ਕੋਟਕਪੂਰਾ, 19 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਨੇ ਮੀਰੀ ਪੀਰੀ ਦਿਵਸ ਮਨਾਇਆl ਸਿੱਖ ਧਰਮ ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ ਦੁਨਿਆਵੀ ਅਤੇ ਧਾਰਮਿਕ ਦੋਵੇਂ ਪੱਖਾਂ ਤੋਂ ਜ਼ਿੰਦਗੀ ਵਿੱਚ ਬਰਾਬਰ ਮਹੱਤਤਾ ਰੱਖਦਾ ਹੈl ਸਿੱਖ ਦਾ ਜੀਵਨ ਮਨੋਰਥ ਮੀਰੀ ਪੀਰੀ ਦਾ ਸੁਮੇਲ ਹੈl ਸੰਸਥਾਤਮਕ ਤੌਰ ‘ਤੇ ਇਹਨਾਂ ਦਾ ਸਬੰਧ ਛੇਵੇਂ ਗੁਰੂ ਸ੍ਰੀ ਗੁਰੂ ਹਰਿਰਗੋਬਿੰਦ ਸਾਹਿਬ ਦੇ ਸਮੇਂ ਤੋਂ ਵੇਖਣ ਨੂੰ ਮਿਲਦਾ ਹੈl ਇਸ ਦਿਵਸ ਦੇ ਆਗਮਨ ਤੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਧਵਨ ਕੁਮਾਰ ਜੀ ਦੀ ਅਗਵਾਈ ਹੇਠ ਸੇਵਾ ਨਿਭਾ ਰਹੇ ਧਾਰਮਿਕ ਸਿੱਖਿਆ ਦੇ ਅਧਿਆਪਕ ਸ਼੍ਰੀਮਾਨ ਲਵਪ੍ਰੀਤ ਸਿੰਘ ਦੇ ਸਹਿਯੋਗ ਨਾਲ਼ ਸਹਿਜ ਪਾਠ ਸੰਸਥਾ ਮੋਗਾ ਵੱਲੋਂ ਇੱਕ ਰੋਜ਼ਾ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆl ਇਸ ਸੰਸਥਾ ਦੀ ਪ੍ਰਬੰਧਕੀ ਟੀਮ ਵੱਲੋਂ ਸਰਦਾਰ ਰਤਨ ਸਿੰਘ ਅਤੇ ਸਰਦਾਰਨੀ ਅਮਨਦੀਪ ਕੌਰ ਜੀ ਨੇ ਸਕੂਲ ਵਿਖ਼ੇ ਸ਼ਿਰਕਤ ਕੀਤੀl ਉਹਨਾਂ ਹਰੇਕ ਜਮਾਤ ਦੇ ਵਿਦਿਆਰਥੀਆਂ ਨਾਲ਼ ਗੁਰਬਾਣੀ, ਸਿੱਖ ਇਤਿਹਾਸ, ਮੀਰੀ ਪੀਰੀ ਦੀ ਮਹੱਤਤਾ, ਰੋਜ਼ਾਨਾ ਨਿਤਨੇਮ ਬਾਣੀ ਦਾ ਸਿਮਰਨ ਆਦਿ ਅਧਿਆਤਮਕ ਵਿਸ਼ਿਆਂ ਉੱਤੇ ਵਿਚਾਰ ਕਰਨ ਤੋਂ ਇਲਾਵਾ ਨਸ਼ਾ ਮੁਕਤ ਪੰਜਾਬ, ਪਾਣੀ ਦੀ ਸੰਭਾਲ, ਵਾਤਾਵਰਨ ਦੀ ਸੰਭਾਲ, ਵੱਧ ਤੋਂ ਵੱਧ ਰੁੱਖ ਲਗਾਉਣਾ ਆਦਿ ਦੁਨਿਆਵੀ ਵਿਸ਼ਿਆਂ ਉੱਤੇ ਚਰਚਾ ਕੀਤੀl ਇਸ ਉਪਰੰਤ ਟੀਮ ਮੈਂਬਰਾਂ ਵੱਲੋਂ ਵਿਦਿਆਰਥੀਆਂ ਨੂੰ ਗੁਰੂ ਸਹਿਬਾਨ ਅਤੇ ਗੁਰਬਾਣੀ ਨਾਲ਼ ਸੰਬੰਧਤ ਪ੍ਰਸ਼ਨ ਪੁੱਛੇ ਗਏ ਅਤੇ ਨਾਲ਼ ਹੀ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਰਵਾਏ ਜਾਣ ਵਾਲੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਮੁਕਾਬਲੇ ਸਕੂਲ ਵਿੱਚ ਕਰਵਾਏ ਜਾਣਗੇl ਇਹਨਾਂ ਮੁਕਾਬਲਿਆਂ ਵਿੱਚ ਧਾਰਮਿਕ ਸਿੱਖਿਆ ਦੇ ਨਾਲ਼ ਨਾਲ਼ ਆਮ ਵਿਸ਼ੇ ਵੀ ਸ਼ਾਮਲ ਕੀਤੇ ਜਾਣਗੇl ਇਸ ਇੱਕ ਰੋਜ਼ਾ ਸੈਮੀਨਾਰ ਦੀ ਸਮਾਪਤੀ ਉਪਰੰਤ ਅਜਿਹੀਆਂ ਗਤੀਵਿਧੀਆਂ ਕਰਵਾਉਣ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਜੀ ਨੂੰ ਸਹਿਜ ਪਾਠ ਸੰਸਥਾ ਟੀਮ ਵੱਲੋਂ ਸ਼ਲਾਘਾ ਪੱਤਰ ਭੇਟ ਕੀਤਾ ਗਿਆ ਅਤੇ ਵਿਦਿਆਰਥੀਆਂ ਲਈ ਗੁਰਬਾਣੀ ਸ਼ਬਦ ਸੁਲੇਖ ਭੇਟ ਕੀਤੇ ਗਏ l ਪ੍ਰਿੰਸੀਪਲ ਸ਼੍ਰੀ ਧਵਨ ਕੁਮਾਰ ਜੀ ਨੇ ਸਹਿਜ ਪਾਠ ਸੰਸਥਾ ਟੀਮ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਬੱਚਿਆਂ ਨੂੰ ਸਹੀ ਦਿਸ਼ਾ ਨਿਦੇਸ਼ਾਂ ਤੇ ਪਾਉਣ ਲਈ ਅਜਿਹੀਆਂ ਹੋਰ ਗਤੀਵਿਧੀਆਂ ਨੂੰ ਉਲੀਕਣ ਲਈ ਪ੍ਰੇਰਿਤ ਵੀ ਕੀਤਾ!