ਸਾਡੀ ਸਾਰੀਆਂ ਸੁਆਣੀਆਂ ਦੀ ਇੱਕ ਆਮ ਸਮੱਸਿਆ ਇਹ ਹੈ ਕਿ ਜੇਕਰ ਸਵੇਰ ਦੀ ਰੋਟੀ ਖਾਈ ਜਾਂਦੇ ਹਾਂ ਤਾਂ ਦੁਪਹਿਰ ਬਾਰੇ ਤੇ ਜੇਕਰ ਦੁਪਹਿਰ ਦਾ ਖਾਣਾ ਖਾ ਰਹੀ ਹਾਂ ਤਾਂ ਰਾਤ ਦੀ ਰੋਟੀ ਬਾਰੇ ਇਹੀ ਆਮ ਟੋਪਿਕ ਹੁੰਦਾ ਹੈ ਕਿ, ਕੀ ਧਰਨਾ ਹੈ? ਜਿੰਨੇ ਘਰ ਵਿੱਚ ਜੀਅ ਹੁੰਦੇ ਹਨ , ਓਨੀ ਤਰ੍ਹਾਂ ਦੀ ਸਬਜੀ ਦੀ ਮੰਗ ਹੁੰਦੀ ਹੈ। ਰਾਤ ਨੂੰ ਹੀ ਔਰਤਾਂ ਸਾਰਿਆਂ ਨੂੰ ਪੁੱਛਦੀਆਂ ਫਿਰਦੀਆਂ ਹੁੰਦੀਆਂ ਹਨ ਕਿ ਤੂੰ ਕੀ ਖਾਣਾ ਹੈ ? ਸਵੇਰੇ ਤੂੰ ਕੀ ਟਿਫ਼ਨ ਵਿੱਚ ਲੈਣ ਕੇ ਜਾਣਾ ਹੈ ।ਸਵੇਰੇ ਕਈ ਵਾਰ ਤਾਂ ਬੱਚੇ ਇੱਕਦਮ ਹੀ ਅਜਿਹੀ ਸਬਜੀ ਦੀ ਮੰਗ ਕਰਦੇ ਹਨ ਜਿਵੇਂ ਰਾਜਮਾਂਹ ,ਕਾਲੇ ਛੋਲੇ, ਜਿਨਾਂ ਨੂੰ ਕੀ ਕਾਫੀ ਦੇਰ ਪਹਿਲਾਂ ਭਿਆਉਣਾ ਪੈਂਦਾ ਹੈ ਤੇ ਉਹ ਇੱਕਦਮ ਹੀ ਸਬਜੀ ਤਿਆਰ ਨਹੀਂ ਹੋ ਸਕਦੀ ਹੁੰਦੀ
ਕਈ ਵਾਰ ਤਾਂ ਫ੍ਰਿਜ ਵਿੱਚ ਥੋੜੀਆਂ -ਥੋੜੀਆਂ ਦੋ ਤਿੰਨ ਸਬਜ਼ੀਆਂ ਬਣੀਆਂ ਪਈਆਂ ਹੁੰਦੀਆਂ ਹਨ ਫਿਰ ਵੀ ਕਿਸੇ ਘਰ ਦੇ ਜੀਅ ਨੂੰ ਇਹਨਾਂ ਵਿੱਚੋਂ ਕੋਈ ਪਸੰਦ ਨਹੀਂ ਹੁੰਦੀ । ਬੱਚੇ ਉਸ ਚੀਜ਼ ਦੀ ਮੰਗ ਕਰਦੇ ਹਨ ਜਿਹੜੀ ਘਰੇ ਹੁੰਦੀ ਹੀ ਨਹੀਂ। ਛੋਟੇ ਬੱਚੇ ਸਕੂਲ ਵਿੱਚ ਨਾਲ ਦੇ ਬੱਚਿਆਂ ਨੂੰ ਦੇਖ ਕੇ ਘਰੇ ਆ ਕੇ ਉਸ ਤਰ੍ਹਾਂ ਦਾ ਹੀ ਫਾਸਟ ਫੂਡ ਲੰਚ ਵਿੱਚ ਲੈ ਕੇ ਜਾਣ ਦੀ ਜਿੱਦ ਕਰਦੇ ਹਨ ਤੇ ਉਹ ਕਈ ਵਾਰ ਮਾਵਾਂ ਨੂੰ ਬਣਾਉਣਾ ਵੀ ਨਹੀਂ ਆਉਂਦਾ ਹੁੰਦਾ। ਉਹ ਵਿਚਾਰੀਆਂ ਆਪਣੀਆਂ ਸਹੇਲੀਆਂ ਤੋਂ ਜਾਂ ਫਿਰ ਫੋਨ ਵਿੱਚੋਂ ਯੂ ਟੀਊਬ ਰਾਹੀਂ ਕੱਢ ਕੇ ਉਸ ਦੀ ਰੈਸਪੀ ਨੂੰ ਦੇਖ ਕੇ ਮੱਥਾ ਮਾਰਦਿਆਂ ਹਨ। ਇੰਨੀ ਮਿਹਨਤ ਕਰਕੇ ,ਗਰਮੀਆਂ ਵਿੱਚ ਪਸੀਨੇ ਦੇ ਨਾਲ ਗੜੁੰਚ ਹੋ ਕੇ ਇਸਤਰੀਆਂ ਜਦੋਂ ਖਾਣਾ ਤਿਆਰ ਕਰਦੀਆਂ ਹਨ ਤੇ ਘਰ ਦੇ ਕਈ ਜੀਅ ਇਹ ਕਹਿ ਦਿੰਦੇ ਹਨ ਕਿ ਇਸ ਵਿੱਚ ਨਮਕ ਘੱਟ ਹੈ ,ਮਿਰਚ ਜਿਆਦਾ ਹੈ, ਰੜੀ ਘੱਟ ਹੈ ,ਪਹਿਲਾਂ ਵਰਗੀ ਨਹੀਂ ਬਣੀ ,ਮੇਰੀ ਮੰਮੀ ਵਰਗੀ ਨਹੀਂ ਬਣਾਈ ਜਾਂ ਦਾਦੀ ਇਸ ਤੋਂ ਜਿਆਦਾ ਸਵਾਦ ਬਣਾਉਂਦੇ ਹਨ ਆਦਿ ਇਹ ਗੱਲਾਂ ਖਾਣਾ ਤਿਆਰ ਕਰਨ ਵਾਲੇ ਦੇ ਮਨ ਨੂੰ ਬਹੁਤ ਠੇਸ ਪਹੁੰਚਾਉਂਦੀਆਂ ਹਨ। ਇਸ ਤੋਂ ਬਿਨਾਂ ਘਰ ਵਿੱਚ ਕਈ ਵਾਰ ਕੋਈ ਮੈਂਬਰ ਸ਼ੂਗਰ ਜਾਂ ਹਰਟ ਜਾਂ ਕਿਸੇ ਹੋਰ ਬਿਮਾਰੀ ਦਾ ਮਰੀਜ਼ ਵੀ ਹੁੰਦਾ ਹੈ ਉਸ ਮੈਂਬਰ ਲਈ ਘਰ ਦੀਆਂ ਸੁਆਣੀਆਂ ਅਲੱਗ ਤੋਂ ਭੋਜਨ ਬਣਾਉਂਦੀਆਂ ਹਨ ਜਾਂ ਭੋਜਨ ਬਣਾਉਣ ਵੇਲੇ ਖਾਸ ਧਿਆਨ ਰੱਖਦੀਆਂ ਹਨ।ਜਿਹੜੀਆਂ ਇਸਤਰੀਆਂ ਨੌਕਰੀ ਪੇਸ਼ਾ ਹੁੰਦੀਆਂ ਹਨ ,ਉਹਨਾਂ ਦੇ ਦਿਮਾਗਾਂ ਵਿੱਚ ਇੱਕ ਸਮੇਂ ਕਈ ਕੁਝ ਚੱਲ ਰਿਹਾ ਹੁੰਦਾ ਹੈ। ਸਕੂਲ, ਦਫਤਰ ਦੀਆਂ ਚਿੱਠੀਆਂ ਦੀ ਦੇਣ ਵਾਲੇ ਜਵਾਬਾਂ ਤੋਂ ਬਿਨਾਂ ਅਗਲੇ ਦਿਨ ਜਾ ਕੇ ਦਫ਼ਤਰ ,ਸਕੂਲ ਵਿੱਚ ਕਰਨ ਵਾਲੇ ਕੰਮਾਂ ਦਾ ਵੇਰਵਾ, ਨਾਲ ਨਾਲ ਅਗਲੇ ਦਿਨ ਬਣਾਉਣ ਵਾਲਾ ਭੋਜਨ ਤੇ ਉਸ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਦੀ ਜਰੂਰਤ ਹੈ ਤੇ ਫਰਿਜ ਦਾ ਸਾਰਾ ਸੀਨ ਉਹਨਾਂ ਦੇ ਦਿਮਾਗ ਵਿੱਚ ਚੱਲ ਰਿਹਾ ਹੁੰਦਾ ਹੈ, ਕੀ ਕੀ ਕੁਝ ਫਰਿਜ ਵਿੱਚ ਹੈ ਤੇ ਕੀ ਕੁਝ ਨਹੀਂ। ਜਿਹੜਾ ਭੋਜਨ ਤਿਆਰ ਕਰਨਾ, ਉਸ ਲਈ ਕਿਹੜਾ ਕਿਹੜਾ ਸਮਾਨ ਚਾਹੀਦਾ ਹੈ ।