ਲੁਧਿਆਣੇ ਜਿਲ੍ਹੇ ਦੀ ਜਗਰਾਉਂ ਤਹਿਸੀਲ ਦੇ ਇਤਿਹਾਸਕ ਪਿੰਡ ਹਠੂਰ ਦੀ ਕਬੱਡੀ ਖੇਡ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਮਸ਼ਹੂਰ ਖਿਡਾਰੀਆਂ ਦੇ ਨਾਮ ਆਉਂਦੇ ਹਨ ਜਿਹਨਾਂ ਵਿੱਚ ਰੂਪੇ ਹਠੂਰ ਦਾ ਜਿਕਰ ਖਾਸ ਤੌਰ ਤੇ ਆਉਂਦਾ ਹੈ।
ਪੰਜਾਬ ਦੀ ਮਿੱਟੀ ਨਾਲ਼,ਮੁੜ੍ਹਕੇ ਨਾਲ,ਦਮ-ਖ਼ਮ ਅਤੇ ਫੁਰਤੀ ਨਾਲ਼ ਜੁੜੀ ਖੇਡ ਕਬੱਡੀ ਨਾਲ ਬਚਪਨ ਤੋਂ ਹੀ ਜੁੜਿਆ ਰੂਪਾ ਹਠੂਰ ਸਕੂਲ ਦੇ ਗਰਾਊਂਡ ਚ’ ਸਵੇਰੇ ਸ਼ਾਮ ਮੱਥਾ ਟੇਕ ਕੇ ਆਪਣਾ ਗੋਰਾ ਪਿੰਡਾ ਗਰਮਾਉਂਦਾ ਤੇ ਗਰਾਊਂਡ ਚ’ ਆਪਣੇ ਸਾਥੀਆਂ ਨਾਲ ਦਮ ਪਕਾਉਣ ਲਈ ਬਿਨਾ ਨਾਗਾ ਦੌੜਦਾ,ਖੇਡਦਾ ਨਜ਼ਰ ਆਉਂਦਾ ਆਪਣੀ ਕਬੱਡੀ ਟੀਮ ਨੂੰ ਮਜਬੂਤ ਬਣਾਉਂਦਾ,ਆਪਣੇ ਦਰਸ਼ਨੀ ਸਰੀਰ ਨੂੰ ਲਿਸ਼ਕਾਉਂਦਾ ਰੇਡ ਪਾਉਂਦਾ, ਸਹਿਭਾਵਨਾ ਨਾਲ ਖੇਡਦਾ ਤੇ ਮੁਸਕਰਾਉਂਦਾ ਸਾਰਿਆਂ ਨੂੰ ਚੰਗਾ ਲਗਦਾ। ਉਸਨੇ ਕਾਲ਼ੇ ਕੋਚ ਅਤੇ ਬੱਗੇ ਹੁਰਾਂ ਦੀ ਅਗਵਾਈ ‘ਚ ਦਾਅ ਪੇਚ ਸਿੱਖੇ। ਹਠੂਰ ਵਿੱਚ ਰੂਪੇ ਦੇ ਇਸ ਦੌਰ ਤੋਂ ਪਹਿਲਾਂ ਦੇ ਖਿਡਾਰੀ ਵੀ ਪਿੰਡ ਚ’ ਕਾਫੀ ਵਧੀਆ ਖੇਡ ਭਾਵਨਾ ਵਾਲਾ ਮਾਹੌਲ ਸਿਰਜ ਚੁੱਕੇ ਸੀ। ਮੈਚ ਤੋਂ ਪਹਿਲਾਂ ਤੇ ਬਾਅਦ ‘ਚ ਰੂਪੇ ਦੁਆਲ਼ੇ ਉਸਦੇ ਪ੍ਰਸ਼ੰਸਕ ਝੁਰਮਟ ਜਿਹਾ ਬਣਾਈ ਰੱਖਦੇ ਤੇ ਉਸਦੇ ਸਾਥੀ ਖਿਡਾਰੀ ਹਾਸੇ ਮਜਾਕ ਦੀਆਂ ਗੱਲਾਂ ਕਰਦੇ। ਪਤਾ ਹੀ ਨਹੀਂ ਕਿੰਨੇ ਈ ਖਿਡਾਰੀ ਉਸਦੀ ਸੰਗਤ ‘ਚ ਹੀਰੇ ਵਾਂਗ ਤਰਾਸੇ ਗਏ ਜਿਹਨਾਂ ਨੇ ਵੱਖ- ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ।
ਉਸਨੇ ਪ੍ਰਾਇਮਰੀ ਸਕੂਲ ਤੋਂ 32 ਕਿੱਲੋ ਭਾਰ ਵਰਗ ਕਬੱਡੀ ਸ਼ੁਰੂ ਕੀਤੀ ਤੇ ਟੀਮ ਦੇ ਬਾਕੀ ਸਾਥੀ ਖਿਡਾਰੀਆਂ ਵਿੱਚ ਬੀਰਾ,ਰਾਣਾ,ਸੇਮਾ,ਗੀਤਾ,ਬਿੱਟੂ,ਗਾਮਾ, ਪੰਮਾ ਗਿਆਨੀ ਮਾਸਟਰ ਭਾਗ ਸਿੰਘ ਜੀ ਦਾ ਬੇਟਾ, ਲਾਲੀ ਤੇ ਸਰਬਾ ਸਨ। ਪਹਿਲਾ ਮੈਚ ਬੀਹਲੇ ਖੇਡਿਆ,ਚਾਲ਼ੀ ਰੁਪਏ ਅਤੇ ਜੱਗ ਇਨਾਮ ਵਜੋਂ ਜਿੱਤਿਆ। ਅਨੇਕਾਂ ਮੈਚ ਖੇਡਦਿਆਂ 52 ਕਿੱਲੋ ਭਾਰ ਵਰਗ ਟੀਮ ਵਿੱਚ ਪੈਰ ਧਰਿਆ। ਇਸ ਟੀਮ ,’ਚ ਕਾਲ਼ੂ , ਮਾਝੇ ਆਲ਼ਿਆਂ ਦਾ ਮਲਕੀਤ,ਗੋਖ਼ੀ,ਜਿੰਦਰ ਡਰਾਇਵਰ ਵਰਗੇ ਹੁੰਦੇ ਇਹਨਾਂ ਨੇ ਰੂਪੇ ਨੂੰ ਥਾਪੀ ਦੇਕੇ ਰੇਡ ਪਾਉਣ ਭੇਜਣਾ। ਰੂਪੇ ਨਾਲ ਕਾਲ਼ਾ,ਬਲਜੀਤ,ਸਰਬਾ,ਬੀਰਾ,ਹਰਜੀਤ ਪੱਕੇ ਬੇਲੀਆਂ ਦੀ ਸੰਗਤ ਰਹੀ। ਬਵੰਜਾ ਕਿੱਲੋ ਟੀਮ ਵਿੱਚ ਭੈਣੀ ਦਰੇੜਾਂ, ਗਹਿਲਾਂ,ਕਾਉਂਕੇ,ਤਖਤੂਪੁਰਾ,ਕਿਸ਼ਨਪੁਰਾ ਅਤੇ ਭਿੰਡਰ ਆਦਿ ਪਿੰਡਾਂ ਚ’ ਮੈਚ ਜਿੱਤੇ। ਇਸੇ ਸਮੇਂ ਸਕੂਲੀ ਮੁਕਾਬਲਿਆਂ ਦੌਰਾਨ ਨੈਸ਼ਨਲ ਕਬੱਡੀ ਵੀ ਖੇਡੀ। ਫੇਰ 57 ਕਿੱਲੋ ਖੇਡੀ ਉਸਤੋਂ ਬਾਅਦ 62 ਕਿੱਲੋ ਵੀ ਵਧੀਆ ਖੇਡੀ। 1989-90 ਦੇ ਦੌਰ ਦੀ ਗੱਲ ਹੈ ਜਦੋਂ ਹਰਜੀਤ,ਕਾਲ਼ਾ, ਦੋਵੇਂ ਬਲਜੀਤ,ਅਤੇ ਸਰਬੇ ਹੁਰਾਂ ਨਾਲ ਵਧੀਆ ਟੀਮ ਰਹੀ। ਖੇਡ ਕਲੱਬ ਵਾਲੇ ਰੂਪੇ ਨੂੰ ਬਹੁਤ ਮਾਣ ਦਿੰਦੇ ਰਹੇ ਜਿਵੇਂ ਦਰਸ਼ਨ ਸਿੰਘ ,ਮੁਖਤਿਆਰ ਸਿੰਘ, ਪੈਂਕਾ ਪੰਡਤ, ਪੈਂਕੇ ਦੇ ਪਿਤਾ ਮਾਸਟਰ ਮਨੋਹਰ ਲਾਲ, ਮੈਂਬਰ ਸੰਤੋਖ ਸਿੰਘ ਇਹਨਾਂ ਨੇ ਰੂਪੇ ਦੀ ਸੋਹਣੀ ਖੇਡ ਤੋਂ ਪ੍ਰਭਾਵਿਤ ਹੋਕੇ ਬੜੀ ਹੱਲਾਸ਼ੇਰੀ ਦਿੱਤੀ,ਇਹਨਾਂ ਵੱਲੋਂ ਖੁਰਾਕ ਦਾ ਵੀ ਧਿਆਨ ਰੱਖਿਆ ਗਿਆ। ਜਿਸ ਵਿੱਚ ਦੇਸੀ ਘਿਓ ਤੇ ਦੁੱਧ ਸ਼ਾਮਲ ਹੁੰਦਾ।
