ਕੇਸਾਧਾਰੀ ਸਿੱਖਾਂ ਦੀਆਂ ਲੜਕੀਆਂ, ਕੇਸ-ਰਹਿਤ ਲੜਕਿਆਂ ਨੂੰ ਪਸੰਦ ਕਿਉਂ ਕਰਦੀਆਂ ਹਨ? ਇਹ ਪ੍ਰਸ਼ਨ ਬਹੁਤੇ ਕੇਸਾਧਾਰੀ ਸਿੱਖਾਂ ਦੇ ਮਨ ਵਿੱਚ ਆਉਂਦਾ ਹੈ। ਪਰੰਤੂ, ਉਹਨਾਂ ਨੂੰ ਇਸ ਦਾ ਉੱਤਰ ਸਮਝ ਨਹੀਂ ਆਉਂਦਾ। ਇਸ ਪ੍ਰਸ਼ਨ ਦਾ ਉੱਤਰ ਜਾਣਨ ਤੋਂ ਪਹਿਲਾਂ, ਇਸ ਦੇ ਕਾਰਨ ਨੂੰ ਸਮਝਣ ਦੀ ਲੋੜ ਹੈ।
ਲੜਕੀਆਂ ਨੂੰ ਕੇਸ-ਰਹਿਤ ਲੜਕੇ ਇਸ ਕਰਕੇ ਚੰਗੇ ਲੱਗਦੇ ਹਨ ਕਿ ਸਾਰੇ ਨੇਤਾ, ਅਭਿਨੇਤਾ, ਵੱਡੇ ਅਧਿਕਾਰੀ ਅਤੇ ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਲੋਕ: ਕੇਸ-ਰਹਿਤ ਹਨ। ਨੌਜਵਾਨ ਅਤੇ ਕਾਲਜ-ਯੂਨੀਵਰਸਿਟੀ ਵਿੱਚ ਪੜ੍ਹੀਆਂ ਲੜਕੀਆਂ ਨੂੰ ਪ੍ਰਭਾਵਸ਼ਾਲੀ ਅਤੇ ਉੱਚ ਪਦਵੀਆਂ ਉੱਤੇ ਸੁਸ਼ੋਭਿਤ ਵਿਅਕਤੀ ਹੀ ਪ੍ਰਭਾਵਿਤ ਕਰਦੇ ਹਨ ਅਤੇ ਆਕਰਸ਼ਕ ਲੱਗਦੇ ਹਨ। ਜਿਸ ਦਿਨ ਨੇਤਾ, ਅਭਿਨੇਤਾ ਅਤੇ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਬਹੁਤੇ ਲੋਕ: ਕੇਸਾਧਾਰੀ ਹੋ ਜਾਣਗੇ; ਉਸ ਦਿਨ ਸਾਡੀਆਂ ਲੜਕੀਆਂ ਨੂੰ ਆਪਣੇ ਆਪ ਹੀ ਕੇਸਾਧਾਰੀ ਲੜਕੇ ਚੰਗੇ ਲੱਗਣ ਲੱਗ ਪੈਣਗੇ। ਵੈਸੇ ਵੀ ਤੁਸੀਂ ਵਿਚਾਰ ਕਰਕੇ ਦੇਖੋ: ਜੇ ਲੜਕੀਆਂ ਨੇ ਕੋਈ ਲੜਕਾ ਚੁਣਨਾ ਹੋਵੇ; ਤਾਂ ਉਨ੍ਹਾਂ ਨੂੰ ਉੱਚੀਆਂ ਪਦਵੀਆਂ ਉੱਤੇ ਕੇਸਾਧਾਰੀ ਲੜਕੇ ਬਹੁਤ ਘੱਟ ਮਿਲਦੇ ਹਨ; ਬਹੁਤੇ ਕੇਸ-ਰਹਿਤ ਲੜਕੇ ਹੀ ਉੱਚੇ ਅਹੁਦਿਆਂ ਉੱਤੇ ਹੁੰਦੇ ਹਨ।
ਤੁਹਾਡੀਆਂ ਲੜਕੀਆਂ ਕੇਸਾਧਾਰੀ ਲੜਕਿਆਂ ਨੂੰ ਪਸੰਦ ਕਰਨ: ਇਹ ਇੱਛਾ ਰੱਖਣ ਵਾਲੇ ਮਾਪਿਆਂ ਨੂੰ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਤੁਹਾਡੀਆਂ ਲੜਕੀਆਂ ਨੂੰ ਤੁਹਾਡੇ ਵਰਗੇ ਸੰਸਕਾਰ, ਵਾਤਾਵਰਣ ਅਤੇ ਧਾਰਮਿਕ ਸਿੱਖਿਆ ਨਹੀਂ ਮਿਲੀ। ਤੁਹਾਡੀਆਂ ਲੜਕੀਆਂ ਦੀ ਪੀੜ੍ਹੀ ਵੀ ਤੁਹਾਡੇ ਨਾਲੋਂ 25 ਸਾਲ ਛੋਟੀ ਹੈ ਅਤੇ ਪੂਰਨ ਰੂਪ ਵਿੱਚ ਅਲੱਗ ਹੈ। ਇਸ ਲਈ, ਤੁਹਾਨੂੰ ਉਨ੍ਹਾਂ ਦੀ ਸੋਚ ਅਤੇ ਸੁਭਾਅ; ਤੁਹਾਡੇ ਵਰਗੇ ਹੋਣ ਦੀ ਆਸ ਨਹੀਂ ਕਰਨੀ ਚਾਹੀਦੀ। ਕੇਸਾਧਾਰੀ ਸਿੱਖਾਂ ਨੂੰ ਇਸ ਗੱਲ ਤੋਂ ਦੁਖੀ ਨਹੀਂ ਹੋਣਾ ਚਾਹੀਦਾ ਕਿ ਤੁਹਾਡੀਆਂ ਲੜਕੀਆਂ ਕੇਸ-ਰਹਿਤ ਲੜਕਿਆਂ ਨੂੰ ਪਸੰਦ ਕਿਉਂ ਕਰਦੀਆਂ ਹਨ? ਭਾਵੇਂ ਤੁਹਾਡੀ ਸੋਚ ਸਹੀ ਹੈ। ਅਸੀਂ ਨਾਮਧਾਰੀ ਸਿੱਖ ਉਸ ਦਾ ਸਮਰਥਨ ਕਰਦੇ ਹਾਂ। ਪਰੰਤੂ, ਤੁਹਾਡੀਆਂ ਲੜਕੀਆਂ ਸਿਰਫ਼ ਕੇਸਾਧਾਰੀ ਸਿੱਖਾਂ ਨਾਲ ਹੀ ਵਿਆਹ ਕਰਾਉਣ; ਇਸ ਦੇ ਲਈ ਕੋਈ ਵਧੀਆ ਤਰੀਕਾ ਲੱਭ ਕੇ, ਇਸ ਸਮੱਸਿਆ ਦਾ ਸਮਾਧਾਨ ਵੀ ਕਰਨਾ ਚਾਹੀਦਾ ਹੈ।
ਇਸ ਸਮੱਸਿਆ ਦੇ ਸਮਾਧਾਨ ਲਈ ਮੈਂ ਕੇਸਾਧਾਰੀ ਸਿੱਖਾਂ ਨੂੰ ਸੁਝਾਅ ਦੇ ਰਿਹਾ ਹਾਂ। ਸੰਭਵ ਹੈ: ਸਾਰੇ ਸਹਿਮਤ ਹੋਣਗੇ। ਵੱਡੇ-ਵੱਡੇ ਨੇਤਾਵਾਂ, ਅਭਿਨੇਤਾਵਾਂ ਅਤੇ ਅਧਿਕਾਰੀਆਂ ਨੂੰ “ਸਿੱਖ” ਬਣਾ ਕੇ, ਕੇਸਾਧਾਰੀ ਬਣਾਉਣ ਦਾ ਯਤਨ ਕਰੋ। ਜਦੋਂ ਜ਼ਿਆਦਾਤਰ ਨੇਤਾ, ਅਭਿਨੇਤਾ ਅਤੇ ਅਧਿਕਾਰੀ: ਕੇਸਾਧਾਰੀ ਹੋਣਗੇ ਤਾਂ ਉਨ੍ਹਾਂ ਪ੍ਰਭਾਵਸ਼ਾਲੀ ਲੋਕਾਂ ਨੂੰ ਦੇਖ ਕੇ, ਤੁਹਾਡੀਆਂ ਲੜਕੀਆਂ ਆਪਣੇ ਆਪ ਹੀ ਕੇਸਾਧਾਰੀ ਲੜਕਿਆਂ ਨੂੰ ਪਸੰਦ ਕਰਨ ਲੱਗ ਜਾਣਗੀਆਂ। ਜਿਵੇਂ: ਅੱਜ ਕੱਲ੍ਹ ‘ਦਲਜੀਤ ਦੁਸਾਂਝ’, ‘ਸਤਿੰਦਰ ਸਿਰਤਾਜ’ ਆਦਿ ਅਭਿਨੇਤਾਵਾਂ ਦੇ ਕੇਸਾਧਾਰੀ ਹੋਣ ਕਾਰਨ; ਜਿੱਥੇ ਲੜਕਿਆਂ ਵਿੱਚ ਕੇਸ ਰੱਖਣ ਦਾ ਰੁਝਾਨ ਵਧਦਾ ਜਾ ਰਿਹਾ ਹੈ, ਉੱਥੇ ਲੜਕੀਆਂ ਵੀ ਕੇਸਾਧਾਰੀ ਲੜਕਿਆਂ ਨੂੰ ਪਸੰਦ ਕਰਨ ਲੱਗ ਪਈਆਂ ਹਨ।
