ਕੋਟਕਪੂਰਾ, 8 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਬੀਤੇ ਦਿਨੀਂ ਹੁਸ਼ਿਆਰਪੁਰ ਵਿਖੇ ਫਿੱਟ ਬਾਈਕ ਕਲੱਬ ਅਤੇ ਸਚਦੇਵਾ ਸਟੋਕਸ ਵਲੋਂ 100 ਕਿਲੋਮੀਟਰ ਅਤੇ 200 ਕਿਲੋਮੀਟਰ ਦੀ ਸਾਈਕਲੋਥੋਨ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਗਿਆ, ਜਿਸ ਦਾ ਮਕਸਦ ਨਸ਼ਾ ਮੁਕਤ ਪੰਜਾਬ ਅਤੇ ਵੋਟਰ ਜਾਗਰੂਕਤਾ ਸੀ, ਇਸ ਸਾਈਕਲੋਥੋਨ ’ਚ ਪੂਰੇ ਭਾਰਤ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚੋਂ 8 ਸਾਲ ਤੋਂ ਲੈ ਕੇ 80 ਸਾਲ ਤੱਕ ਦੇ ਬੱਚੇ, ਮਰਦ, ਔਰਤਾਂ ਅਤੇ ਬਜ਼ੁਰਗਾਂ ਸਮੇਤ 335 ਤੋਂ ਵੱਧ ਸਾਈਕਲ ਚਾਲਕਾਂ ਨੇ ਭਾਗ ਲਿਆ। ਇਸ ਸਾਈਕਲ ਰੈਲੀ ਨੂੰ ਸੁਰਿੰਦਰ ਲਾਂਬਾ ਐੱਸ.ਐੱਸ.ਪੀ. ਹਸ਼ਿਆਰਪੁਰ, ਸ਼੍ਰੀ ਅਮਰਨਾਥ ਡੀ.ਐੱਸ.ਪੀ. ਅਤੇ ਫਿਟ ਬਾਈਕ ਦੇ ਪਰਮਜੀਤ ਸਿੰਘ ਸਚਦੇਵਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।।ਇਹ ਸਾਈਕਲ ਰੈਲੀ ਹੁਸ਼ਿਆਰਪੁਰ ਤੋਂ ਸ਼ੁਰੂ ਹੋ ਕੇ ਗੜਸ਼ੰਕਰ, ਸਮੁੰਦਰਾ ਪਿੰਡ ਤੋਂ ਵਾਪਸ ਉਸੇ ਰਾਸਤੇ ਰਾਹੀਂ ਹੁਸ਼ਿਆਰਪੁਰ ਵਿਖੇ ਹੀ ਸਮਾਪਤ ਹੋਈ, ਰਸਤੇ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾਂ ਲਈ ਪੁਲਿਸ ਪ੍ਰਸ਼ਾਸਨ ਅਤੇ ਕਲੱਬ ਵੱਲੋਂ ਉਚੇਚੇ ਪ੍ਰਬੰਧ ਸ਼ਲਾਘਾਯੋਗ ਸਨ, ਜਿਥੇ ਇਸ ਸਾਈਕਲ ਰੈਲੀ ਵਿੱਚ ਕੋਟਕਪੂਰਾ ਸਾਈਕਲ ਰਾਈਡਰਜ਼ ਟੀਮ ਦੇ ਗੁਰਦੀਪ ਸਿੰਘ ਕਲੇਰ, ਗੁਰਪ੍ਰੀਤ ਸਿੰਘ ਕਮੋਂ, ਰਜਟ ਕਟਾਰੀਆ, ਜਰਨੈਲ ਸਿੰਘ, ਅਰਵਿੰਦ ਲੱਕੀ ਅਤੇ ਤੁਲਸੀ ਦਾਸ ਨੇ ਭਾਗ ਲਿਆ, ਉਥੇ ਹੀ 100 ਕਿਲੋਮੀਟਰ ਦੇ ਸਫ਼ਰ ਨੂੰ ਨਿਰਧਾਰਿਤ ਸਮੇਂ ’ਚ ਪੂਰਾ ਵੀ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਇਸ ਸਾਈਕਲ ਰੈਲੀ ਨੂੰ ਪੂਰਾ ਕਰਨ ਵਾਲੇ ਹਰ ਸਾਈਕਲ ਚਾਲਕ ਨੂੰ ਜਰਸੀ, ਮੈਡਲ ਅਤੇ ਸ਼ਰਟੀਫਿਕੇਟ ਵੀ ਤਕਸੀਮ ਕੀਤੇ ਗਏ।ਇਸ ਮੌਕੇ ਕੋਟਕਪੂਰਾ ਸਾਈਕਲ ਰਾਈਡਰਜ਼ ਦੀ ਟੀਮ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਸਾਈਕਲੋਥੋਨ ਨੂੰ ਪੂਰਾ ਕਰਨ ਵਾਲੇ ਸਾਈਕਲ ਚਾਲਕਾਂ ਨੂੰ ਮੁਬਾਰਕਬਾਦ ਦਿੱਤੀ ਗਈ।