‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਉਨ੍ਹਾਂ ਨੂੰ ਬਾਖ਼ੂਬੀ ਯਾਦ ਕੀਤਾ ਗਿਆ ਤੇ ਕਵੀ-ਦਰਬਾਰ ਵੀ ਹੋਇਆ
ਬਰੈਂਪਟਨ 20 ਨਵੰਬਰ (ਡਾ. ਝੰਡ/ਵਰਲਡ ਪੰਜਾਬੀ ਟਾਈਮਜ਼)
ਲੰਘੇ ਐਤਵਾਰ 17 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ (ਰਜਿ.) ਦੇ ਮਹੀਨਾਵਾਰ ਸਮਾਗ਼ਮ ਵਿੱਚ ਪਿਛਲੇ ਦਿਨੀਂ ਇਸ ਸੰਸਾਰ ਤੋਂ ਅਕਾਲ-ਚਲਾਣਾ ਕਰ ਗਏ ਗੁਰਦਾਸ ਮਿਨਹਾਸ ਜੀ ਨੂੰ ਵੱਖ-ਵੱਖ ਬੁਲਾਰਿਆਂ ਵੱਲੋਂ ਭਾਵ-ਪੂਰਤ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਗੁਰਦਾਸ ਮਿਨਹਾਸ ਹੁਰਾਂ ਦੇ ਪਰਿਵਾਰਕ ਮੈਂਬਰ ਵੀ ਇਸ ਸਮਾਗ਼ਮ ਵਿਚ ਸ਼ਾਮਲ ਹੋਏ। ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿਚ ਗੁਰਦਾਸ ਮਿਨਹਾਸ ਹੁਰਾਂ ਦੀ ਧਰਮਪਤਨੀ ਸ਼੍ਰੀਮਤੀ ਅਮਰਜੀਤ ਕੌਰ ਮਿਨਹਾਸ, ਹਰਭਜਨ ਕੌਰ ਗਿੱਲ, ਸ਼ੈਲੇਂਦਰਾ ਚੌਧਰੀ, ਗੁਰਮੇਲ ਸਿੰਘ ਸੰਧੂ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ ਸੁਸ਼ੋਭਿਤ ਸਨ।
ਸਮਾਗ਼ਮ ਦੇ ਆਰੰਭ ਵਿੱਚ ਸੱਭ ਤੋਂ ਪਹਿਲਾਂ ਗੁਰਦਾਸ ਮਿਨਹਾਸ ਜੀ ਦੇ ਸਦੀਵੀ-ਵਿਛੋੜੇ ‘ਤੇ ਖੜੇ ਹੋ ਕੇ ਦੋ-ਮਿੰਟ ਮੋਨ ਰਹਿ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ, ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਦਾ ਸੁਆਗ਼ਤਕਰਦਿਆਂ ਮਿਨਹਾਸ ਹੁਰਾਂ ਬਾਰੇ ਭਾਵਨਾਤਮਿਕ ਸ਼ਬਦਾਂ ਵਿੱਚ ਡੂੰਘੇ ਦੁੱਖ ਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ। ਮੰਚ-ਸੰਚਾਲਕ ਪ੍ਰੋ. ਤਲਵਿੰਦਰ ਸਿੰਘ ਮੰਡ ਨੇ ਗੁਰਦਾਸ ਮਿਨਹਾਸ ਹੁਰਾਂ ਦੇ ਜੀਵਨ ਤੇ ਕਲਮੀ-ਸਫ਼ਰ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਸਰਗ਼ਰਮ ਮੈਂਬਰ ਇਕਬਾਲ ਬਰਾੜ ਨੂੰ ਮਿਨਹਾਸ ਸਾਹਿਬ ਨੂੰਸ਼ਰਧਾਂਜਲੀ ਦੇਣ ਲਈ ਮੰਚ ‘ਤੇ ਆਉਣ ਸੱਦਾ ਦਿੱਤਾ ਜਿਨ੍ਹਾਂ ਨੇ ਬੜੇ ਭਾਵਪੂਰਤ ਸ਼ਬਦਾਂ ਵਿਚ ਉਨ੍ਹਾਂ ਦੇ ਵਿਚਾਰਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਗੁਰਦਾਸ ਮਿਨਹਾਸ ਦਾ ਲਿਖਿਆ ਗੀਤ “ਮੁੜ ਆ ਜਾ ਮਾਹੀਆ, ਮੁੜ ਆ ਜਾ” ਸਮਾਗ਼ਮਾਂ ਵਿਚ ਕਈ ਵਾਰ ਗਾਇਆ। ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ‘ਕਲਮਾਂ ਦਾ ਕਾਫ਼ਲਾ’ ਵਿਚ ਵਿਚਰਦਿਆਂ ਗੁਰਦਾਸ ਮਿਨਹਾਸ ਨਾਲ ਪਈ ਅਤੇ ਕਈ ਸਾਲ ਚੱਲੀ ਇਸ ਦਿਲੀ ਸਾਂਝ ਬਾਰੇ ਬਾਖ਼ੂਬੀ ਜ਼ਿਕਰ ਕੀਤਾ ਗਿਆ। ਹਰਮੇਸ਼਼ ਜੀਂਦੋਵਾਲਨੇਇਸ ਸਾਹਿਤਕ ਸੰਸਥਾ ਵਿਚ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਦਿਆਂ ਉਨ੍ਹਾਂ ਦੇ ਬੇਹੱਦ ਮਿਲਵਰਤਣ ਵਾਲੇ ਸੁਭਾਅ ਬਾਰੇ ਦੱਸਿਆ। ਡਾ. ਸੁਖਦੇਵ ਸਿੰਘ ਝੰਡ ਨੇ ‘ਕਲਮਾਂ ਦਾ ਕਾਫ਼ਲਾ’ ਦੀ ਮੀਟਿੰਗ ਵਿਚ ਉਨ੍ਹਾਂ ਨਾਲ ਹੋਈ ਪਹਿਲੀ ਮੁਲਾਕਾਤ ਅਤੇ ਫਿਰ ਉਨ੍ਹਾਂ ਵੱਲੋਂ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੀਆਂ ਮੀਟਿੰਗਾਂ ਵਿਚ ਸ਼ਿਰਕਤ ਕਰਦਿਆਂ ਆਪਣੀਆਂ ਦਿਲਚਸਪ ਹਾਸਰਸ ਕਵਿਤਾਵਾਂ ਸੁਨਾਉਣ ਬਾਰੇ ਜ਼ਿਕਰ ਕੀਤਾ।ਮਿਨਹਾਸ ਸਾਹਿਬ ਦੀ ਨੂੰਹ ਸੰਗੀਤਾ ਮਿਨਹਾਸ ਵੱਲੋਂਬੜੇ ਭਾਵਪੂਰਤ ਸ਼ਬਦਾਂ ਵਿਚ ਮਿਨਹਾਸ ਸਾਹਿਬ ਦੀਆਂ ਕਈ ਪਰਿਵਾਰਕ ਯਾਦਾਂ ਸਾਂਝੀਆਂ ਕੀਤੀਆਂ ਗਈਆਂਅਤੇ ਸਭਾ ਵੱਲੋਂ ਉਨ੍ਹਾਂ ਦੀ ਯਾਦ ਵਿਚ ਕੀਤੇ ਗਏ ਇਸ ਸ਼ੋਕ-ਸਮਾਗ਼ਮ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।
