ਇੱਕ ਪੱਖੀ ਸਮਾਜ ਦੀ ਸੌੜੀ ਸੋਚ ਨੂੰ ਚਣੌਤੀ ਵੀ ਦਿੰਦੀਆਂ ਹਨ , ਆਪਣੀ ਸੋਚ ਨੂੰ ਖੰਭ ਲਾ ਕੇ ਉੱਚੀ ਉਡਾਰੀ ਭਰਦੀਆਂ ਹਨ । ਆਪਣੀ ਵੱਖਰੀ ਪਹਿਚਾਣ ਬਣਾ ਸਕਣ ਦੀ ਹਿੰਮਤ ਕਰਦੀਆਂ ਹਨ । ਜੋ ਮਰਦ ਪ੍ਰਧਾਨ ਸਮਾਜ ਨੂੰ ਕਦੇ ਵੀ ਮੰਜ਼ੂਰ ਨਹੀਂ ਹੁੰਦਾ । ਔਰਤ ਇਸ ਗੁਲਾਮ ਸੋਚ ਦੇ ਪਿੰਜ਼ਰੇ ਨੂੰ ਤੋੜ ਕੈਦ ਤੋਂ ਮੁਕਤੀ ਪਾ ਤਾ ਲੈਂਦੀ ਹੈ ਪਰ ਅਜਿਹੇ ਹਾਲਤਾਂ ਵਿੱਚ ਵੀ ਉਸਨੂੰ ਵਿਰੋਧ ਦਾ, ਸਮਾਜਿਕ ਅਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਦੇ ਸਾਫ਼-ਸੁਥਰੇ ਕਿਰਦਾਰ ਦੇ ਅਕਸ਼ ਨੂੰ ਧੁੰਦਲਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਨੂੰ ਆਪ-ਹੁਦਰੀ, ਚਰਿੱਤਰਹੀਣ, ਕੁਲਹਿਣੀ, ਚੰਦਰੀ ‘ਤੇ ਹੋਰ ਪਤਾ ਨਹੀਂ ਕਿੰਨੇਂ ਕੁ ਨਾਕਾਰਾਤਮਕ ਸੰਘਿਆਵਾਂ ਦੇ ਕੇ ਅਪਮਾਨਿਤ ਕੀਤਾ ਜਾਂਦਾ ਹੈ।ਸਮਾਜ ਦੇ ਇਸ ਵਿਵਹਾਰ ਦੇ ਡਰੋਂ ਹੀ ਔਰਤਾਂ ਕਾਬਲਿਅਤ ਹੋਣ ਦੇ ਬਾਵਜੂਦ ਵੀ ਮਰਦ ਪ੍ਰਧਾਨ ਸਮਾਜ ਦੀ ਖਿੱਚੀ ਲਕਸ਼ਮਣ ਰੇਖਾ ਯਾਨੀ ਸਮਾਜਿਕ ਮਰਿਆਦਾ ਦੇ ਦਾਇਰੇ ਵਿੱਚ ਹੀ ਰਹਿਣਾ ਜ਼ਿਆਦਾ ਠੀਕ ਸਮਝਦੀ ਹੈ।
ਔਰਤਾਂ ਦਾ ਹੌਸਲਾ ਵਧਾਉਣ ਦੀ ਥਾਂ ਹੌਸਲਾ ਡੇਗ ਦੇਣਾ ਹਰ ਮਰਦ ਦੀ ਫ਼ਿਤਰਤ ਹੈ। ਔਰਤ ਦੇ ਪੈਰਾਂ ਨੂੰ ਬੇੜੀਆਂ ਲਾ ਦਿੱਤੀਆਂ ਗਈਆਂ ਹਨ । ਚਾਹੇ ਉਹ ਨੌਕਰੀ ਕਰਕੇ ਬਰਾਬਰ ਜਾਂ ਮਰਦ ਤੋਂ ਵੱਧ ਵੀ ਕਮਾਵੇ ਤਾਂ ਵੀ ਨੌਕਰੀ ਦੇ ਨਾਲ-ਨਾਲ ਘਰ ਦੇ ਕੰਮ ਰੋਟੀ,ਕੱਪੜੇ, ਸਫ਼ਾਈਆਂ, ਪਰਿਵਾਰ ਦੀ ਦੇਖਭਾਲ, ਬੱਚਿਆਂ ਦਾ ਪਾਲਣ ਪੋਸ਼ਣ, ਪੜ੍ਹਾਈ -ਲਿਖਾਈ, ਸਾਂਭ-ਸੰਭਾਲ ਦੀ ਹਰ ਜ਼ਿੰਮੇਦਾਰੀ, ਰਿਸ਼ਤੇਦਾਰਾਂ ਦੀ ਆਓ ਭਗਤ , ਹਰ ਗੱਲ ਨੂੰ ਬਿਨਾਂ ਕਿੰਤੂ ਪ੍ਰੰਤੂ ਮੰਨਣਾ, ਆਪਣੇ ਸ਼ੌਕਾਂ ਦਾ ਗਲਾ ਘੋਟ ਕੇ ਉਪਰੋਕਤ ਸਾਰੇ ਕੰਮ ਬਿਨਾਂ ਰੁਕੇ, ਬਿਨਾਂ ਥੱਕੇ, ਬਿਮਾਰ ਹੋਣ ਦੇ ਬਾਵਜੂਦ ਵੀ ਪੂਰਾ ਕਰਨ ਦੀਆਂ ਹਦਾਇਤਾਂ ਰੂਪੀ ਬੇੜੀਆਂ ਨੇ ਔਰਤ ਨੂੰ ਸ਼ਰੀਰਕ ਤੌਰ ਤੇ ਹੀ ਨਹੀਂ ਮਾਨਸਿਕ ਤੌਰ ਤੇ ਵੀ ਗੁਲਾਮ ਕਰ ਰੱਖਿਆ ਹੈ। ਕੋਈ ਵਿਰਲੀ ਔਰਤ ਹੋਵੇਗੀ ਜਿਸ ਨੂੰ ਘਰ ਵਿੱਚ ਪੂਰਾ ਸਨਮਾਨ ਮਿਲ ਰਿਹਾ ਹੋਵੇ।
ਨੌਕਰੀਪੇਸ਼ਾ ਔਰਤਾਂ ਨੂੰ ਘਰ ਵਿੱਚ ਹੀ ਨਹੀਂ ਨੌਕਰੀ ਵਾਲੀਆਂ ਥਾਵਾਂ ਉੱਤੇ ਵੀ ਚੁਣੌਤੀਪੂਰਨ ਹਲਾਤਾਂ ਦਾ ਹਰ ਰੋਜ਼ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤ ਅੱਗੇ ਦੋ ਹੀ ਰਾਹ ਹੁੰਦੇ ਹਨ ਜਾਂ ਤਾਂ ਉਹ ਹਲਾਤਾਂ ਨਾਲ ਸਮਝੌਤਾ ਕਰੇ ਅਤੇ ਚੁੱਪ-ਚਾਪ ਸਭ ਕੁੱਝ ਸਹਿਣ ਕਰ ਲਵੇ ਜਾਂ ਇਹਨਾਂ ਹਲਾਤਾਂ ਦੇ ਵਿਰੋਧ ਵਿੱਚ ਖੜ੍ਹੀ ਹੋ ਜਾਵੇ ਪਰ ਔਰਤ ਅਕਸਰ ਸਮਾਜ ਜਾਂ ਲੋਕ ਕੀ ਕਹਿਣਗੇ ਦੇ ਡਰੋਂ ਪਹਿਲਾਂ ਰਾਕ ਹੀ ਚੁਣਨਾ ਪਸੰਦ ਕਰਦੀ ਹੈ ਹਾਲਾਂਕਿ ਇਹ ਆਪਣੀਆਂ ਭਾਵਨਾਵਾਂ ਦਾ ਕਤਲ ਕਰਨਾ ਹੀ ਹੁੰਦਾ ਹੈ ਜਿਸ ਲਈ ਉਹ ਦੂਜਿਆਂ ਨੂੰ ਖ਼ਾਸ ਕਰ ਪਰਿਵਾਰ ਦੇ ਮਰਦਾਂ ਨੂੰ ਸੰਪੂਰਨ ਜੀਵਨ ਕੋਸਦੀ ਵੀ ਰਹਿਦੀ ਹੈ ਅਤੇ ਮਾਫ਼ ਵੀ ਨਹੀਂ ਕਰ ਪਾਉਂਦੀ ਪਰ ਮਜਬੂਰੀ ਬਸ ਜ਼ਿੰਦਗੀ ਵੀ ਉਹਨਾਂ ਨਾਲ ਹੀ ਕੱਟਦੀ ਹੈ ਕਿਉਂਕਿ ਉਸ ਨੂੰ ਆਪਣੇ ਬਾਬੁਲ, ਮਾਂ ਅਤੇ ਭਰਾ ਦੀ ਇੱਜ਼ਤ ਰੱਖਣ ਦੀ ਜ਼ਿੰਮੇਵਾਰੀ ਵੀ ਮਜ਼ਬੂਰੀਵਸ ਨਿਭਾਉਣੀ ਪੈਂਦੀ ਹੈ। ਨੌਕਰੀ ਦੌਰਾਨ ਔਰਤ ਨੂੰ ਅਕਸਰ ਸ਼ਰੀਰਕ ਹੀ ਨਹੀਂ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ਪਰ ਉਹ ਸਮਾਜ ਦੇ ਡਰੋਂ ਚੁੱਪ ਰਹਿੰਦੀ ਹੈ ਅਤੇ ਘੁੱਟਦੀ ਰਹਿੰਦੀ ਹੈ। ਮਰਦ ਬੋਸ ਦੀ ਕੁਰਸੀ ਉਪਰ ਬੈਠਾ ਹੋਵੇ ਤਾਂ ਉਹ ਆਪਣੀ ਈਗੋ ਨੂੰ ਹਰਟ ਹੁੰਦਿਆਂ ਕਿੰਝ ਬਰਦਾਸ਼ਤ ਕਰ ਸਕਦਾ ਹੈ ਉਹ ਮਰਦ ਜੋ ਹੈ। ਉੱਥੇ ਹੀ ਜੇਕਰ ਔਰਤ ਉੱਚ ਅਹੁਦੇ ਉਪਰ ਵਿਰਾਜਮਾਨ ਹੈ ਤਾਂ ਵੀ ਮਰਦ ਉਸਦੀ ਆਗਿਆ ਦਾ ਪਾਲਣਾ ਕਰਨਾ ਆਪਣੀ ਸ਼ਾਨ ਦੇ ਖ਼ਿਲਾਫ਼ ਹੀ ਸਮਝਦਾ ਹੈ। ਅਜਿਹੇ ਹਾਲਾਤਾਂ ਵਿੱਚ ਵੀ ਸੰਸਥਾ ਵਿੱਚ ਸ਼ਾਂਤੀ ਬਣਾਈ ਰੱਖਣ ਅਤੇ ਰੋਜ਼ਾਨਾ ਕਾਰਜਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਔਰਤ ਨੂੰ ਸਮਝੌਤੇ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਜੇਕਰ ਉਹ ਖਿਲਾਫਿਅਤ ਕਰਦੀ ਹੈ ਤਾਂ ਉਸ ਉਪਰ ਸਖ਼ਤ ਜਾਂ ਭੈੜੀ ਹੈਣ ਦਾ ਟੈੱਗ ਲੱਗਣਾ ਯਕੀਨਨ ਹੈ । ਕੁੱਲ ਮਿਲਾ ਕੇ ਔਰਤ ਨੂੰ ਅਤੇ ਉਸਦੀ ਆਵਾਜ਼ ਨੂੰ ਦਬਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ।