ਗਰਾਊਂਡ ਵਿੱਚ ਰੋਜ਼ਾਨਾ ਪ੍ਰੈਕਟਿਸ ਕਰਨਾ ਰੂਪੇ ਦਾ ਨਿੱਤਨੇਮ ਹੀ ਸੀ। ਸਵੇਰੇ ਚਾਰ ਵਜੇ ਗਰਾਊਂਡ ਵਿੱਚ ਹੋਣਾ ਤੇ ਦੋ ਘੰਟੇ ਦੱਬ ਕੇ ਲਾਉਣੇ। ਉਸਨੇ ਸਾਥੀਆਂ ਨਾਲ ਸਪਰੈਂਟਾਂ ਲਾਉਂਣੀਆਂ,ਡੰਡ ਲਾਉਣੇ, ਟਾਇਰ ਬੰਨ੍ਹ ਕੇ ਰਨਿੰਗ ਕਰਨੀ। ਰੱਸਾ ਚੜ੍ਹਨਾ ਵਗੈਰਾ ਵਗੈਰਾ। ਫੇਰ ਸ਼ਾਮ ਨੂੰ ਵੀ ਏਦਾਂ ਈ ਪ੍ਰੈਕਟਿਸ ਲਾਉਣੀ। ਹਠੂਰ ਵਿੱਚ ਪ੍ਰਾਇਮਰੀ ਅਤੇ ਹਾਈ ਦੀ ਪੜ੍ਹਾਈ ਦੌਰਾਨ ਬਹੁਤ ਸਾਰੇ ਮੈਚ ਖੇਡੇ ਅਤੇ ਸ਼ਾਨਦਾਰ ਰੇਡਰ ਵਜੋਂ ਜੇਤੂ ਹੋਕੇ ਉੱਭਰਦਾ ਰਿਹਾ। ਸਕੂਲ ਦੀ ਟੀਮ ਵਿੱਚ ਪੰਜਾਬ ਸਟੇਟ ਦੀਆਂ ਖੇਡਾਂ ਵਿੱਚ ਰੇਡਰ ਬਣ ਕੇ ਜੇਤੂ ਭੂਮਿਕਾ ਨਿਭਾਈ। ਇਹ ਕੋਈ 1988-89 ਦੀ ਗੱਲ ਹੋਣੀ ਜਦੋਂ ਸਟੇਟ ਦੀਆਂ ਖੇਡਾਂ ਵਿੱਚ ਜੇਤੂ ਰਿਹਾ। ਬੜਾ ਫਸਵਾਂ ਮੈਚ ਸੀ ਖੰਨੇ ਦੇ ਖੇਡ ਗਰਾਊਂਡ ਵਿੱਚ। ਖੰਨੇ ਵਿੱਚ ਅਣਗਿਣਤ ਦਰਸ਼ਕਾਂ ਦੀ ਭੀੜ ਨਾਲ ਭਰਿਆ ਖੇਡ ਮੈਦਾਨ ਤੇ ਮੈਦਾਨ ਦਾ ਹੀਰੋ ਰੂਪਾ ਹੀ ਜਾਪਦਾ ਸੀ।ਉਸਨੇ ਸੈਕੰਡਰੀ ਦੀ ਪੜ੍ਹਾਈ ਲਈ ਅਤੇ ਖੇਡਾਂ ਲਈ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਸੁਧਾਰ ਵਿੱਚ ਦਾਖਲਾ ਲਿਆ। 1992-93 ਦੀ ਗੱਲ ਆ ਜਦੋਂ ਸੁਧਾਰ ਤੋਂ ਰੂਪਾ ਨੈਸ਼ਨਲ ਸਟਾਇਲ ਦਾ ਗੋਲਡ ਮੈਡਲਿਸਟ ਰਿਹਾ ਤੇ ਸੁਧਾਰ ਕਾਲਜ ਦੀ ਅਤੇ ਕਬੱਡੀ ਟੀਮ ਦੀ ਸ਼ਾਨ ਵਧਾਈ।
ਪੇਂਡੂ ਖੇਡ ਮੇਲਿਆਂ ਵਿੱਚ 62 ਕਿੱਲੋ ਟੀਮ ਬੜੀ ਜੰਮ ਕੇ ਖੇਡੀ ਅਨੇਕਾਂ ਟੂਰਨਾਮੈਂਟ ਜਿੱਤੇ ਸਿਰਫ ਦੋ ਮੈਚ ਹਾਰੇ ਬਾਕੀ ਹਰ ਥਾਂ ਜੇਤੂ ਈ ਰਹੇ। ਹਠੂਰ ਦੇ ਟੂਰਨਾਮੈਂਟ ਵਿੱਚ ਛੇ ਟੀਮਾਂ ਵਾਹਵਾ ਤਕੜੀਆਂ ਸੀ। ਫਾਈਨਲ ਮੈਚ ਰਕਬੇ ਨਾਲ ਹੋਇਆ ਤੇ ਫਸਵੇਂ ਮੈਚ ਵਿੱਚ ਰਕਬੇ ਨੂੰ ਹਰਾਇਆ। ਇਹ ਮੈਚ ਬੜਾ ਯਾਦਗਾਰੀ ਰਿਹਾ। ਰੂਪਾ ਉਦੋਂ ਸੁਧਾਰ ਕਾਲਜ ਪੜ੍ਹਦਾ ਹੁੰਦਾ ਸੀ ਤੇ ਜਿਹੜੀ ਟੀ ਸ਼ਰਟ ਕਾਲਜ ਵੱਲੋਂ ਮਿਲੀ ਸੀ ਪਿੰਡ ਦੇ ਟੂਰਨਾਮੈਂਟ ਵਿੱਚ ਦਮਦਾਰ ਰੇਡਰ ਵਜੋਂ ਮੈਚ ਜਿੱਤਣ ਤੇ’ ਓਸੇ ਟੀ ਸ਼ਰਟ ਦੀ ਝੋਲ਼ੀ ਲੋਕਾਂ ਨੇ ਰੁਪਈਆਂ ਨਾਲ ਨੱਕੋ- ਨੱਕ ਭਰ ਦਿੱਤੀ ਸੀ ਤੇ ਐਨੇ ਪੈਸਿਆਂ ਨਾਲ ਲੋਕਾਂ ਨੇ ਮਾਣ ਬਖਸ਼ਿਆ ਕਿ ਨੋਟ ਝੋਲੀ ਤੋਂ ਬਾਹਰ ਡਿੱਗਦੇ ਰਹੇ,ਨਾਲ ਦੋ ਸਾਥੀ ਨੋਟ ਸਾਂਭ ਲੱਗੇ ਹੋਏ ਸੀ। ਰੂਪਾ ਦੱਸਦਾ ਹੈ ਕਿ ਉਸ ਦਿਨ ਲੋਕਾਂ ਨੇ ਝੋਲੀ ਮਾਣ ਨਾਲ ਵੀ ਭਰੀ ਅਤੇ ਨੋਟਾਂ ਨਾਲ ਵੀ ਭਰੀ। ਉਸਦੇ ਹਸਮੁੱਖ ਚਿਹਰੇ ਅਤੇ ਦਰਸ਼ਨੀ ਸਰੀਰ ਨੂੰ ਦੇਖਦਿਆਂ ਹਰ ਕੋਈ ਮਾਣ ਕਰਦਾ ਤੇ’ ਰੂਪਾ ਲੋਕਾਂ ਨੂੰ ਫਿਲਮੀ ਹੀਰੋ ਤੋਂ ਵੀ ਵਧਕੇ ਚੰਗਾ ਲਗਦਾ। ਹਠੂਰ ਪਿੰਡ ਦੇ ਟੂਰਨਾਮੈਂਟ ਦੌਰਾਨ ਹੋਇਆ ਇਹ ਸ਼ਾਨਦਾਰ ਮੈਚ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਚੇਤਿਆਂ ਚ’ ਵਸਿਆ ਹੋਇਆ ਹੈ।
ਫੇਰ ਓਪਨ ਕਬੱਡੀ ਚ’ ਪੁਲਾਂਘਾਂ ਪੁੱਟੀਆਂ ਇਸ ਟੀਮ ਚ’ ਨਿਹਾਲ ਸਿਉਂ ਕਾ ਕੀਪਾ, ਬੱਗਾ,ਕਾਲਾ ਸਾਥੀ ਬਣੇ। ਰੂਪਾ 1995 ਤੋਂ ਲੈਕੇ 2008 ਤੱਕ ਓਪਨ ਕਬੱਡੀ ਖੇਡਿਆ। ਹਠੂਰ ਦਾ ਕਮਾਲਪੁਰੇ ਟੂਰਨਾਮੈਂਟ ਵਿੱਚ ਬੜੂੰਦੀ ਦੀ ਟੀਮ ਨਾਲ ਬੜਾ ਟੱਕਰ ਦਾ ਫਸਵਾਂ ਮੈਚ ਹੋਇਆ ਤੇ ਹਠੂਰ ਦੀ ਟੀਮ ਜੇਤੂ ਰਹੀ ਸੀ। ਰੂਪੇ ਦੀ ਟੀਮ ਨੇ ਇੱਕ ਵਾਰ ਬੜੂੰਦੀ ਟੂਰਨਾਮੈਂਟ ਤੋਂ ਸੋਨੇ ਦਾ ਕੱਪ ਜਿੱਤਿਆ ਸੀ ਓਪਨ ਦੇ ਪਹਿਲੇ ਈ ਸਾਲ 32 ਹਜ਼ਾਰ ਦਾ ਇਨਾਮ ਜਿੱਤਿਆ ਸੀ। ਇਨਾਮ ਚ’ ਮਿਲਿਆ ਸੋਨੇ ਦਾ ਕੱਪ ਗੁਰਦੁਆਰਾ ਛੇਵੀਂ ਪਾਤਸ਼ਾਹੀ ਹਠੂਰ ਵਿਖੇ ਰੱਖ ਕੇ ਸ਼ਰਧਾ ਵਜੋਂ ਮੱਥਾ ਟੇਕਿਆ। ਕਮਲ ਹਠੂਰ ਅਤੇ ਛਿੰਦੇ ਹੁਰਾਂ ਨੇ ਬੜੀ ਸਪੋਟ ਕੀਤੀ। ਇਹਨਾਂ ਨੇ ਹੀ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਸੀ ਰੂਪੇ ਨੂੰ ।
ਸਾਰੇ ਖਿਡਾਰੀਆਂ ਨੂੰ ਗਰਾਊਂਡ ਦਾ ਬੜਾ ਚਾਅ ਹੁੰਦਾ ਸੀ ਜਿਵੇਂ ਗੁਰਦੁਆਰੇ ਨਿੱਤਨੇਮ ਲਈ ਲੋਕ ਜਾਂਦੇ ਓਵੇਂ ਰੂਪਾ ਗਰਾਊਂਡ ਜਾਂਦਾ। ਉਸਨੇ ਸਿਖਾਂਦਰੂਆਂ ਨੂੰ ਚੰਗੀ ਸੋਚ,ਚੰਗੀ ਸਿਹਤ ਅਤੇ ਚੰਗੀ ਸਿੱਖਿਆ ਵੀ ਵੰਡੀ । ਉਦੋਂ ਅੱਜ ਵਾਂਗੂੰ ਖਿਡਾਰੀ ਨਸ਼ਿਆਂ ਚ’ ਨਹੀਂ ਸੀ ਪਏ। ਸ਼ੁੱਧ ਖੁਰਾਕਾਂ,ਦੁੱਧ ਘਿਓ ਤੇ ਗੁੰਦਵੇਂ ਸਰੀਰ ਪੂਰਾ ਨਜ਼ਾਰਾ ਬੱਝਦਾ ਸੀ ਦਰਸ਼ਕਾਂ ਨੂੰ ਖਿਡਾਰੀਆਂ ਦੀ ਖੇਡ ਵੇਖ ਕੇ। ਨਾ ਕੋਈ ਟੀਕਾ, ਨਾ ਕੋਈ ਮੈਡੀਸਨ ਤੇ ਨਾ ਕੋਈ ਹੋਰ ਨਸ਼ਾ ਹੁੰਦਾ। ਉਦੋਂ ਪੰਜਾਬੀ ਗਾਇਕ ਵੀ ਨਸ਼ਿਆਂ ਅਤੇ ਹਾਉਮੇਂ ਵਾਲੇ ਗਾਣੇ ਨਹੀਂ ਗਾਉਂਦੇ ਸੀ ਮਨੋਰੰਜਨ ਦੇ ਨਾਲ- ਨਾਲ ਬਹੁਤੇ ਗੀਤ ਨੈਤਿਕ ਕਦਰਾਂ ਕੀਮਤਾਂ ਵਾਲੇ ਹੁੰਦੇ। ਸਧਾਰਨ ਐਸ ਸੀ ਪਰਿਵਾਰ ਵਿੱਚ ਜੰਮਿਆ ਚਾਰ ਪੰਜ ਭੈਣ ਭਰਾਵਾਂ ਦਾ , ਮਾਂ ਬਾਪ ਦਾ ਅਤੇ ਪਿੰਡ ਵਾਲਿਆਂ ਦਾ ਪਿਆਰ ਮਾਣਦਾ ਹੋਇਆ ਰੂਪਾ ਕਬੱਡੀ ਦੀ ਸ਼ਾਨ ਬਣਿਆ ਰਿਹਾ।
ਪੰਮੀ ਮੱਲ੍ਹਾ, ਭਿੰਦਰ ਤੇ ਭੋਲਾ ਗਹਿਲਾਂ ਵਾਲੇ, ਭਿੰਡਰਾਂ ਦਾ ਬਿੱਲਾ,ਸੀਰਾ,ਚਕਰ ਦਾ ਕਰਮਾ,ਗੱਗੀ,ਕਾਕਾ,ਮੰਦਰ ਗਾਲਿਬ ਦਾ, ਛੋਟਾ ਸਿਉਂ ਕਾ ਗਾਜੀ, ਜੀਤਾ ਰਤਨ ਸਿਉਂ ਕਾ ਅਤੇ ਜੀਤਾ ਬਹਾਲ ਸਿਉਂ ਕਾ,ਦਰਬਾਰਾ ਸਿੰਘ ਅੱਚਰਵਾਲੀਆ,ਮੱਘਰ,ਛਾਂਗਾ,ਮੁਖਤਿਆਰ ਘੋਦੀ ਅਤੇ ਦਰਸੀ ਵਰਗੇ ਮੰਨੇ ਪ੍ਰਮੰਨੇ
ਪੁਰਾਣੇ ਖਿਡਾਰੀ ਰੂਪੇ ਨੂੰ ਅਚੇਤ ਜਾਂ ਸੁਚੇਤ ਰੂਪ ਚ’ ਪ੍ਰੇਰਿਤ ਕਰਦੇ ਰਹੇ।