ਇਸ ਸੈਸ਼ਨ ਦੇ ਦੂਸਰੇ ਭਾਗ ਵਿਚ ਡਾ. ਜਗਮੋਹਨ ਸਿੰਘ ਸੰਘਾ ਨੇ ‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਨੂੰ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਜਨਮ 25 ਨਵੰਬਰ 1929 ਨੂੰ ਲਾਹੌਰ ਵਿੱਚ ਹੋਇਆ ਅਤੇ 14 ਸਾਲ ਦੀ ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ। 1947 ਦੀ ਭਾਰਤ-ਪਾਕਿਸਤਾਨ ‘ਵੰਡ’ਤੋਂ ਪਹਿਲਾਂ ‘ਆਲ ਇੰਡੀਆ ਰੇਡੀਓ ਲਾਹੌਰ’ ਤੋਂ ਉਨ੍ਹਾਂ ਦੇ ਗਾਏ ਗੀਤ ਅਕਸਰ ਸੁਣਾਈ ਦਿੰਦੇ ਸਨ। ਉਨ੍ਹਾਂ ਨੇ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਮਿਲ਼ ਕੇ ਕਈ ਗੀਤ ਗਾਏ ਜੋ ਹੌਲ਼ੀ-ਹੌਲ਼ੀ ‘ਲੋਕ-ਗੀਤਾਂ’ ਦਾ ਰੂਪ ਧਾਰ ਗਏ।ਇਨ੍ਹਾਂ ਵਿਚੋਂ ‘ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ’, ‘ਮਾਵਾਂ ਤੇ ਧੀਆਂ ਮਿਲ਼ ਬੈਠੀਆਂ ਨੀ ਮਾਏ ਕੋਈ ਕਰਦੀਆਂ ਗੱਲੋੜੀਆਂ’, ‘ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀ ਆਂ’, ‘ਸੂਈ ਵੇ,ਸੂਈ ਜ਼ਾਲਮਾ ਸੂਈ ਵੇ’ ਆਦਿ ਬਹੁਤ ਮਸ਼ਹੂਰ ਹੋਏ। ਉਨ੍ਹਾਂ ਨੇ ਕਈ ਸੋਲੋ ਗੀਤ, ਜਿਵੇਂ ‘ਮਧਾਣੀਆਂ’, ‘ਇੱਕ ਮੇਰੀ ਅੱਖ ਕਾਸ਼ਨੀ’, ‘ਮੈਨੂੰ ਹੀਰੇ ਹੀਰੇ ਆਖੇ, ਹਾਏ ਨੂੰ ਮੁੰਡਾ ਲੰਬੜਾਂ ਦਾ’ ਅਤੇ ਆਸਾ ਸਿੰਘ ਮਸਤਾਨਾ, ਹਰਚਰਨ ਗਰੇਵਾਲ ਤੇ ਹੋਰਨਾਂ ਨਾਲ ਕਈ ਦੋਗਾਣੇ ਵੀ ਗਏ।ਉਨ੍ਹਾਂ ਹਿੰਦੀ ਫ਼ਿਲਮਾਂ‘ਸ਼ਹੀਦ’, ‘ਸਿੰਗਾਰ’, ‘ਆਵਾਰਾ’, ‘ਸੁਨਹਿਰੇ ਦਿਨ’ ਵਿਚ ਵੀ ਕਈ ਗੀਤ ਗਾਏ। ਡਾ. ਸੰਘਾ ਨੇ ਦੱਸਿਆ ਕਿ ਸੁਰਿੰਦਰ ਕੌਰ ਦਾ ਵਿਆਹ ਖਾਲਸਾ ਕਾਲਜ ਦਿੱਲੀ ਦੇ ਪ੍ਰੋ. ਜੋਗਿੰਦਰ ਸਿੰਘ ਸੋਢੀ ਨਾਲ ਹੋਇਆ ਅਤੇ ਬਲਵੰਤ ਗਾਰਗੀ ਹੁਰਾਂ ਦੇ ਨਾਲ ਗੂੜ੍ਹੀ ਪਰਿਵਾਰਿਕ ਨੇੜਤਾ ਹੋਣ ਕਰਕੇ ਉਨ੍ਹਾਂ ਦੀ ਡੋਲ਼ੀ ਪਹਿਲਾਂ ਗਾਰਗੀ ਹੁਰਾਂ ਦੇ ਘਰ ਹੀ ਗਈ।