ਇਹ ਸਾਰਾ ਕੁਝ ਇੱਕੋ ਸਮੇਂ ਵਿੱਚ ਉਹਨਾਂ ਦੀ ਦਿਮਾਗਾਂ ਵਿੱਚ ਚੱਲ ਰਿਹਾ ਹੁੰਦਾ। ਛੋਟੇ ਬੱਚਿਆਂ ਦੀ ਸਿਹਤ ਪ੍ਰਤੀ, ਸਕੂਲ ਦੇ ਕੰਮ ਕਾਜ, ਉਹਨਾਂ ਦਾ ਘਰ ਦਾ ਕੰਮ, ਉਹਨਾਂ ਦੇ ਹੋਣ ਵਾਲੇ ਪੇਪਰਾਂ ਦਾ ਬੋਝ ।ਇੱਕ ਸਮੇਂ ਔਰਤ ਦੇ ਦਿਮਾਗ ਵਿੱਚ ਇਨਾ ਕੁਝ ਚੱਲ ਰਿਹਾ ਹੁੰਦਾ ਹੈ ਕਿ ਆਮ ਇਨਸਾਨ ਦੀ ਸੋਚ ਤੋਂ ਇਹ ਗੱਲਾਂ ਬਹੁਤ ਪਰੇ ਹੁੰਦੀਆਂ ਹਨ।ਸਿਰਫ ਇੱਕ ਇਸਤਰੀਆਂ ਹੀ ਇਸ ਬਾਰੇ ਚੰਗੀ ਤਰ੍ਹਾਂ ਸਮਝ ਸਕਦੀਆਂ ਹਨ ਕਿ ਉਹ ਇੱਕ ਸਮੇਂ ਵਿੱਚ ਕਿੰਨੇ ਪਾਸੇ ਧਿਆਨ ਦੇ ਰਹੀਆਂ ਹੁੰਦੀਆਂ ਹਨ।
ਹਾਂ ਜੀ ,ਇਹ ਜਰੂਰ ਹੈ ਕਿ ਅੱਜ ਕੱਲ ਸਮਾਂ ਬਹੁਤ ਬਦਲ ਰਿਹਾ ਹੈ। ਸ਼ਾਇਰੀ ਜੀਵਨ ਵਿਚਲੀਆਂ ਕੰਮ ਕਾਜੀ ਔਰਤਾਂ ਲਈ ਸਵਿੱਗੀ ਅਤੇ ਜਮੈਂਟੋ ਵਾਲੇ ਵੀਰ ਬਹੁਤ ਵੱਡੀ ਰਾਹਤ ਪ੍ਰਦਾਨ ਕਰਦੇ ਹਨ। ਜਦੋਂ ਕਿਸੇ ਅਚਾਨਕ ਰਿਸ਼ਤੇਦਾਰ ਦੀ ਖਬਰ ਮਿਲਦੀ ਹੈ ਕਿ ਉਹ ਆ ਰਹੇ ਹਨ ਤਾਂ ਕੰਮ ਕਾਜੀ ਔਰਤਾਂ ਨੇ ਆਪਦੇ ਸਕੂਲਾਂ ਵਿੱਚ ਵੀ ਜਾਣਾ ਹੁੰਦਾ ਹੈ ਤਾਂ ਉਹਨਾਂ ਲਈ ਇਹ ਬਹੁਤ ਵੱਡੀ ਪਰੇਸ਼ਾਨੀ ਬਣ ਜਾਂਦੀ ਹੈ ਕਿ ਉਹ ਆਏ ਗਏ ਮਹਿਮਾਨਾਂ ਦੇ ਲਈ ਭੋਜਨ ਵਿੱਚ ਕੀ ਕੁਝ ਤਿਆਰ ਕਰਨਗੀਆਂ ਇਨਾ ਘੱਟ ਸਮਾਂ ਹੋਣ ਤੇ ਫਿਰ ਇਹ ਸਵਿੱਗੀ ਤੇ ਜਮੈਟੋ ਵਾਲੇ ਵੀਰ ਭੈਣਾਂ ਲਈ ਸੰਧਾਰੇ ਵਾਂਗੂ ਇਕਦਮ ਸਬਜੀ ਦਸਾਂ ਮਿੰਟਾਂ ਵਿੱਚ ਘਰੇ ਪਹੁੰਚਦੀ ਕਰ ਦਿੰਦੇ ਹਨ ।