ਖਿਡਾਰੀਆਂ ਨੂੰ ਉਦੋਂ ਕੋਈ ਬਹੁਤੇ ਇਨਾਮ ਨਹੀਂ ਮਿਲਦੇ ਹੁੰਦੇ ਸੀ ਪਰ ਖੇਡ ਚੰਗੀ ਸੀ ਹੁਣ ਤਾਂ ਇਨਾਮ ਬਹੁਤ ਵੱਡੇ ਹੋ ਗਏ ਪਰ ਖੇਡ ਮਾੜੀ ਹੋ ਗਈ ਹੈ। ਰੂਪਾ ਆਪਣੇ ਤਜ਼ਰਬੇ ਨਾਲ ਆਖਦਾ ਹੈ ਕਿ ਇਨਾਮ ਨਾ ਲੋੜੋਂ ਘੱਟ ਨਾ ਲੋੜੋਂ ਜਿਆਦਾ ਹੋਣਾ ਚਾਹੀਦਾ। ਲੋੜੋਂ ਜਿਆਦਾ ਇਨਾਮੀ ਰਾਸ਼ੀ ਖਿਡਾਰੀਆਂ ਦੀਆਂ ਆਦਤਾਂ ਖਰਾਬ ਕਰਦੀ ਹੈ। ਰੂਪਾ ਆਖਦਾ ਹੈ ਕਿ ਜਿਆਦਾ ਇਨਾਮ ਦੇ ਲਾਲਚ ਵਿੱਚ ਟੀਮਾਂ ਰਲ ਕੇ ਨਾ ਖੇਡਣ ਸਗੋਂ ਸ਼ੁੱਧ ਖੇਡ ਖੇਡਣ। ਖਿਡਾਰੀਆਂ ਦੇ ਇਨਾਮਾਂ ਨਾਲੋਂ ਜਿਆਦਾ ਪੈਸੇ ਸਟੇਡੀਅਮ ਅਤੇ ਗਰਾਊਂਡਾਂ ਉੱਤੇ ਖਰਚੇ ਜਾਣ,ਲੋੜਵੰਦ ਖਿਡਾਰੀਆਂ ਉੱਤੇ ਖਰਚੇ ਜਾਣ, ਇਸ ਪੈਸੇ ਨਾਲ ਬਹੁਤ ਸਾਰੇ ਹੋਣਹਾਰ ਲੋੜਵੰਦ ਖਿਡਾਰੀਆਂ ਨੂੰ ਸਹਾਇਤਾ ਦੇਕੇ ਤਰਾਸ਼ਿਆ ਜਾ ਸਕਦਾ ਹੈ। ਬਹੁਤੇ ਇਨਾਮਾਂ ਵਾਲੀ ਖੇਡ ਮਿਲ ਕੇ ਖੇਡਣ ਦੀ ਜਾਣੀ ਧੋਖੇਬਾਜੀ ਵਾਲੀ ਖੇਡ ਦੀ ਪਿਰਤ ਪਾ ਰਹੀ ਹੈ। ਰੂਪੇ ਅਨੁਸਾਰ ਖੇਡਾਂ ਚ’ ਲੰਮੀ ਪਾਰੀ ਉਹੀ ਖੇਡਦੇ ਨੇ ਜਿਹੜੇ ਨਸ਼ੇ ਤੋਂ ਦੂਰ ਰਹਿ ਕੇ ਮਿਹਨਤ ਲਾਉਂਦੇ ਨੇ।
ਖੇਡ ਜੀਵਨ ਦੀ ਲੰਮੀ ਪਾਰੀ ਖੇਡਣ ਤੋਂ ਬਾਅਦ ਹੁਣ ਕਬੱਡੀ ਕੋਚ ਵਜੋਂ ਬਹੁਤ ਸਾਰੇ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਚੁੱਕਿਆ ਹੈ ਰੂਪਾ। ਉਸਨੇ ਹਠੂਰ ਦੇ ਗੁਆਂਢੀ ਪਿੰਡ ਗਾਗੇਵਾਲ ਕੋਚਿੰਗ ਦਾ ਪਹਿਲਾ ਕੈਂਪ ਲਾਇਆ, ਟੀਮ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ, ਪਿੰਡ ਕਾਲਸਾਂ ਕੋਚਿੰਗ ਦਿੱਤੀ, ਸੱਤ ਸਾਲ ਚੱਕ ਕਲਾਂ ਲਾਏ, ਰਾਮੇ,ਚੰਨਣਵਾਲ,ਘੰਡਾਬੰਨਾ ਭਦੌੜ ਨੇੜੇ,ਫੇਰ ਚਕਰ,ਅਖਾੜਾ,ਲੰਮਾ ਜੱਟਪੁਰਾ,ਲੱਖਾ,ਝੋਰੜਾਂ,ਅੱਚਰਵਾਲ,ਸਹੌਰ ਵਰਗੇ ਪਿੰਡਾਂ ਚੋਂ’ ਹਜ਼ਾਰਾਂ ਖਿਡਾਰੀ ਤਿਆਰ ਕੀਤੇ। ਰੂਪੇ ਨੇ ਜਿੱਥੇ ਆਪਣੇ ਪਿੰਡ ਹਠੂਰ ਦੇ ਗਰਾਊਂਡਾਂ ‘ਚ ਲੰਮਾ ਸਮਾਂ ਮੁੜ੍ਹਕਾ ਵਹਾਇਆ ਹੈ ਉੱਥੇ ਆਪਣੇ ਨਾਨਕੇ ਪਿੰਡ ਜਾਣੀ ਹਿੰਮਤਪੁਰੇ ਦੇ ਗਰਾਊਂਡਾਂ ‘ਚ ਵੀ ਕਬੱਡੀ ਖੇਡੀ ਹੈ ਤੇ ਆਪਣੇ ਸਹੁਰਿਆਂ ਦੇ ਪਿੰਡ ਕਲਾਲ ਮਾਜਰਾ ਦੇ ਗਰਾਊਂਡਾਂ ‘ਚ ਕਬੱਡੀ ਕੋਚ ਵਜੋਂ ਲੋਹਾ ਮਨਵਾਇਆ ਹੈ। ਜਾਣੀ ਕਹਿ ਸਕਦੇ ਹਾਂ ਕਿ ਰੂਪੇ ਨੇ ਆਪਣੇ ਪਿੰਡ, ਆਪਣੇ ਨਾਨਕੇ ਅਤੇ ਆਪਣੇ ਸਹੁਰਿਆਂ ਦੇ ਪਿੰਡ ਦਾ ਨਾਮ ਵੀ ਰੌਸ਼ਨ ਕੀਤਾ ਹੈ। ਅੱਜ-ਕੱਲ੍ਹ ਕੋਚਿੰਗ ਮੌਕੇ ਗਰਾਊਂਡ ਵਿੱਚ ਰੂਪੇ ਦੇ ਹੱਥ ਚ’ ਡੰਡਾ ਵੀ ਹੁੰਦਾ ਤਾਂ ਕਿ ਉਸਤਾਦੀ ਦੀ ਪਕੜ ਕਿਤੇ ਢਿੱਲੀ ਨਾ ਪੈ ਜਾਏ। ਨਵੇਂ-ਨਵੇਂ ਸ਼ਗਿਰਦ ਰੂਪੇ ਦੇ ਤਜ਼ਰਬੇ ਅਤੇ ਸੁੱਚੇ ਮੁੜ੍ਹਕੇ ‘ਚੋਂ ਕਮਾਏ ਹੋਏ ਕਰਾਮਾਤੀ ਨੁਕਤਿਆਂ ਨੂੰ ਸਿੱਖ ਕੇ ਕਿਸੇ ਵੱਖਰੀ ਹੀ ਦੁਨੀਆ ਦਾ ਅਨੰਦ ਮਾਣਦੇ ਨਜ਼ਰ ਆਉਂਦੇ ਨੇ। ਰੂਪੇ ਦੀ ਮਿਹਨਤ ਦਾ ਮੁੜ੍ਹਕਾ ਅਣਗਿਣਤ ਪਿੰਡਾਂ ਦੇ ਗਰਾਊਂਡਾਂ ਦੀ ਮਿੱਟੀ ਨੂੰ ਸਿੰਜ ਚੁੱਕਿਆ ਹੈ ਤੇ ਉਸਦੇ ਮੁੜ੍ਹਕੇ ਦੀ ਖੁਸ਼ਬੋ ਮਾਲਵੇ ਵਾਲਿਆਂ ਨੂੰ ਨਸ਼ੇ ਦੀ ਤਰਾਂ ਹੀ ਮਹਿਸੂਸ ਹੁੰਦੀ ਹੈ। ਕਹਿੰਦੇ ਨੇ ਜਿੱਥੇ ਕੰਮ ਅਤੇ ਕਾਮਾ ਇੱਕ ਸੁਰ ਹੋ ਜਾਵੇ ਉੱਥੇ ਕਲਾ ਦਾ ਜਨਮ ਹੁੰਦਾ ਹੈ। ਰੂਪੇ ਦੇ ਏਸੇ ਗੁਣ ਕਰਕੇ ਹੀ ਉਸਦੀ ਖੇਡ ਕਲਾ ਨੇ ਲੋਕਾਂ ਦੇ ਦਿਮਾਗ ਤੇ’ ਕਈ ਦਹਾਕਿਆਂ ਤੋਂ ਜਾਦੂ ਵਰਗਾ ਅਸਰ ਬਣਾਇਆ ਹੋਇਆ ਹੈ। ਤਨੋਂ ਮਨੋਂ ਪੂਰਾ ਦਿਲ ਲਾ ਕੇ ਪ੍ਰੈਕਟਿਸ ਕਰਵਾਉਂਦਾ ਹੋਇਆ ਰੂਪਾ ਕੋਚਿੰਗ ਤੋਂ ਵਧੀਆ ਕਮਾਈ ਕਰ ਰਿਹਾ ਹੈ। ਕੋਚਿੰਗ ਦੇਣ ਲਈ ਕਦੇ ਪੱਤੋ ਹੀਰਾ ਸਿੰਘ ਹਰ ਰੋਜ਼ ਸਾਇਕਲ ਤੇ’ ਜਾਂਦਾ ਰਿਹਾ ਅਤੇ ਘਰੋਂ ਤਿੰਨ ਵਜੇ ਚੱਲ ਕੇ ਪੰਜ ਵਜੇ ਪਹੁੰਚਦਾ ਤੇ’ ਵਾਪਸ ਜਾਣ ਵੇਲੇ ਪੱਤੋ ਵਾਲੇ ਖਿਡਾਰੀ ਆਪਣੇ ਉਸਤਾਦ ਰੂਪੇ ਨੂੰ ਦੁੱਧ ਦਾ ਜੱਗ ਭਰਕੇ ਪਿਆ ਕੇ ਤੋਰਦੇ। ਇਸ ਤਰਾਂ ਪਿੰਡ ਨੂੰ ਵਾਪਸੀ ਮੌਕੇ ਸ਼ਗਿਰਦਾਂ ਨੂੰ ਸਿਖਾਏ ਦਾਅ ਪੇਚਾਂ ਦੀ ਖੁਸ਼ੀ ਭਰੀਆਂ ਤਰੰਗਾਂ ਸਾਇਕਲ ਚਲਾਉਂਦਿਆਂ ਚਲਾਉਂਦਿਆਂ ਪਿੰਡ ਦੀ ਪਹੁੰਚ ਅਸਾਨ ਕਰ ਦਿੰਦੀਆਂ। ਜ਼ਿੰਦਗੀ ਵਿੱਚ ਉਤਰਾਅ ਚੜ੍ਹਅ ਤਾਂ ਆਉਂਦੇ ਰਹਿੰਦੇ ਨੇ ਪਰ ਰੂਪੇ ਨੇ ਹਿੰਮਤ ਅਤੇ ਮਿਹਨਤ ਦਾ ਲੜ ਨਹੀਂ ਛੱਡਿਆ।
ਕੋਚ ਵਜੋਂ ਪਿੰਡ ਚੱਕ ਵਾਲਿਆਂ ਨੇ ਰੂਪੇ ਨੂੰ ਸੋਨੇ ਦੀ ਚੈਨੀ ਪਾਕੇ ਸਨਮਾਨਿਤ ਕੀਤਾ।ਹੋਰ ਵੀ ਮਾਣ ਸਨਮਾਨ ਬਹੁਤ ਹੋਏ। ਬਹੁਤ ਸਾਰੇ ਸ਼ਗਿਰਦ ਇੰਡੀਆ ਤੋਂ ਬਾਹਰ ਵੀ ਖੇਡਣ ਗਏ,ਪੁਲਿਸ ਅਤੇ ਫੌਜ ਵਿੱਚ ਭਰਤੀ ਵੀ ਹੋਏ। ਬਹੁਤ ਸਾਰੀਆਂ ਕੁੜੀਆਂ ਨੂੰ ਵੀ ਖੇਡਾਂ ਸਬੰਧੀ ਪ੍ਰੈਕਟਿਸ ਕਰਵਾਈ ਅਤੇ ਭਰਤੀ ਵੀ ਹੋਈਆਂ। ਮਾਤਾ ਸੁਖਦੇਵ ਕੌਰ ਅਤੇ ਪਿਤਾ ਅਜੀਤ ਸਿੰਘ ਦੇ ਲਾਡਲੇ ਸਪੁੱਤਰ ਨੇ ਆਪਣਾ,ਆਪਣੇ ਮਾਪਿਆਂ,ਪਿੰਡ ਹਠੂਰ ਦਾ ਨਾਮ ਬੜੇ ਮਾਣ ਅਤੇ ਸਨਮਾਨ ਨਾਲ ਉੱਚਾ ਕਰਿਆ ਹੈ। ਜਗਰੂਪ ਸਿੰਘ ਰੂਪੇ ਦੇ ਦੋ ਨੌਜਵਾਨ ਆਗਿਆਕਾਰੀ ਮੁੰਡੇ ਵੀ ਕਬੱਡੀ ਖੇਡ ਦੇ ਚਮਕਦੇ ਸਿਤਾਰੇ ਬਣ ਕੇ ਖੇਡ ਰਹੇ ਨੇ। ਜਦੋਂ-ਜਦੋਂ ਵੀ ਕਬੱਡੀ ਦੀ ਗੱਲ ਚੱਲੇਗੀ ਤਾਂ ਰੂਪੇ ਨੂੰ ਇੱਕ ਆਦਰਸ਼ ਖਿਡਾਰੀ ਵਜੋਂ ਗਿਣਿਆ ਜਾਵੇਗਾ। ਖੇਡ ਭਾਵਨਾ ਨੂੰ ਪ੍ਰਣਾਏ ਹੋਏ ਖਿਡਾਰੀ ਅਤੇ ਕੋਚ ਰੂਪੇ ਨੂੰ ਵਾਹਿਗੁਰੂ ਏਸੇ ਤਰਾਂ ਗਰਾਊਂਡ ਨਾਲ ਜੋੜੀ ਰੱਖੇ ਅਤੇ ਉਸਦਾ ਹਸਮੁੱਖ ਚਿਹਰਾ ਸਾਰਿਆਂ ਨੂੰ ਨਵੀਂ ਊਰਜਾ ਨਾਲ ਸਰਸ਼ਾਰ ਕਰਦਾ ਰਹੇ।

ਲੇਖਕ- ਰਣਜੀਤ ਸਿੰਘ ਹਠੂਰ
99155-13137