ਪਰੰਤੂ ਔਰਤ ਵੀ ਇੰਨੀਂ ਆਸਾਨੀ ਨਾਲ ਹਾਰ ਨਹੀਂ ਮੰਨਦੀ ਅਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੀ ਹੋਈ ਵੀ ਉੱਚ ਸੋਬਿਆਂਂ ਦੇ ਵਿਰਾਜਮਾਨ ਹੈ। ਸਫ਼ਲਤਾ ਪੂਰਵਕ ਸੰਸਥਾਵਾਂ ਚਲਾ ਰਹੀ ਹੈ, ਚੰਦ ‘ਤੇ ਪਹੁੰਚੀ ਹੈ, ਸਾਹਿਤਕ ਖੇਤਰ ਵਿੱਚ ਵੀ ਔਰਤਾਂ ਨੇ ਨਾਮਣਾਂ ਖੱਟਿਆ ਹੈ । ਡਾਕਟਰ, ਪਾਇਲਟ, ਇੰਜਨੀਅਰ, ਵਿਗਿਆਨੀ ਅਧਿਆਪਕ, ਪ੍ਰੋਫੈਸਰ ਅਤੇ ਨੇਵੀ, ਆਰਮੀ, ਏਅਰਫੋਰਸ ਉਹ ਕਿਹੜੀ ਪਦਵੀਂ ਹੈ ਜਿਸ ਉਪਰ ਅੱਜ ਦੀ ਔਰਤ ਵਿਰਾਜਮਾਨ ਨਹੀਂ ਹੈ । ਆਪਣੇ ਹੱਕਾਂ ਲਈ ਔਰਤ ਨੂੰ ਸਦੀਆਂ ਤੋਂ ਸੰਘਰਸ਼ ਕਰਨਾ ਪੈ ਰਿਹਾ ਹੈ। ਔਰਤ ਝਾਂਸੀ ਦੀ ਰਾਣੀ ਬਣਕੇ ਆਪਣੇ ਹੱਕਾਂ ਲਈ ਹਮੇਸ਼ਾ ਆਵਾਜ਼ ਉਠਾਉਂਦੀ ਰਹੀ ਹੈ ਅਤੇ ਕੁਰਬਾਨੀ ਦਿੰਦੀ ਹੈ ਅਤੇ ਕਦੇ ਚੰਡੀ ਬਣਕੇ ਜਾਂ ਫੂਲਨ ਦੇਵੀ ਡਾਕੂ ਬਣਕੇ ਆਪਣੇ ਉਪਰ ਹੁੰਦੇ ਅਨਿਆਂ ਵਿਰੁੱਧ ਹਥਿਆਰ ਚੱਕਦੀ ਰਹੀ ਹੈ। ਇਹੀ ਮਹਾਨ ਔਰਤ ਜਨਨੀ ਬਣਕੇ ਮਰਦ ਨੂੰ ਜਣਦੀ ਰਹੀ ਹੈ। ਇਸ ਬਿਨਾਂ ਸੰਸਾਰ ਅਧੂਰਾ ਹੈ। ਔਰਤ ਸਤਿਕਾਰ ਦੀ ਹੱਕਦਾਰ ਹੈ। ਇਸ ਨੂੰ ਆਪਣੇ ਮਨਪਸੰਦ ਜੀਵਨ ਨੂੰ ਜਿਉਣ ਦਾ ਅਧਿਕਾਰ ਹੈ।

ਪਰਮ ‘ਪ੍ਰੀਤ’ ਬਠਿੰਡਾ
97805-63304