ਕਿਸ ਨੇ ਅੱਗ ਲਗਾਈ ਏ ਏਧਰ ਓੁਧਰ ਏਧਰ।
ਐਸੀ ਚੁਗ਼ਲੀ ਲਾਈ ਏ ਏਧਰ ਓੁਧਰ ਏਧਰ।
ਰਿਸ਼ਵਤ ਵਾਲੇ ਖ਼ੂਨ ’ਚ ਉਸ ਨੇ ਕੋਠੀ ਪਾਈ ਹੈ,
ਚਰਚਾ ਵਿਚ ਸੱਚਾਈ ਏ ਏਧਰ ਓੁਧਰ ਏਧਰ।
ਤੇਜ਼ ਹਵਾ ਸਿਰ ਐਵੇਂ ਦੋਸ਼ ਲਗਾਈ ਜਾਂਦੇ ਹੋ,
ਕੱਖਾਂ ਅੱਗ ਮਚਾਈ ਏ ਏਧਰ ਓੁਧਰ ਏਧਰ।
ਹਾਕਿਮ ਕੋਲੋਂ ਹੱਕ ਲੈਣੇ ਕੋਈ ਸੌਖੇ ਨਈ,
ਲੋਕਾਂ ‘ਵਾਜ਼ ਉਠਾਈ ਏ ਏਧਰ ਓੁਧਰ ਏਧਰ।
ਮਾਹੀ ਨੇ ਅੱਜ ਆਉਣਾ ਏਂ ਸ਼ਾਮ ਢਲੇ ਨੂੰ ਵੇਖੀ,
ਪਲਕਾਂ ਸੇਜ ਵਿਛਾਈ ਹੇ ਏਧਰ ਓੁਧਰ ਏਧਰ।
ਪਰਦੇਸ਼ਾਂ ’ਚੋਂ ਲਗਦਾ ਕੋਈ ਆਵਣ ਵਾਲਾ ਏ,
ਮਹਿਫ਼ਿਲ ਖ਼ੂਬ ਸਜਾਈ ਏ ਏਧਰ ਓੁਧਰ-ਏਧਰ।
ਲਗਦਾ ਮਾਰੂਥਲ ਦੀ ਫਰਿਆਦ ਸੁਣੀ ਜਾਵੇਗੀ,
ਇੱਕ ਘਟਾ ਫਿਰ ਛਾਈ ਹੇ ਏਧਰ ਓੁਧਰ ਏਧਰ।
ਰੁਸ ਕੇ ਕੌਣ ਗਿਆ ਹੈ ਵਸਦੇ-ਰਸਦੇ ਘਰ ਵਿੱਚੋਂ,
ਤਨਹਾਈ-ਤਨਹਾਈ ਹੈ ਏਧਰ ਓੁਧਰ ਏਧਰ।
ਦੂਰ ਦਿਸ਼ਾਵਾਂ ਤੀਕਰ ਖ਼ੁਸ਼ਬੂ ਹੋਂਦ ਵਿਖਾਈ ਹੈ,
ਫੁੱਲਾਂ ’ਤੇ ਅੰਗੜਾਈ ਹੈ ਏਧਰ ਓੁਧਰ ਏਧਰ।
ਬਾਲਮ ਅੱਧੀ ਰਾਤੀਂ ਕੋਈ ਜਸ਼ਨ ਜਿਹਾ ਲੱਗੇ,
ਯਾਦਾਂ ਦੀ ਸ਼ਹਿਨਾਈ ਹੈ ਏਧਰ ਓੁਧਰ ਏਧਰ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ – 98156-25409