ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਨਾਲ ਲੁਧਿਆਣੇ ਵਿਖੇ ਹੋਵੇਗਾ ਕਾਲੇ ਪਾਣੀ ਤੋਂ ਆਜ਼ਾਦੀ ਮਾਰਚ

ਕੋਟਕਪੂਰਾ, 2 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੁੱਢੇ ਦਰਿਆ ਰਾਹੀਂ ਸਤਲੁਜ ਵਿੱਚ ਵੱਡੇ ਪੱਧਰ ’ਤੇ ਹੋ ਰਹੇ ਪਾਣੀ ਦੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਚੱਲ ਰਹੇ ਕਾਲੇ ਪਾਣੀ ਦੇ ਮੋਰਚੇ ਨੂੰ ਅੱਜ ਵੱਡਾ ਹੁੰਗਾਰਾ ਮਿਲਿਆ, ਜਦੋਂ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵਲੋਂ ਇਸ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨਰੋਆ ਪੰਜਾਬ ਮੰਚ ਅਤੇ ਪੀ.ਏ.ਸੀ. ਮੱਤੇਵਾੜਾ ਦੇ ਇੰਜੀ. ਜਸਕੀਰਤ ਸਿੰਘ ਲੁਧਿਆਣਾ ਨੇ ਕਿਹਾ ਕਿ ਪਿਛਲੇ ਦਿਨੀਂ ਸ਼ੰਭੂ ਬਾਰਡਰ ਵਿਖੇ ਕਾਲੇ ਪਾਣੀ ਦਾ ਮੋਰਚਾ ਵਲੋਂ ਅਮਿਤੋਜ ਮਾਨ, ਲੱਖਾ ਸਿੰਘ ਸਿਧਾਣਾ, ਡਾ. ਅਮਨਦੀਪ ਸਿੰਘ ਬੈਂਸ, ਕਪਿਲ ਅਰੋੜਾ, ਕੁਲਦੀਪ ਸਿੰਘ ਖਹਿਰਾ ਅਤੇ ਦਲੇਰ ਸਿੰਘ ਡੋਡ ਆਦਿ ਦਾ ਵਫ਼ਦ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਮਿਲਿਆ ਸੀ ਅਤੇ ਇਸ ਮਿਲਣੀ ਵਿੱਚ ਐਸ.ਕੇ.ਐੱਮ. ਦੇ ਵੱਡੇ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਨ ਸਿੰਘ ਪੰਧੇਰ ਅਤੇ ਹੋਰ ਸ਼ਾਮਿਲ ਹੋਏ ਸਨ। ਲੱਖਾ ਸਿੰਘ ਸਿਧਾਣਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਤਲੁਜ ਦੇ ਹੋ ਰਹੇ ਜ਼ਹਿਰੀਲੇ ਪਾਣੀ ਦੇ ਇਸ ਗੰਭੀਰ ਮਸਲੇ ਉੱਪਰ ਕਿਸਾਨ ਜਥੇਬੰਦੀਆਂ ਵਲੋਂ ਕਾਲੇ ਪਾਣੀ ਦੇ ਮੋਰਚੇ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਗਿਆ ਸੀ ਅਤੇ ਲੁਧਿਆਣੇ ਵਿਖੇ ਕਾਲੇ ਪਾਣੀ ਤੋਂ ਆਜ਼ਾਦੀ ਮਾਰਚ ਦੀ ਤਰੀਕ ਸਾਂਝੇ ਤੌਰ ’ਤੇ ਉਲੀਕੇ ਜਾਣ ਬਾਰੇ ਵੀ ਸਹਿਮਤੀ ਬਣੀ ਸੀ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨਾਲ ਹੁਣ ਤਰੀਕ ਬਾਰੇ ਵੀ ਸਹਿਮਤੀ ਬਣ ਗਈ ਹੈ ਅਤੇ ਇਹ ਰੋਸ ਮਾਰਚ 24 ਅਗਸਤ ਦਿਨ ਸ਼ਨੀਵਾਰ ਨੂੰ ਲੁਧਿਆਣੇ ਵਿਖੇ ਕੱਢਿਆ ਜਾਵੇਗਾ। ਪੰਜਾਬ ਵਾਤਾਵਰਨ ਚੇਤਨਾ ਲਹਿਰ ਦੇ ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਖੋਸਾ ਵਲੋਂ ਪਹਿਲਾਂ ਹੀ ਕਾਲੇ ਪਾਣੀ ਦਾ ਮੋਰਚਾ ਨੂੰ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਹੁਣ ਸੰਯੁਕਤ ਕਿਸਾਨ ਮੋਰਚਾ ਦਾ ਸਾਥ ਮਿਲਣ ਨਾਲ ਇਸ ਨੂੰ ਹੋਰ ਵੀ ਵੱਡੇ ਪੱਧਰ ’ਤੇ ਸਮਰਥਨ ਮਿਲਿਆ ਹੈ। ਪਬਲਿਕ ਐਕਸ਼ਨ ਕਮੇਟੀ ਸਤਲੁਜ, ਮੱਤੇਵਾੜਾ, ਬੁੱਢਾ ਦਰਿਆ ਦੇ ਡਾ. ਅਮਨਦੀਪ ਸਿੰਘ ਬੈਂਸ ਨੇ ਦੱਸਿਆ ਕਿ ਲੁਧਿਆਣੇ ਸ਼ਹਿਰ ਵਿੱਚੋਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਅਤੇ ਆਮ ਲੋਕਾਂ ਵਲੋਂ ਕਾਫ਼ੀ ਵੱਡੇ ਪੱਧਰ ’ਤੇ ਇਸ ਮਸਲੇ ’ਤੇ ਹੋਣ ਜਾ ਰਹੇ ਰੋਸ ਮਾਰਚ ਲਈ ਸਮਰਥਨ ਮਿਲ ਰਿਹਾ ਹੈ ਅਤੇ ਬੁੱਢੇ ਦਰਿਆ ਤੋਂ ਪ੍ਰਭਾਵਿਤ ਤਕਰੀਬਨ 20 ਪਿੰਡ ਜਿਵੇਂ ਵਲੀਪੁਰ, ਗੌਂਸਪੁਰ ਆਦਿ ਦੇ ਲੋਕ ਵੀ ਨਾਲ ਜੁੜ ਰਹੇ ਹਨ। ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਕਾਰਜਕਾਰੀ ਪ੍ਰਧਾਨ ਮੱਘਰ ਸਿੰਘ, ਪ੍ਰੈਸ ਸਕੱਤਰ ਗੁਰਿੰਦਰ ਸਿੰਘ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਦਲੇਰ ਸਿੰਘ ਡੋਡ ਨੇ ਦੱਸਿਆ ਕਿ ਦੱਖਣੀ ਪੰਜਾਬ ਦਾ ਇਲਾਕਾ, ਜਿਸ ਵਿੱਚ ਫਰੀਦਕੋਟ, ਫਿਰੋਜਪੁਰ, ਫਾਜਿਲਕਾ, ਅਬੋਹਰ ਅਤੇ ਮੁਕਤਸਰ ਦੇ ਜ਼ਿਲੇ ਸ਼ਾਮਿਲ ਹਨ, ਜੋ ਬੁੱਢੇ ਦਰਿਆ ਦੇ ਗੰਦੇ ਪਾਣੀ ਨੂੰ ਪੀਣ ਲਈ ਮਜਬੂਰ ਹਨ ਅਤੇ ਸਿਹਤ ਪੱਖੋਂ ਉਸ ਨਾਲ ਬੁਰੀ ਤਰਾਂ ਪ੍ਰਭਾਵਿਤ ਹਨ, ਵਿਖੇ ਬਹੁਤ ਵੱਡੇ ਪੱਧਰ ’ਤੇ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਹੈ, ਜਿਸ ਕਰਕੇ ਇਹਨਾਂ ਇਲਾਕਿਆਂ ਵਿੱਚ ਇੱਕ ਵੱਡੀ ਲਾਮਬੰਦੀ ਹੋ ਰਹੀ ਹੈ।