ਕੋਟਕਪੂਰਾ, 9 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹੀਦ ਭਗਤ ਸਿੰਘ ਵਿਚਾਰ ਮੰਚ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਨਵੇਂ ਫੌਜਦਾਰੀ ਕਾਨੂੰਨਾਂ ਉੱਪਰ 11 ਅਗਸਤ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਮੁੱਖ ਬੁਲਾਰੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਅਤੇ ਮਨੁੱਖੀ ਅਧਿਕਾਰਾਂ ਲਈ ਜੂਝਣ ਵਾਲੇ ਸ਼੍ਰੀ ਕੋਲਿਨ ਗੋਨਸਲਵੇਜ ਸੰਬੋਧਨ ਕਰਨਗੇ। ਸ਼੍ਰੀ ਕੋਲਿਨ ਗੋਨਸਲਵੇਜ ਤਿੰਨ ਦਹਾਕਿਆਂ ਤੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕਰ ਰਹੇ ਹਨ। ਰਾਇਟ ਲਾਈਵਲੀਹੁਡ ਐਵਾਰਡ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਹਨ। ਕਨੂੰਨੀ ਮਾਹਿਰ ਹੋਣ ਦੇ ਨਾਲ-ਨਾਲ ਕਈ ਕਿਤਾਬਾਂ ਵੀ ਲਿੱਖ ਚੁੱਕੇ ਹਨ। ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂ ਗੁਰਦਿਆਲ ਸਿੰਘ ਭੱਟੀ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਅਤੇ ਸੀਨੀਅਰ ਪੱਤਰਕਾਰ ਜਸਵੰਤ ਸਿੰਘ ਜੱਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਲਗਾਤਾਰ ਲੋਕ ਵਿਰੋਧੀ ਕਾਨੂੰਨ ਲਿਆ ਰਹੀ ਹੈ। ਇਸ ਰਾਜ ’ਚ ਬੇਰੁਜਗਾਰੀ ਅਤੇ ਭੁੱਖਮਰੀ ਕਾਰਨ ਲੋਕਾਂ ’ਚ ਸਰਕਾਰ ਪ੍ਰਤੀ ਰੋਸ ਹੈ। ਲੋਕਾਂ ’ਚ ਕੇਂਦਰ ਸਰਕਾਰ ਖਿਲਾਫ ਲਗਾਤਾਰ ਵਿਰੋਧ ਵੱਧ ਰਿਹਾ ਹੈ, ਲੋਕਾਂ ਦੀ ਆਵਾਜ ਦਬਾਉਣ ਲਈ ਸਰਕਾਰ ਕਨੂੰਨ ਸਖਤ ਕਰ ਰਹੀ ਹੈ। ਇਸ ਸਰਕਾਰ ਦੇ ਰਾਜ ਵਿਚ ਮਨੁਖੀ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਲੋਕਾਂ ਦੀ ਆਵਾਜ ਉਠਾਉਣ ਵਾਲੇ ਲੋਕਾਂ ਨੂੰ ਜੇਲਾਂ ’ਚ ਸੁੱਟਿਆ ਜਾ ਰਿਹਾ ਹੈ। ਲੋਕਾਂ ਦੇ ਅੰਦੋਲਨਾਂ ਨੂੰ ਕੁਚਲਣ ਲਈ ਬਸਤੀਵਾਦੀ ਕਾਨੂੰਨਾਂ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ। ਨਵੇਂ ਕਾਨੂੰਨਾਂ ਨੂੰ 1 ਜੁਲਾਈ ਤੋਂ ਲਾਗੂ ਵੀ ਕਰ ਦਿੱਤਾ ਗਿਆ ਹੈ। ਇਹਨਾਂ ਕਾਨੂੰਨਾਂ ਤਹਿਤ ਪੁਲੀਸ ਅਤੇ ਫੌਜ ਨੂੰ ਵੱਧ ਅਧਿਕਾਰ ਦੇ ਦਿੱਤੇ ਗਏ ਹਨ। ਸਰਕਾਰ ਖਿਲਾਫ ਆਵਾਜ ਉਠਾਉਣ ਵਾਲੇ ਲੋਕਾਂ ਨੂੰ ਇਹਨਾਂ ਕਾਨੂੰਨਾਂ ਤਹਿਤ ਦਬਾਇਆ ਜਾਵੇਗਾ। ਇਹ ਕਾਨੂੰਨ ਲੋਕਾਂ ’ਚ ਹੋਰ ਬੇਚਨੀ ਵਧਾਉਂਗੇ। ਇਹਨਾਂ ਕਾਨੂੰਨਾਂ ਦੇ ਸਾਰੇ ਪੱਖਾਂ ਉੱਪਰ ਵਿਚਾਰ ਚਰਚਾ ਕਰਨ ਲਈ 11 ਅਗਸਤ ਦਿਨ ਐਤਵਾਰ ਨੂੰ ਸਵੇਰੇ 11:00 ਵਜੇ ਮੋੜ ਫਾਰਮਸ ਵਿੱਚ ਸੈਮੀਨਾਰ ਕਰਵਾਇਆ ਜਾਵੇਗਾ। ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਸਹਿਯੋਗੀ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਲੋਕਪੱਖੀ ਲੋਕਾਂ ਨੂੰ ਸੈਮੀਨਾਰ ’ਚ ਪਹੁੰਚਣ ਦੀ ਅਪੀਲ ਕਰਦੇ ਹਨ।