ਇਸ ਤਰ੍ਹਾਂ ਅੱਜ ਕੱਲ ਦੀਆਂ ਸੁਆਣੀਆਂ ਨੂੰ ਬਹੁਤ ਵੱਡੀ ਰਾਹਤ ਮਿਲਦੀ ਹੈ ਤੇ ਉਹਨਾਂ ਦੇ ਕੰਮ ਦੇ ਵਿੱਚ ਬਹੁਤ ਵੱਡੀ ਮਦਦ ਹੋ ਜਾਂਦੀ ਹੈ।
ਖਾਣਾ ਤਿਆਰ ਕਰਨਾ ਖਾਣਾ ਖਾਣ ਨਾਲੋਂ ਬਹੁਤ ਮਿਹਨਤ ਵਾਲਾ ਕੰਮ ਹੁੰਦਾ ਹੈ। ਖਾਣਾ ਤਿਆਰ ਕਰਨ ਵੇਲੇ ਸਬਜ਼ੀ ਕੱਟਣ ਦਾ ਕੰਮ ਸਭ ਤੋਂ ਵੱਧ ਸਮਾਂ ਲੈਂਦਾ ਹੈ ।ਇਸ ਤੋਂ ਬਿਨਾਂ ਸਮਾਂ ਵੀ ਬਹੁਤ ਲੱਗਦਾ ਹੈ ਖਾਣਾ ਤਿਆਰ ਕਰਨ ਤੇ ।ਬਹੁਤ ਵਾਰ ਤੇਲ ਦੇ ਛਿੱਟੇ ਪੈ ਜਾਂਦੇ ਹਨ ,ਗਰਮ ਗਰਮ ਤਵਾ, ਕੁੱਕਰ ਤਾਂ ਆਮ ਹੀ ਬਾਹਾਂ , ਹੱਥਾਂ ਤੇ ਆਪਣੇ ਸੜੇ ਦਾ ਨਿਸ਼ਾਨ ਛੱਡ ਜਾਂਦੇ ਹਨ। ਸਬਜ਼ੀਆਂ ਕੱਟਣ ਵੇਲੇ ਦਾਤ, ਕਰਦਾਂ ਵੱਜ ਜਾਂਦੀਆਂ ਹਨ ਪਰ ਉਹ ਉਸੇ ਤਰ੍ਹਾਂ ਹੀ ਘਰ ਦਾ ਕੰਮ ਕਰਦੀਆਂ ਰਹਿੰਦੀਆਂ ਹਨ। ਹਰ ਸੁਆਣੀ ਖਾਣਾ ਬਣਾਉਣਾ ਸ਼ੁਰੂ ਕਰਨ ਵੇਲੇ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕਰਦੀ ਹੈ। ਇਸਦੇ ਨਾਲ ਹੀ ਉਸ ਭੋਜਨ ਵਿੱਚ ਉਸਦੀਆਂ ਸਾਰੀਆਂ ਭਾਵਨਾਵਾਂ ਅਤੇ ਮਮਤਾ ਵੀ ਸ਼ਾਮਿਲ ਹੁੰਦੀ ਹੈ ਜੋ ਕਿ ਉਸ ਭੋਜਨ ਨੂੰ ਹੋਰ ਵੀ ਸਵਾਦਲਾ ਬਣਾ ਦਿੰਦੀ ਹੈ। ਇਸ ਸਾਰੇ ਪ੍ਰੋਸੈਸ ਦੇ ਬਦਲੇ ਉਹ ਸਿਰਫ ਦੋ ਬੋਲ ਤਰੀਫ਼ ਦੇ ਹੀ ਚਾਹੁੰਦੀਆਂ ਹੁੰਦੀਆਂ ਹਨ।

ਜਸਬੀਰ ਕੌਰ (ਸਹਾਇਕ ਪ੍ਰੋਫ਼ੈਸਰ )
ਦੇਸ਼ ਭਗਤ ਪੰਡਿਤ ਚੇਤਨ ਦੇਵ
ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