ਕੀ ਹਿੰਦੀ ਭਾਸ਼ਾ ਦੇ ਨਾਮ ਤੇ ਸਕੂਲ ਅਤੇ ਅਧਿਆਪਕ ਭੂਮਿਕਾ ਨਿਭਾ ਰਹੇ ਹਨ ਅੱਤਵਾਦੀਆਂ ਦੀ?
ਕੀ ਹਿੰਦੀ ਭਾਸ਼ਾ ਦੇ ਨਾਮ ਤੇ ਅੱਤਵਾਦੀ ਨਿਸ਼ਾਨਾ ਬਣਾ ਰਹੇ ਹਨ ਸਿੱਖ ਪਰਿਵਾਰਾਂ ਦੇ ਮਾਸੂਮ ਬੱਚਿਆਂ ਨੂੰ?
ਇੱਕ ਦਿਨ ਪੰਜਾਬ ਵਿੱਚ ਐਸਾ ਆਇਆ ਸਕੂਲਾਂ ਵਿੱਚ ਪੰਜਾਬੀ ਬੋਲਣ ਤੋਂ ਮਨਾਹੀ ਕਰਣਾ ਅਤੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਹੀ ਗੱਲ ਕਰਣਾ ਇੱਕ ਫੈਸ਼ਨ ਸਮਝਿਆ ਜਾਣ ਲੱਗ ਪਿਆ। ਫਿਰ ਸਕੂਲ ਦੇ ਅਧਿਆਪਕ ਮਾਪਿਆਂ ਨੂੰ ਕਹਿਣ ਲੱਗ ਪਏ ਕਿ ਤੁਸੀਂ ਘਰ ਵਿੱਚ ਵੀ ਬੱਚਿਆਂ ਨਾਲ ਅੰਗਰੇਜ਼ੀ ਅਤੇ ਹਿੰਦੀ ਵਿੱਚ ਗੱਲ ਕਰਿਆ ਕਰੋ ਤਾਂ ਜੋ ਬੱਚੇ ਸਕੂਲ ਵਿੱਚ ਆ ਕੇ ਬਹਿਤਰ ਦਿਖ ਸਕਣ। ਦੇਖੋ-ਦੇਖੀ ਕਈ ਮਾਪੇ ਵੀ ਇਹ ਸਮਝਣ ਲੱਗ ਪਏ ਕਿ ਘਰ ਵਿੱਚ ਬੱਚਿਆਂ ਨਾਲ ਅੰਗਰੇਜ਼ੀ ਜਾਂ ਹਿੰਦੀ ਵਿੱਚ ਗੱਲ ਕਰਣ ਨਾਲ ਉਹ ਮਾਡਰਨ ਹੋ ਜਾਣਗੇ ਅਤੇ ਫੈਸ਼ਨ ਦੀ ਦੁਨੀਆ ਵਿੱਚ ਉਹ ਵੀ ਸ਼ਾਮਲ ਹੋ ਜਾਣਗੇ। ਦੇਖੋ-ਦੇਖੀ ਹਾਲਾਤ ਇਹ ਹੋ ਗਏ ਕਿ ਬਜ਼ਾਰ ਵਿੱਚ ਸਮਾਨ ਖ੍ਰੀਦਣ ਸਮੇਂ ਵੀ ਅਸੀਂ ਹਿੰਦੀ ਵਿੱਚ ਬੋਲਣ ਲੱਗ ਪਏ। ਸਭ ਆਪਣੇ ਆਪ ਨੂੰ ਮਾਡਰਨ ਮਹਿਸੂਸ ਕਰਣ ਲੱਗ ਪਏ। ਹੌਲੀ-ਹੌਲੀ ਸੜਕਾਂ ਉੱਤੇ ਬੋਰਡ ਵੀ ਹਿੰਦੀ ਅਤੇ ਅੰਗਰੇਜ਼ੀ ਦੇ ਲੱਗਣ ਲੱਗ ਗਏ। ਸਾਨੂੰ ਸਮਝ ਹੀ ਨਹੀਂ ਆਈ ਕਿ ਅਸਲ ਵਿੱਚ ਵਰਤਾਰਾ ਕੀ ਵਰਤ ਰਿਹਾ ਹੈ। ਹੁਣ ਆਲਮ ਇਹ ਹੋ ਚੁੱਕਾ ਹੈ ਕਿ ਘਰ ਵਿੱਚ ਬੱਚਿਆਂ ਨੂੰ ਟਿਉਸ਼ਨ ਪੜਾਉਣ ਵਾਲੀ ਇੱਕ ਮਾਮੂਲੀ ਪਰਿਵਾਰ ਦੀ ਇੱਕ ਅਧਿਆਪਕ ਨੇ ਵੀ ਨਿਯਮ ਬਨਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਉਸਦੀ ਟਿਊਸ਼ਨ ਤੇ ਕੋਈ ਬੱਚਾ ਪੰਜਾਬੀ ਵਿੱਚ ਗੱਲ ਨਹੀਂ ਕਰੇਗਾ। ਜਦੋਂ ਬੱਚਿਆਂ ਨੇ ਘਰ ਆ ਕੇ ਮਾਪਿਆਂ ਨੂੰ ਦੱਸਿਆ ਤਾਂ ਮਾਪੇ ਬਹੁਤ ਹੈਰਾਨ ਹੋਏ। ਬੱਚੇ ਵੀ ਉਲਝਣ ਵਿੱਚ ਸਨ ਕੀ ਜਦੋਂ ਟਿਊਸ਼ਨ ਅਧਿਆਪਕ ਇਹ ਨਿਯਮ ਬੱਚਿਆਂ ਉੱਤੇ ਲਾਗੂ ਕਰ ਰਹੀ ਸੀ, ਉਸ ਸਮੇਂ ਉਹ ਖੁੱਦ ਪੰਜਾਬੀ ਵਿੱਚ ਹੀ ਬੋਲ ਰਹੀ ਸੀ। ਉਸ ਅਧਿਆਪਕ ਨੇ ਇਹ ਨਿਯਮ ਸਪੈਸ਼ਲ ਉਨਾਂ ਬੱਚਿਆਂ ਉੱਪਰ ਲਾਗੂ ਕੀਤੇ ਜੋ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਹਨ। ਜਦੋਂ ਇੰਨਾਂ ਸਿੱਖ ਪਰਿਵਾਰਾਂ ਨੇ ਪੁੱਛਿਆ, “ਮੈਮ ਇਹ ਨਿਯਮ ਟਿਉਸ਼ਨ ਤੇ ਕਿਉਂ?” ਤਾਂ ਉਸ ਅਧਿਆਪਕ ਦਾ ਜਵਾਬ ਸੀ, (ਬਹੁਤ ਹੀ ਪਿਆਰ ਨਾਲ ਮਿੱਠੀ ਅਵਾਜ਼ ਵਿੱਚ) “ਜੀ ਇਸ ਲਈ ਕਿ ਬੱਚੇ ਪੰਜਾਬੀ ਵਿੱਚ ਮਿੱਠਾ ਨਹੀਂ ਬੋਲਦੇ। ਹਿੰਦੀ ਵਿੱਚ ਜਦੋਂ ਗੱਲ ਕਰਦੇ ਹਨ ਤਾਂ ਬਹੁਤ ਹੀ ਪਿਆਰੇ ਲੱਗਦੇ ਹਨ” ਮਾਪਿਆ ਨੇ ਕਿਹਾ, “ਮੈਮ ਤੁਸੀਂ ਖੁਦ ਇਸ ਸਮੇਂ ਪੰਜਾਬੀ ਵਿੱਚ ਹੀ ਬੋਲ ਰਹੇ ਹੋ। ਫਿਰ ਪੰਜਾਬੀ ਤੋਂ ਮਨਾਹੀ ਕਿਉਂ ਬੱਚਿਆਂ ਨੂੰ।” ਇੱਕ ਦਮ ਰੋਹ ਵਿੱਚ ਆਉਂਦੇ ਹੋਏ ਅਤੇ ਹਿੰਦੀ ਵਿੱਚ ਬੋਲਦੇ ਹੋਏ, “ਦੇਖੋ ਜੀ ਆਜ ਸੇ ਆਪ ਭੀ ਜਬ ਆਉ ਤੋ ਹਿੰਦੀ ਮੇਂ ਬਾਤ ਕਰੋ, ਪੇਰੰਟਸ ਭੀ ਪੰਜਾਬੀ ਨਹੀਂ ਬੋਲ ਸਕਤੇ ਯਹਾਂ” ਮਾਪੇ ਹੈਰਾਨ ਹੁੰਦੇ ਹੋਏ, “ਠੀਕ ਹੋ ਤੁਸੀਂ? ਤੁਸੀਂ ਇਸ ਕਲੋਨੀ ਵਿੱਚ ਸਾਡੇ ਨਾਲ ਪਿਛਲੇ ਗਿਆਰਾਂ ਸਾਲਾਂ ਤੋਂ ਰਹਿ ਰਹੇ ਹੋ। ਆਪਣੇ ਪਰਿਵਾਰਾਂ ਦੀ ਪਰਿਵਾਰਕ ਸਾਂਝ ਹੈ। ਇੱਕਦਮ ਇਹ ਕੀ ਹੋ ਗਿਆ?” ਮੈਡਮ ਦਾ ਜਵਾਬ, “ਦੇਖੇਂ ਸਕੂਲੋਂ ਮੇਂ ਭੀ ਹਿੰਦੀ ਹੀ ਬੋਲਣੀ ਪੜ੍ਹਤੀ ਹੈ। ਸਕੂਲ ਮੇਂ ਭੀ ਪੰਜਾਬੀ ਬੋਲਣੇ ਪਰ ਮਨਾਹੀ ਹੈ। ਤੋ ਪਲੀਜ਼ ਹਮਾਰੇ ਘਰ ਮੇਂ ਭੀ ਆਜ ਸੇ ਯੇ ਰੂਲ ਚਲੇਗਾ। ਆਪ ਸਭ ਸਿੱਖ ਪਰਿਵਾਰ ਆਜ ਸੇ ਯੇ ਨੋਟ ਕਰ ਲੇਂ। ਆਜ ਸੇ ਯਹਾਂ ਕੋਈ ਪੰਜਾਬੀ ਨਹੀ ਬੋਲੇਗਾ ਨਾ ਬੱਚੇ ਨਾ ਪੇਰੰਟਸ” ਸਾਰੇ ਮਾਪਿਆਂ ਨੇ ਉਸ ਮੈਡਮ ਦੀ ਸੱਸ ਵੱਲ ਦੇਖਿਆ, ਸੱਸ ਚੁੱਪ ਕਰਕੇ ਰਸੋਈ ਵਿੱਚ ਚਲੀ ਗਈ। ਇੱਕ ਸਿੱਖ ਮਾਂ ਜੋ ਆਪਣੀ 8 ਸਾਲ ਦੀ ਧੀ ਨੂੰ ਟਿਊਸ਼ਨ ਛੱਡਣ ਆਈ ਸੀ ਨੇ ਆਪਣੀ ਧੀ ਦੀ ਬਾਂਹ ਵਿੱਚ ਪਾਏ ਹੋਏ ਸਿਮਰਨ ਘੜੇ ਵੱਲ ਦੇਖਿਆ, ਆਪਣੀ ਧੀ ਦੇ ਮਾਸੂਮ ਚਹਿਰੇ ਵੱਲ ਦੇਖਿਆ, ਮੈਡਮ ਦੇ ਚਹਿਰੇ ਉੱਤੇ ਆ ਰਹੇ ਮਸ਼ਕਰੀ ਭਰੀ ਹਾਸੇ ਵੱਲ ਦੇਖਿਆ ਤੇ ਬੋਲੀ, “ਚੱਲ ਪੁੱਤ ਘਰ ਵਾਪਸ ਚੱਲ” ਮੈਡਮ ਇੱਕਦਮ ਚਿੱਲਾ ਕੇ, “ਸਕੂਲ ਵਿੱਚ ਵੀ ਹੁਣ ਇਹ ਹੀ ਰੂਲ ਹੈ। ਕੀ ਉੱਥੋਂ ਵੀ ਹਟਾ ਲਵੋਂਗੇ ਆਪਣੀ ਧੀ ਨੂੰ?” ਧੀ ਦੀ ਮਾਂ ਸੰਜੀਦਗੀ ਨਾਲ, “ਜੀ ਜ਼ਰੂਰ, ਉਸ ਸਕੂਲ ਵਿੱਚ ਪਾ ਦੇਵਾਂਗੀ ਜਿੱਥੇ ਤੁਹਾਡੀ ਜਠਾਣੀ ਦਾ ਬੇਟਾ ਪੜਦਾ ਹੈ ਉੱਥੇ ਪੰਜਾਬੀ ਬੋਲਣ ਤੋਂ ਮਨਾਹੀ ਨਹੀਂ ਹੈ। ਜਦਕਿ ਸਕੂਲ ਵਾਲਿਆਂ ਨੂੰ ਪਤਾ ਹੈ ਕਿ ਤੁਸੀ ਹਿੰਦੂ ਪਰਿਵਾਰ ਹੋ ਤਾਂ ਵੀ ਉੱਥੇ ਕਿਸੇ ਤਰਾਂ ਦੀ ਭਾਸ਼ਾ ਜਾਂ ਧਰਮ ਉੱਤੇ ਰੋਕ-ਟੋਕ ਨਹੀ ਹੈ।” ਉਸ ਸਿੱਖ ਮਾਂ ਨੇ ਆਪਣੀ 8 ਸਾਲ ਦੀ ਧੀ ਦਾ ਹੱਥ ਫੜਿਆ ਤੇ ਉਸ ਟਿਉਸ਼ਨ ਵਾਲੀ ਅਧਿਆਪਕ ਦੇ ਘਰੋਂ ਬਾਹਰ ਆ ਗਈ। ਉਸ ਦੇ ਪਿੱਛੇ ਬਾਕੀ ਦੇ ਹੋਰ ਸਿੱਖ ਪਰਿਵਾਰ ਵੀ ਆਪਣੇ ਬੱਚੇ ਲੈ ਕੇ ਉਸ ਘਰੋਂ ਬਾਹਰ ਆ ਗਏ। ਸਭ ਬੱਚਿਆਂ ਦੀ ਉਮਰ 4 ਸਾਲ ਤੋਂ ਲੈ ਕੇ 12 ਸਾਲ ਵਿੱਚ ਹੈ। ਇਹ ਵਾਕਿਆ ਕਿੰਨੀ ਕੋਝੀ ਸੋਚ ਨੂੰ ਦਰਸਾ ਰਿਹਾ ਹੈ। ਉਹ ਅਧਿਆਪਕ ਜਿਸ ਦਾ ਖੁਦ ਦਾ ਜਨਮ ਪੰਜਾਬ ਵਿੱਚ ਹੋਇਆ। ਜਿਸਨੇ ਖੁਦ ਪੰਜਾਬੀ ਬੋਲਦੀ, ਪੜਦੀ ਹੋਈ ਪੰਜਾਬੀ ਸਕੂਲ ਵਿੱਚ ਸਿੱਖਿਆ ਹਾਂਸਲ ਕੀਤੀ। ਪੰਜਾਬ ਵਿੱਚ ਹੀ ਵਿਆਹੀ ਗਈ। ਜਿਸ ਦਾ ਘਰਵਾਲਾ ਵੀ ਪੰਜਾਬ ਵਿੱਚ ਹੀ ਜੰਮਿਆ ਹੈ। ਅੱਜ ਤੱਕ ਖੁਦ ਵੀ ਪੰਜਾਬੀ ਬੋਲ ਰਹੀ ਸੀ, ਉਸਦੇ ਬੱਚੇ ਵੀ ਪੰਜਾਬੀ ਬੋਲ ਰਹੇ ਸਨ। ਅਚਨਚੇਤ ਇਸ ਹਿੰਦੂ ਅਧਿਆਪਕ ਨੂੰ ਪੰਜਾਬੀ ਤੋਂ ਇੰਨੀ ਨਫ਼ਰਤ ਕਿਉਂ ਹੋ ਗਈ? ਪੰਜਾਬੀ ਨੂੰ ਨਕਾਰ ਦੇਣਾ? ਪੰਜਾਬੀ ਕਰਕੇ ਆਪਣੇ ਗੁਆਂਢੀ ਸਿੱਖ ਪਰਿਵਾਰਾਂ ਨਾਲ ਦੁਰਵਿਹਾਰ? ਆਪਣੇ ਗੁਆਂਢੀ ਸਿੱਖ ਪਰਿਵਾਰਾਂ ਨਾਲ ਭਾਈਚਾਰਾ ਖਤਮ ਕਰ ਲੈਣਾ? ਕੀ ਇਹ ਖ਼ਤਰੇ ਦੇ ਸੰਕੇਤ ਨਹੀਂ ਭਾਈਚਾਰਕ ਸਾਂਝ ਲਈ? ਕੀ ਇਸ ਕਲੋਨੀ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਮੱਤਭੇਦ ਵੱਧਣ ਦੇ ਸੰਕੇਤ ਨਹੀਂ? ਕੀ ਇਹ ਸਭ ਏਜੰਸੀਆਂ ਕਰਵਾ ਰਹੀਆਂ ਹਨ? ਕੀ ਇਹ ਡੀਪ ਸਟੇਟ ਕਰਵਾ ਰਹੀ ਹੈ? ਕੀ ਇਹ ਕੋਈ ਅੱਤਵਾਦੀ ਸੰਗਠਨ ਕਰਵਾ ਰਿਹਾ ਹੈ? ਕੀ ਕਿਸੇ ਪੈਸੇ ਜਾਂ ਕਿਸੇ ਸਰਕਾਰੀ ਅਹੁੱਦੇ ਦੇ ਲਾਲਚ ਵੱਸ ਇਹ ਕੀਤਾ ਜਾ ਰਿਹਾ ਹੈ? ਜਾਂ ਖੁਦ ਦੀ ਸੋਚ ਹੀ ਇੰਨੇ ਨੀਵੇਂ ਪੱਧਰ ਤੇ ਚਲੀ ਗਈ ਹੈ ਕਿ ਇੱਕ ਮਾਮੂਲੀ ਟਿਊਸ਼ਨ ਪੜਾਉਣ ਵਾਲੀ ਅਧਿਆਪਕ ਇਸ ਹੱਦ ਤੱਕ ਸੋਚ ਰਹੀ ਹੈ। ਸਿੱਖ ਪਰਿਵਾਰਾਂ ਫੈਂਸਲਾ ਲਿਆ ਕਿ ਹੁਣ ਉਹ ਆਪਣੇ ਬੱਚੇ ਕਿਸੇ ਸਿੱਖ ਪਰਿਵਾਰ ਦੀ ਅਧਿਆਪਕ ਕੋਲ ਟਿਊਸ਼ਨ ਲਈ ਭੇਜਣਗੇ। ਹਿੰਦੂ ਪਰਿਵਾਰ ਨਾਲ ਸਬੰਧਤ ਅਧਿਆਪਕਾਂ ਦਾ ਬਾਈਕਾਟ ਕਰਾਂਗੇ। ਇਸ ਸਮੇਂ ਧੱਕਾ ਕਿਸ ਨਾਲ ਹੋ ਰਿਹਾ ਹੈ ਅਤੇ ਕਰ ਕੌਣ ਰਿਹਾ ਹੈ? ਬਹੁਤ ਵੱਡਾ ਸਵਾਲ ਹੈ। ਇਸ ਘਟਨਾ ਤੋਂ ਬਾਦ ਮੈਂ ਸੋਚ ਰਹੀ ਹਾਂ ਕਿ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ। ਅੱਜ-ਕੱਲ ਤਕਰੀਬਨ ਹਰ ਕੋਈ ਪੜ੍ਹਿਆ ਲਿਖਿਆ ਹੈ। ਊਚ-ਨੀਚ, ਜਾਤ-ਪਾਤ ਚੋਂ ਬੇਸ਼ੱਕ ਅੱਜ ਅਸੀਂ ਕਾਫੀ ਹੱਦ ਤੱਕ ਨਿਕਲ ਚੁੱਕੇ ਹਾਂ ਪਰ ਧਰਮਾਂ ਅਤੇ ਭਾਸ਼ਾ ਵਿੱਚ ਉਲਝ ਕੇ ਰਹਿ ਗਏ ਹਾਂ। ਕਿਉਂ ਨਹੀਂ ਹਰ ਕੋਈ ਆਪਣੇ ਧਰਮ ਅਤੇ ਭਾਸ਼ਾ ਲਈ ਅਜ਼ਾਦ ਖਿਆਲ ਰੱਖ ਸਕਦਾ? ਕਿਉਂ ਅਸੀਂ ਇੱਕ ਦੂਸਰੇ ਦੀ ਸੋਚ ਨੂੰ ਗੁਲਾਮ ਬਨ੍ਹਾਉਣਾ ਚਾਹੁੰਦੇ ਹਾਂ। ਇੱਕ ਗੁਰੂ ਦਾ ਦਰਜਾ ਜਿੱਥੇ ਬਹੁਤ ਹੀ ਸਨਮਾਨਿਤ ਅਤੇ ਉੱਚ ਦਰਜੇ ਦਾ ਹੁੰਦਾ ਸੀ, ਹੁਣ ਉਹ ਗੁਰੂ ਹੀ ਧਰਮ ਅਤੇ ਭਾਸ਼ਾ ਦੇ ਨਾਮ ਤੇ ਫ਼ਿਰਕਾਪ੍ਰਸਤੀ ਦਾ ਸ਼ਿਕਾਰ ਹੋ ਚੁੱਕਾ ਹੈ। ਹੁਣ ਸਾਨੂੰ ਉਸ ਗੁਰੂ ਕੋਲ਼ੋਂ ਹੀ ਆਪਣੇ ਬੱਚਿਆਂ ਨੂੰ ਬਚਾਉਣਾ ਪਏਗਾ। ਸਾਡੇ ਬੱਚਿਆਂ ਨੂੰ, ਸਾਡੀ ਹੋਂਦ ਨੂੰ ਹੁਣ ਉਸ ਗੁਰੂ ਕੋਲ਼ੋਂ ਹੀ ਖ਼ਤਰਾ ਮਹਿਸੂਸ ਹੋ ਰਿਹਾ ਹੈ। ਕਈ ਸਕੂਲਾਂ ਵਿੱਚ ਖ਼ਬਰਾਂ ਪੜਣ ਅਤੇ ਸੁਨਣ ਨੂੰ ਮਿਲਦੀਆਂ ਹਨ ਕਿ ਇੱਕ ਅਧਿਆਪਕ ਨੇ ਬੱਚੇ ਨੂੰ ਸਿਰਫ ਇਸ ਲਈ ਕੁੱਟ-ਕੁੱਟ ਕੇ ਮਾਰ ਦਿੱਤਾ ਕਿ ਉਹ ਛੋਟੀ ਜਾਤ ਦਾ ਸੀ ਅਤੇ ਉਸਨੇ ਘੜੇ ਵਿੱਚੋਂ ਪਾਣੀ ਪੀ ਲਿਆ ਸੀ। ਹੁਣ ਡਰ ਲੱਗ ਰਿਹਾ ਹੈ ਕਿ ਸਿੱਖ ਪਰਿਵਾਰ ਦੇ ਬੱਚਿਆਂ ਨੂੰ ਇਹ ਅਧਿਆਪਕ ਹੋ ਸਕਦਾ ਸਿਰਫ ਇਸ ਲਈ ਕੁੱਟ ਮਾਰ ਕਰਣ ਕਿ ਉਹ ਪੰਜਾਬੀ ਭਾਸ਼ਾ ਬੋਲਦੇ ਹਨ। ਕੀ ਹੁਣ ਸਾਡੀ ਮਜਬੂਰੀ ਬਣ ਜਾਵੇਗੀ ਕਿ ਸਾਨੂੰ ਆਪਣੇ ਧਰਮ ਨੂੰ ਦੇਖਦੇ ਹੋਏ ਅਧਿਆਪਕ ਅਤੇ ਸਕੂਲ ਦੀ ਚੋਣ ਕਰਣੀ ਪਏਗੀ? ਭਾਸ਼ਾ ਦੇ ਨਾਮ ਤੇ ਜੋ ਫ਼ਿਰਕਾਪ੍ਰਸਤੀ ਵੱਧ ਰਹੀ ਹੈ, ਉਹ ਵੀ ਪੜੇ ਲਿਖੇ ਅਧਿਆਪਕਾਂ ਵਿੱਚ, ਇਹ ਬਹੁਤ ਖ਼ਤਰਨਾਕ ਰੂਪ ਧਾਰਨ ਕਰੇਗਾ। ਕਿਉਂਕਿ ਘਰ ਤੋਂ ਬਾਦ ਸਕੂਲ ਅਤੇ ਅਧਿਆਪਕ ਹੀ ਮਾਸੂਮ ਬੱਚਿਆਂ ਦੀ ਮਾਸੂਮਿਯਤ ਅਤੇ ਵਿਕਾਸ ਦਾ ਆਧਾਰ ਹਨ। ਪਰ ਜੇਕਰ ਭਾਸ਼ਾ ਨੂੰ ਲੈ ਕੇ ਫ਼ਿਰਕਾਪ੍ਰਸਤੀ ਸਕੂਲਾਂ ਵਿੱਚੋਂ ਨਿਕਲ ਕੇ ਘਰੇਲੂ ਟਿਊਸ਼ਨ ਅਧਿਆਪਕ ਰਾਹੀਂ ਹੁਣ ਕਲੋਨੀ ਦੇ ਘਰਾਂ ਅਤੇ ਗਲੀਆਂ ਵਿੱਚ ਪਹੁੰਚ ਚੁੱਕੀ ਹੈ ਤਾਂ ਸਿੱਖ ਧਰਮ, ਸਿੱਖ ਕੌਮ, ਸਿੱਖ ਮਾਸੂਮ ਬੱਚੇ, ਗੁਰਬਾਣੀ, ਸਿੱਖ ਬਾਣਾ ਅਤੇ ਪੰਜਾਬੀ ਭਾਸ਼ਾ ਬੇਸ਼ੱਕ ਬਹੁਤ ਹੀ ਵੱਡੇ ਖ਼ਤਰੇ ਵਿੱਚ ਹਨ। ਇਸ ਨਾਲ ਗਲੀਆਂ ਵਿੱਚ ਵੀ ਦਹਿਸ਼ਤ ਵਧੇਗੀ ਅਤੇ ਗੁਆਂਢੀਆਂ ਵਿੱਚ ਵੀ। ਅਧਿਆਪਕਾਂ ਅਤੇ ਸਕੂਲਾਂ ਵਿੱਚ ਭਾਸ਼ਾ ਨੂੰ ਲੈ ਕੇ ਪੈਦਾ ਹੋ ਰਹੀ ਫਿਰਕਾਪ੍ਰਸਤੀ ਨਾਲ ਸਿੱਧੇ ਤੌਰ ਤੇ ਸ਼ਿਕਾਰ ਮਾਸੂਮ ਬੱਚਿਆਂ ਨੂੰ ਬਣਾਇਆ ਜਾ ਰਿਹਾ ਹੈ। ਇਹ ਕਹਿਣਾ ਬਿਲਕੁਲ ਅੱਤਕੱਥਣੀ ਨਹੀਂ ਕਿ ਸਾਡੇ ਬੱਚੇ ਅੱਜ ਖ਼ਤਰੇ ਵਿੱਚ ਪੜ ਰਹੇ ਹਨ। ਸਕੂਲ ਅਤੇ ਟਿਊਸ਼ਨ ਅਧਿਆਪਕ ਦੀ ਚੋਣ ਕਰਣ ਸਮੇਂ ਆਪਣੇ ਧਰਮ ਨੂੰ ਮੁੱਖ ਰੱਖਣਾ ਸ਼ਾਇਦ ਅੱਜ ਦੇ ਦੌਰ ਦੀ ਮਜਬੂਰੀ ਵੀ ਹੈ ਅਤੇ ਜ਼ਰੂਰਤ ਵੀ। ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵਾਪਰੇ ਸੂਰੀ ਵਰਗੇ ਕਾਂਡ ਵਾਪਰਨੇ ਲਾਜ਼ਮੀ ਹਨ। ਸੂਰੀ ਵਰਗਿਆਂ ਦਾ ਖ਼ਾਤਮਾ ਵੀ ਲਾਜ਼ਮੀ ਹੋਵੇਗਾ ਅਤੇ ਸੰਨੀ ਵਰਗਿਆਂ ਨੂੰ ਕੁਰਬਾਨੀ ਵੀ ਦੇਣੀ ਪਏਗੀ। ਪਰ ਨੁਕਸਾਨ ਹਮੇਸ਼ਾਂ ਇਨਸਾਨਿਯਤ ਅਤੇ ਮਾਸੂਮਿਯਤ ਦਾ ਹੁੰਦਾ ਰਿਹਾ ਹੈ ਅਤੇ ਅੱਗੋਂ ਵੀ ਹੋਵੇਗਾ। ਮਾਸੂਮ ਬੱਚਿਆਂ ਨੂੰ ਕਿੰਝ ਸਮਝਾਈਏ ਕਿ ਉਨਾਂ ਦੇ ਅਧਿਆਪਕ ਪੰਜਾਬੀ ਬੋਲਣ ਤੋਂ ਕਿਉਂ ਮਨਾ ਕਰਦੇ ਹਨ? ਕੀ ਸਾਨੂੰ ਵੀ ਆਪਣੇ ਮਾਸੂਮ ਬੱਚਿਆਂ ਦੇ ਦਿਲਾਂ ਵਿੱਚ ਫ਼ਿਰਕਾਪ੍ਰਸਤੀ ਦਾ ਜ਼ਹਿਰ ਭਰਣਾ ਪਏਗਾ? ਜਾਂ ਉਸ ਸਮੇਂ ਦੀ ਉਡੀਕ ਕਰਣੀ ਪਏਗੀ ਕਿ ਜਲਿਆਂਵਾਲਾ ਬਾਗ ਵਰਗਾ ਕਾਂਡ ਵਾਪਰੇ ਅਤੇ ਫਿਰ ਕੋਈ ਬੱਚਾ ਉੱਧਮ ਸਿੰਘ ਬਣੇ? ਮਨ ਦੁਖੀ ਹੈ, ਮਨ ਪਰੇਸ਼ਾਨ ਹੈ ਪਰ ਮਨ ਖੁਸ਼ ਹੈ ਕਿ ਸਿੱਖ ਕੌਮ ਦਾ ਹਿੱਸਾ ਹੈ। ਉੱਚੀ-ਸੁੱਚੀ ਸੋਚ ਰੱਖਣ ਵਾਲੀ ਕੌਮ ਸਿੱਖ ਕੌਮ ਵਿੱਚ ਉਸਦਾ ਜਨਮ ਹੋਇਆ ਹੈ। ਜੋ ਕੌਮ ਜ਼ੁਲਮ ਦੇ ਖਿਲਾਫ ਲੜਦੀ ਹੈ ਨਾ ਕਿ ਜ਼ੁਲਮ ਕਰਦੀ ਹੈ। ਭਾਸ਼ਾ ਦੇ ਨਾਮ ਉੱਤੇ ਹੋ ਰਹੀ ਇਸ ਫ਼ਿਰਕਾਪ੍ਰਸਤੀ ਦਾ ਖਤਰਨਾਕ ਰੂਪ ਇਹ ਹੋ ਸਕਦਾ ਹੈ ਕਿ ਜਿਸ ਤਰਾਂ ਕੁਝ ਸਕੂਲ ਅਤੇ ਅਧਿਆਪਕ ਪੰਜਾਬੀ ਭਾਸ਼ਾ ਲਈ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਹੋ ਸਕਦਾ ਹੈ ਕਿ ਇਸ ਦੇ ਜਵਾਬ ਵਿੱਚ ਕੁਝ ਸਕੂਲ ਅਤੇ ਅਧਿਆਪਕ ਹਿੰਦੀ ਭਾਸ਼ਾ ਨੂੰ ਲੈ ਕੇ ਨਿਸ਼ਾਨਦੇਹੀ ਸ਼ੁਰੂ ਕਰ ਦੇਣ। ਫਿਰ ਅਧਿਆਪਕਾਂ ਨੂੰ ਵੀ ਅੱਤਵਾਦੀ ਅਤੇ ਵੱਖਵਾਦੀ ਵਾਂਗ ਦੇਖਿਆ ਜਾਵੇਗਾ। ਫਿਰ ਚੰਡੀਗੜ ਏਅਰਪੋਰਟ ਉੱਤੇ ਹੋਏ ਥੱਪੜ ਕਾਂਡ ਵਰਗੇ ਕਾਂਡ ਨਿੱਤ ਵਾਪਰਨਗੇ। ਸਰਕਾਰਾਂ ਅਤੇ ਪ੍ਰਸ਼ਾਸਨ ਦੀ ਫ਼ਿਰਕਾਪ੍ਰਸਤੀ ਨੂੰ ਵਧਾਉਣ ਦੀ ਇਹ ਚਾਲ ਹੁਣ ਹਥਿਆਰਾਂ ਅਤੇ ਨਸ਼ਿਆਂ ਚੋਂ ਨਿਕਲਦੀ ਹੋਈ ਸਕੂਲਾਂ ਦੇ ਅਧਿਆਪਕਾਂ ਰਾਹੀਂ ਮਾਸੂਮ ਬੱਚਿਆਂ ਨੂੰ ਖਤਮ ਕਰਣ ਦੀ ਹੈ। ਸਿੱਖੀ ਨੂੰ ਖਤਮ ਕਰਣ ਲਈ ਮੁਗ਼ਲਾਂ ਦੇ ਸਮੇਂ ਛੋਟੇ-ਛੋਟੇ ਬੱਚਿਆਂ ਦੇ ਟੁੱਕੜੇ ਕਰਕੇ ਨੇਜ਼ਿਆਂ ਤੇ ਟੰਗਿਆ ਗਿਆ ਅਤੇ ਉਨਾਂ ਦੀਆਂ ਲਾਸ਼ਾਂ ਨੂੰ ਮਾਵਾਂ ਦੇ ਗਲਿਆਂ ਵਿੱਚ ਪਾਇਆ ਗਿਆ। ਹੁਣ ਅਧਿਆਪਕਾਂ ਵੱਲੋਂ ਸਕੂਲੀ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੱਖ ਕੌਮ ਨੂੰ ਇੱਕਜੁੱਟ ਹੋ ਕੇ ਸੋਚਣ ਦੀ ਲੋੜ ਹੈ ਅਤੇ ਆਪਣੇ ਮਾਸੂਮ ਬੱਚਿਆਂ ਨੂੰ ਬਚਾਉਣ ਲਈ ਉਨ੍ਹਾਂ ਸਕੂਲ ਅਤੇ ਅਧਿਆਪਕਾਂ ਦਾ ਬਾਈਕਾਟ ਕਰਣ ਦੀ ਲੋੜ ਹੈ ਜੋ ਪੰਜਾਬੀ ਬੋਲਣ ਤੋਂ ਮਨਾ ਕਰ ਰਹੇ ਹਨ। ਕੀ ਹਿੰਦੀ ਬੋਲਣ ਵਾਲੇ ਡਾਕਟਰਾਂ ਦਾ ਵੀ ਬਾਈਕਾਟ ਕਰਣਾ ਪਏਗਾ? ਕੀ ਹਿੰਦੀ ਬੋਲਣ ਵਾਲੇ ਵਪਾਰੀਆਂ ਦਾ ਵੀ ਬਾਈਕਾਟ ਕਰਣਾ ਪਏਗਾ? ਜੇਕਰ ਪੰਜਾਬੀ ਭਾਸ਼ਾ ਦੇ ਖਿਲਾਫ ਸਕੂਲਾਂ ਅਤੇ ਅਧਿਆਪਕਾਂ ਦੇ ਅੱਤਵਾਦੀ ਸੰਗਠਨ ਸਰਗਰਮ ਹਨ ਤਾਂ ਹੁਣ ਹਿੰਦੀ ਭਾਸ਼ਾ ਵੀ ਰੜਕਣੀ ਲਾਜ਼ਮੀ ਹੈ। ਪੰਜਾਬ ਵਿੱਚ ਭਾਸ਼ਾ ਦੇ ਅੱਤਵਾਦ ਨੂੰ ਕਿਸ ਤਰਾਂ ਪ੍ਰਸ਼ਾਸਨ ਠੱਲ ਪਾਉਂਦਾ ਹੈ ਇਹ ਬਹੁਤ ਵੱਡੀ ਚੁਣੋਤੀ ਹੈ। ਪੰਜਾਬ ਨੂੰ ਹੁਣ ਭਾਸ਼ਾ ਦੇ ਅੱਤਵਾਦ ਲਈ ਕਿੰਨਾ ਕਤਲੇਆਮ ਝੱਲਣਾ ਪਏਗਾ, ਇਹ ਪ੍ਰਸ਼ਾਸਨ ਨੂੰ ਵਿਚਾਰਨਾ ਪਏਗਾ। ਸਕੂਲ ਦੇ ਮਾਸੂਮ ਬੱਚਿਆਂ ਨੂੰ ਪ੍ਰਸ਼ਾਸਨ ਕਿਸ ਤਰਾਂ ਭਾਸ਼ਾ ਦੇ ਅੱਤਵਾਦ ਤੋਂ ਬਚਾਉਂਦਾ ਹੈ ਇਹ ਇਤਿਹਾਸ ਵਿੱਚ ਦਰਜ ਹੋਵੇਗਾ।
ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ ਅਤੇ ਪ੍ਰਧਾਨ
ਪੀਂਘਾਂ ਸੋਚ ਦੀਆਂ ਸਾਹਿਤ ਮੰਚ
+91-9888697078
Leave a Comment
Your email address will not be published. Required fields are marked with *