ਇਸ ਸਮੱਸਿਆ ਦਾ ਦੂਸਰਾ ਸਮਾਧਾਨ ਹੈ: ਸਿੱਖ ਪੰਥ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਵੱਧ ਤੋਂ ਵੱਧ ਲੋਕ ਕੇਸਾਧਾਰੀ ਬਣਨ। ਜੇ ਕੇਸਾਧਾਰੀ ਸਿੱਖਾਂ ਦੀ ਗਿਣਤੀ ਵੱਧ ਹੋਵੇਗੀ; ਫਿਰ ਲੜਕੀਆਂ ਆਪਣੇ ਆਪ ਹੀ ਉਨ੍ਹਾਂ ਨੂੰ ਪਸੰਦ ਕਰਨ ਲੱਗ ਜਾਣਗੀਆਂ ਅਤੇ ਤੁਹਾਡੀਆਂ ਲੜਕੀਆਂ ਲਈ ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਵੀ ਸੌਖਾ ਹੋ ਜਾਵੇਗਾ। ਇਸ ਸਮੇਂ ਤਾਂ ਜਦੋਂ ਲੜਕੀਆਂ ਘਰੋਂ ਬਾਹਰ ਨਿਕਲਦੀਆਂ ਹਨ; ਉਹਨਾਂ ਨੂੰ ਹਰ ਦਿਸ਼ਾ ਵਿੱਚ ਮੋਨੇ ਲੋਕ ਹੀ ਦੇਖਣ ਨੂੰ ਮਿਲਦੇ ਹਨ। ਜਦੋਂ ਉਹਨਾਂ ਨੂੰ ਕੇਸਾਧਾਰੀ ਲੜਕਾ ਵੇਖਣ ਨੂੰ ਹੀ ਨਹੀਂ ਮਿਲਦਾ; ਫਿਰ ਉਹ ਕੇਸਾਧਾਰੀ ਲੜਕਿਆਂ ਨੂੰ ਪਸੰਦ ਕਰਕੇ, ਉਹਨਾਂ ਨਾਲ ਵਿਆਹ ਕਿਵੇਂ ਕਰਵਾ ਸਕਦੀਆਂ ਹਨ? ਬਹੁਤ ਸਾਰੇ ਵੱਡੇ ਸ਼ਹਿਰਾਂ ਵਿੱਚ ਤਾਂ, ਕੇਸਾਧਾਰੀ ਲੜਕੇ ਵੇਖਣ ਨੂੰ ਵੀ ਨਹੀਂ ਮਿਲਦੇ। ਇਸ ਯੁਵਾ ਅਵਸਥਾ ਵਿਚ ਤਾਂ ਲੜਕੀਆਂ ਨੂੰ ਜੋ ਵੀ ਲੜਕਾ ਮਿਲੇਗਾ; ਉਹ ਉਸ ਨਾਲ ਹੀ ਸੰਬੰਧ ਬਣਾ ਲੈਣਗੀਆਂ। ਜੇ ਕੇਸਾਧਾਰੀ ਲੜਕੇ ਮਿਲਣਗੇ ਤਾਂ ਉਹ ਉਹਨਾਂ ਨਾਲ ਸੰਬੰਧ ਜ਼ਰੂਰ ਬਣਾਉਣਗੀਆਂ। ਸਿੱਖ ਵੀਰੋ! ਤੁਹਾਡੀਆਂ ਕੁੜੀਆਂ ਕੇਸਾਧਾਰੀ ਲੜਕਿਆਂ ਨਾਲ ਹੀ ਵਿਆਹ ਕਰਾਉਣ; ਇਸ ਦੇ ਲਈ ਕੇਸਾਧਾਰੀ ਸਿੱਖਾਂ ਦੀ ਗਿਣਤੀ ਵਧਾਓ।
– ਠਾਕੁਰ ਦਲੀਪ ਸਿੰਘ