ਤਰਨ ਤਾਰਨ 26 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲਾ ਤਰਨ ਤਾਰਨ ਦੇ ਪਿੰਡ ਸੇਰੋ ਖਹਿਰਾ ਫਾਰਮ ਵਿੱਚ ਹਜ਼ਾਰਾਂ ਬੀਬੀਆਂ ਦਾ ਹੋਵੇਗਾ ਵਿਸ਼ਾਲ ਇਕੱਠ । ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਸੂਬਾ ਤੇ ਜ਼ਿਲ੍ਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਨੇ ਲਿਖਤੀ ਬਿਆਨ ਯਾਰੀ ਕਰਦਿਆਂ ਕਿਹਾ ਕਿ ਪਹਿਲਾਂ ਇਕਾਈ ਫਿਰ ਜੋਨ ਵਿੱਚ ਬੀਬੀਆਂ ਦੀਆਂ ਕਮੇਟੀਆਂ ਬਣ ਗਈਆਂ ਹਨ। ਹੁਣ ਜ਼ਿਲ੍ਹਾ ਕਮੇਟੀ ਦੀ 27 ਸਤੰਬਰ ਨੂੰ ਚੋਣ ਹੋਵੇਗੀ ।ਜਿਸ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਬੀਬੀਆਂ ਸ਼ਾਮਿਲ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਬੀਬੀਆਂ ਵੱਲੋਂ ਅਹਿਦ ਕਰਕੇ ਸਮਾਜਿਕ ਬੁਰਿਆਈਆਂ ਨੂੰ ਹਟਾਉਣ ਲਈ ਅਹਿਮ ਫੈਸਲੇ ਇਕੱਠ ਵਿੱਚ ਲਏ ਜਾਣਗੇ। ਅੱਗੇ ਕਿਸਾਨ ਆਗੂਆਂ ਕਿਹਾ ਸਰਕਾਰ ਦੀ ਦੋਹਰੀ ਮਾਪਡੰਡ ਨੀਤੀ ਜਗ ਜਾਹਿਰ ਹੋ ਰਹੀ ਹੈ। ਇਕ ਦੇਸ਼ ਵਿੱਚ ਇੱਕ ਹੀ ਕਾਨੂੰਨ ਕਾਰਪੋਰੇਟ ਘਰਾਣਿਆ ਤੇ ਲਾਗੂ ਨਹੀਂ ਹੋ ਰਿਹਾ ।ਦੂਜੇ ਪਾਸੇ ਆਮ ਵਰਗ ਅਤੇ ਕਿਸਾਨਾਂ ਤੇ ਬੜੀ ਸਖ਼ਤੀ ਨਾਲ ਹੀ ਉਹ ਕਾਨੂੰਨ ਲਾਗੂ ਹੋ ਰਿਹਾ ਹੈ। ਫੈਕਟਰੀਆਂ ਵਿੱਚੋਂ ਕੈਮੀਕਲ ਵਾਲਾ ਪਾਣੀ ਦਰਿਆ ਅਤੇ ਧਰਤੀ ਹੇਠ ਸੁੱਟਿਆ ਜਾ ਰਿਹਾ ਹੈ। ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਧੂਆਂ ਹਵਾ ਪ੍ਰਦੂਸ਼ਿਤ ਕਰ ਰਿਹਾ ਹੈ। ਆਮ ਵਰਗ ਵੱਲੋਂ ਬਾਰ ਬਾਰ ਇਹਨਾਂ ਫੈਕਟਰੀਆਂ ਖਿਲਾਫ ਆਵਾਜ਼ ਚੁੱਕੀ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਇਹਨਾਂ ਫੈਕਟਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਸਰਕਾਰ ਦੀ ਰਿਪੋਰਟ ਅਨੁਸਾਰ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਠਿਕਾਣੇ ਲਾਉਣ ਕਰਕੇ 1% ਹੀ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਪਰ ਸਰਕਾਰ ਵੱਲੋਂ ਕੇਵਲ ਕਿਸਾਨਾਂ ਤੇ ਹੀ ਸਖ਼ਤੀ ਨਾਲ ਕਾਨੂੰਨ ਲਾਗੂ ਕੀਤਾ ਜਾ ਰਿਹਾ ।ਕਿਸਾਨਾਂ ਦੀਆਂ ਰੈਡ ਐਂਟਰੀਆਂ ਕਰਨ ਦੇ ਆਦੇਸ਼ ਦਿੱਤੇ ਜਾ ਰਹੇ ਹਨ । ਕਿਸਾਨਾਂ ਦਾ ਕਹਿਣਾ ਕਿ ਅਸੀਂ ਅੱਗ ਲਾਉਣ ਦੇ ਹੱਕ ਵਿੱਚ ਨਹੀਂ ਹਾਂ ।ਪਰ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਠਿਕਾਣੇ ਲਾਉਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਨਾ ਹੀ ਸਰਕਾਰ ਵੱਲੋਂ ਕੋਈ ਮੁਆਵਜ਼ਾ ਦਿੱਤਾ ਗਿਆ। ਉਹਨਾਂ ਕਿਹਾ ਕਿਸਾਨ ਤਾਂ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਦੱਬਿਆ ਹੋਇਆ ਹੈ । ਖੁਦ ਖੁਸ਼ੀਆਂ ਕਰ ਰਿਹਾ ਹੈ। ਜੇਕਰ ਕਿਸਾਨ ਆਪਣੇ ਬਲਬੂਤੇ ਤੇ ਪਰਾਲੀ ਨੂੰ ਠਿਕਾਣੇ ਲਗਾਉਂਦਾ ਹੈ ਤੇ ਉਸਤੇ ਪੰਜ ਹਜਾਰ ਪ੍ਰਤੀ ਏਕੜ ਖਰਚਾ ਕਿਸਾਨ ਦਾ ਆਵੇਗਾ। ਜੋ ਕਿਸਾਨ ਤੇ ਵੱਡਾ ਬੋਝ ਬਣ ਜਾਏਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਚਾਉਣ ਲਈ ਚਿੱਪ ਵਾਲੇ ਮੀਟਰ ਪਿੰਡਾਂ ਵਿੱਚ ਪ੍ਰਸ਼ਾਸਨ ਦੀ ਸਹਿ ਤੇ ਲਾਏ ਜਾ ਰਹੇ ਹਨ। ਕਿਸਾਨ ਆਗੂਆਂ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕੀ ਕਿਸੇ ਵੀ ਕੀਮਤ ਵਿੱਚ ਇਹ ਚਿੱਪ ਵਾਲੇ ਮੀਟਰ ਪਿੰਡਾਂ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ।ਇਸ ਕਰਕੇ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਕਿਸੇ ਵੀ ਕਿਸਾਨ ਦੀ ਰੈਡ ਐਂਟਰੀ ਨਹੀਂ ਹੋਣ ਦੇਵਾਂਗੇ ਮੌਕੇ ਤੇ ਆਏ ਕਰਮਚਾਰੀਆਂ ਦਾ ਵੱਡੇ ਪੱਧਰ ਤੇ ਘਰਾਓ ਕੀਤਾ ਜਾਏਗਾ।