ਲਗਭਗ ਪੰਜ ਮਹੀਨੇ ਕੰਮ ਲੈ ਕੇ ਕੋਈ ਨਹੀਂ ਪੁੱਛ ਰਿਹਾ ਬਾਤ
ਫਰੀਦਕੋਟ ,28 ਫਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਜਿਲੇ ਦੇ ਸਰਕਾਰੀ ਸਕੂਲਾਂ ਵਿੱਚ ਤੀਜੀ ਤੋਂ ਪੰਜਵੀਂ ਜਮਾਤ ਤੱਕ, ਨੌਵੀਂ ਅਤੇ ਦਸਵੀਂ ਜਮਾਤ ਤੱਕ ਪੜ ਰਹੇ ਕਮਜ਼ੋਰ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਰੈਮੀਡੀਅਲ ਕੋਚਿੰਗ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ । ਪੇਂਡੂ ਅਤੇ ਸ਼ਹਿਰੀ ਸਕੂਲਾਂ ਵਿੱਚ ਮਹੀਨਾ ਜੁਲਾਈ 2023 ਤੋਂ ਦਸੰਬਰ 2023 ਤੱਕ ਵਲੰਟੀਅਰ ਅਧਿਆਪਕ ਵਜੋਂ ਕੁਝ ਮਹੀਨਿਆਂ ਲਈ ਕੰਮ ਕੀਤਾ ਹੈ । ਇਹਨਾਂ ਵਲੰਟੀਅਰ ਅਧਿਆਪਕਾਂ ਨੂੰ ਮਹੀਨਾ ਦਸੰਬਰ 2023 ਦੀ ਸਰਦੀ ਦੀਆਂ ਛੁੱਟੀਆਂ ਤੋਂ ਪਹਿਲਾਂ ਫਾਰਗ ਕਰ ਦਿੱਤਾ ਗਿਆ ਸੀ । ਇਸ ਰੈਮੀਡੀਅਲ ਕੋਚਿੰਗ ਪ੍ਰੋਜੈਕਟ ਤਹਿਤ ਜਿਲਾ ਫਰੀਦਕੋਟ ਦੇ ਲਗਭਗ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਅਤੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸ਼ੁਰੂ ਕੀਤਾ ਗਿਆ ਸੀ। ਵਲੰਟੀਅਰ ਅਧਿਆਪਕਾਂ ਨੂੰ ਦਿੱਤਾ ਜਾਣ ਵਾਲਾ ਇਹ ਸੇਵਾ ਫਲ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਰਿਲੀਜ਼ ਕਰਕੇ ਸਕੂਲਾਂ ਦੇ ਸਕੂਲ ਭਲਾਈ ਫੰਡ ਰਾਹੀਂ ਸਬੰਧਤ ਵਲੰਟੀਅਰ ਅਧਿਆਪਕਾਂ ਨੂੰ ਦਿੱਤਾ ਜਾਣਾ ਸੀ। ਹੁਣ ਤੱਕ ਇਹਨਾਂ ਵਿੱਚੋਂ ਕੁਝ ਪੇਂਡੂ ਸਕੂਲਾਂ ਦੇ ਵਲੰਟੀਅਰ ਅਧਿਆਪਕਾਂ ਨੂੰ ਤਾਂ ਬਣਦੇ ਮਾਣ ਭੱਤੇ ਦੀ ਅਦਾਇਗੀ ਹੋ ਚੁੱਕੀ ਹੈ, ਕਈ ਅਧਿਆਪਕ ਇਸ ਸੇਵਾ ਫਲ ਤੋਂ ਵਾਂਝੇ ਹਨ । ਫਰੀਦਕੋਟ , ਕੋਟਕਪੂਰਾ ਅਤੇ ਜੈਤੋ ਦੇ ਸ਼ਹਿਰੀ ਸਕੂਲਾਂ ਵਿੱਚ ਕੰਮ ਕਰਨ ਵਾਲੇ ਕਿਸੇ ਵੀ ਵਲੰਟੀਅਰ ਅਧਿਆਪਕ ਨੂੰ ਇਹ ਸੇਵਾ ਫਲ ਅਜੇ ਤੱਕ ਨਹੀਂ ਮਿਲਿਆ। ਵਰਨਣਯੋਗ ਹੈ ਕਿ ਪ੍ਰਤੀ ਮਹੀਨਾ 3000 ਰੁਪਏ ਦੀ ਦਰ ਨਾਲ ਇਹ ਸੇਵਾ ਫਲ ਹਰ ਅਧਿਆਪਕ ਦਾ ਲਗਭਗ 15000 ਰੁਪਏ ਬਣਦਾ ਹੈ । ਇਹ ਵਲੰਟੀਅਰ ਅਧਿਆਪਕ ਸੇਵਾ ਫਲ ਪ੍ਰਾਪਤ ਕਰਨ ਲਈ ਸਾਰੇ ਦਫਤਰਾਂ ਦੇ ਧੱਕੇ ਖਾਣ ਲਈ ਮਜਬੂਰ ਹੋ ਗਏ ਹਨ ਤੇ ਕਿਸੀ ਵੱਲੋਂ ਵੀ ਕੋਈ ਲੜ ਪੱਲਾ ਨਹੀਂ ਫੜਾਇਆ ਜਾ ਰਿਹਾ ਤੇ ਇਹਨਾਂ ਦੀ ਕੋਈ ਬਾਤ ਨਹੀਂ ਪੁੱਛ ਰਿਹਾ।
ਇਸ ਮਾਮਲੇ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ , ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸਿੰਦਰਪਾਲ ਸਿੰਘ ਢਿੱਲੋ ਅਤੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਸਹਿਦੇਵ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਸ ਮਸਲੇ ਵੱਲ ਨਿੱਜੀ ਤੌਰ ਤੇ ਧਿਆਨ ਦੇ ਕੇ ਸਬੰਧਤ ਵਲੰਟੀਅਰ ਅਧਿਆਪਕਾਂ ਦਾ ਬਣਦਾ ਸੇਵਾ ਫਲ ਜਾਰੀ ਕਰਵਾਇਆ ਜਾਵੇ।