ਪੰਜਾਬੀ ਗਾਇਕੀ ਵਿਚ ਪਾਏ ਗਏ ਮਹਾਨ ਯੋਗਦਾਨ ਕਰਕੇ ਸੁਰਿੰਦਰ ਕੌਰ ਨੂੰ ਭਾਰਤ ਦੇ ਸਰਵੋਤਮ ਪੁਰਸਕਾਰ ‘ਪਦਮ ਸ਼੍ਰੀ’ ਨਾਲ ਸਨਮਾਨਿਤ ਕੀਤਾ ਗਿਆ ਅਤੇ ‘ਲੋਕ-ਗਾਇਕੀ ਦੇ ਖ਼ੇਤਰ ਵਿਚ ਮਿਲੀ ਪ੍ਰਸਿੱਧੀ ਕਾਰਨ ਉਨ੍ਹਾਂ ਨੂੰ ‘ਪੰਜਾਬ ਦੀ ਕੋਇਲ’ ਦਾ ਖ਼ਿਤਾਬ ਹਾਸਲ ਹੋਇਆ। ਉਨ੍ਹਾਂ ਦੀ ਧੀ ਡੌਲੀ ਗੁਲੇਰੀਆਂ ਉਨ੍ਹਾਂ ਦੀ ਸੰਗੀਤਕ ਵਿਰਾਸਤ ਨੂੰ ਬਾਖ਼ੂਬੀ ਅੱਗੇ ਤੋਰ ਰਹੀ ਹੈ। ਸਰੋਤਿਆਂ ਵਿੱਚੋਂਤਲਵਿੰਦਰ ਸਿੰਘ ਮੰਡ, ਸੁਖਦੇਵ ਸਿੰਘ ਝੰਡ, ਇਕਬਾਲ ਬਰਾੜ ਤੇ ਕਰਨ ਅਜਾਇਬ ਸੰਘਾ ਵੱਲੋਂਸੁਰਿੰਦਰ ਕੌਰ ਹੁਰਾਂ ਦੇ ਜੀਵਨ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ ਗਈਆਂ।
ਸਮਾਗ਼ਮ ਦੇ ਦੂਸਰੇ ਸੈਸ਼ਨ ਕਵੀ-ਦਰਬਾਰ ਦਾ ਸੰਚਾਲਨ ਡਾ. ਜਗਮੋਹਨ ਸੰਘਾ ਵੱਲੋਂ ਕੀਤਾ ਗਿਆ ਅਤੇ ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿਚ ਸ਼ਾਮ ਸਿੰਘ ਅੰਗਸੰਗ, ਬਲਰਾਜ ਚੀਮਾ, ਕਰਨ ਅਜਾਇਬ ਸਿੰਘ ਸੰਘਾ, ਡਾ. ਇੰਦਰਜੀਤ ਕੌਰ ਅਤੇ ਮੈਡਮ ਗੁਰਦੀਪ ਕੌਰ ਸ਼ਾਮਲ ਸਨ। ਕਵੀ-ਦਰਬਾਰ ਨੂੰ ਤਰਤੀਬ ਦਿੰਦਿਆਂ ਡਾ. ਸੰਘਾ ਨੇ ਸੱਭ ਤੋਂ ਪਹਿਲਾਂ ਰਿੰਟੂ ਭਾਟੀਆ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਸੁਰਿੰਦਰ ਕੌਰ ਦਾ ਗਾਇਆ ਹੋਇਆ ਗੀਤ “ਨੀ ਅੜੀਓ ਕਾਗ ਬਨੇਰੇ ‘ਤੇ ਬੋਲਿਆ’ ਆਪਣੀ ਸੁਰੀਲੀ ਆਵਾਜ਼ ਵਿਚ ਪੇਸ਼ ਕੀਤਾ। ਫਿਰ ਆਈ ਵਾਰੀ ਇਕਬਾਲ ਬਰਾੜ ਦੀ ਜਿਨ੍ਹਾਂ ਨੇ ਗੁਰਦਾਸ ਮਿਨਹਾਸ ਦਾ ਲਿਖਿਆ ਗੀਤ “ਆ ਜਾ ਮਾਹੀਆ, ਮੁੜ ਆ ਜਾ” ਸੁਣਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ। ਉਪਰੰਤ, ਕੰਵਲਜੀਤ ਗਿੱਲ, ਰਾਜ ਕੁਮਾਰ ਓਸ਼ੋਰਾਜ, ਗੁਰਮੇਲ ਸਿੰਘ ਸੰਧੂ, ਹਰਭਜਨ ਕੌਰ ਗਿੱਲ, ਸੁਖਚਰਨਜੀਤ ਕੌਰ ਗਿੱਲ, ਸੁਰਿੰਦਰਜੀਤਕੌਰ, ਰਮਿੰਦਰ ਵਾਲੀਆ, ਹਰਨਿਥਾਵਾਂ, ਹਰਮੇਸ਼਼ ਜੀਂਦੋਵਾਲ, ਜੱਸੀ ਭੁੱਲਰ, ਸੁਖਦੇਵ ਝੰਡ, ਤਲਵਿੰਦਰ ਮੰਡ, ਕਰਨ ਅਜਾਇਬ ਸੰਘਾ, ਗੁਰਦੀਪ ਕੌਰ, ਡਾ. ਇੰਦਰਜੀਤ ਕੌਰ ਅਤੇ ਸ਼ਾਮ ਸਿੰਘ ਅੰਗਸੰਗ ਵੱਲੋਂ ਆਪਣੀਆਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ।
ਕਵੀ-ਦਰਬਾਰ ਅਤੇ ਸਮਾਗ਼ਮ ਦੀ ਸਮੁੱਚੀ ਕਾਰਵਾਈ ਨੂੰ ਸਮੇਟਦਿਆਂ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਜਿੱਥੇ ਪਹਿਲੇ ਸੈਸ਼ਨ ਵਿੱਚ ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ ਦੇ ਵੱਖ-ਵੱਖ ਬੁਲਾਰਿਆਂ ਅਤੇ ਕਵੀ-ਦਰਬਾਰ ਦੇ ਕਵੀਆਂ-ਕਵਿੱਤਰੀਆਂ ਦਾ ਹਾਰਦਿਕ ਧੰਨਵਾਦ ਕੀਤਾ, ਉੱਥੇ ਕਵਿਤਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਕਵਿਤਾ ਭਾਰੇ-ਭਰਕਮ ਸ਼ਬਦਾਂ ਵਿੱਚ ਹੀ ਲਿਖੀ ਤੇ ਪੇਸ਼ ਕੀਤੀ ਜਾਵੇ, ਬਲਕਿ ਸਰਲ ਸ਼ਬਦਾਂ ਵਿਚ ਵੀ ਕਵੀਆਂ ਵੱਲੋਂ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਵਿਤਾ‘ਨਿਰਸ਼ਬਦ’ ਵੀ ਹੈ, ਕਿਉਂਕਿ ਚੁੱਪ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ। ਸਮਾਗ਼ਮ ਵਿੱਚ ਪ੍ਰੋ. ਸਿਕੰਦਰ ਸਿੰਘ ਗਿੱਲ,ਬਿਕਰਮਜੀਤ ਸਿੰਘ ਗਿੱਲ, ਸੁਰਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਪਰੇਮ ਕੁਮਾਰ , ਪਰਮਿੰਦਰ ਸਿੰਘ ਮਿਨਹਾਸ, ਕਮਲ ਗਿੱਲ, ਹਰਭਿੰਦਰ ਕੌਰ ਝੱਜ, ਗੁਰੰਜਲ ਕੌਰ, ਭੁਪਿੰਦਰ ਕੌਰ ਅਤੇ ਕਈ ਹੋਰ ਸ਼ਾਮਲ ਸਨ। ਧੰਨਵਾਦ ਸਹਿਤ । ਇਹ ਰਿਪੋਰਟ ਡਾ . ਸੁਖਦੇਵ ਸਿੰਘ ਝੰਡ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।
ਰਮਿੰਦਰ ਵਾਲੀਆ ।