ਸਰੀ, 2 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਮਹਾਨ ਦੇਸ਼ ਭਗਤ ਅਤੇ ਕਵੀ ਮੁਨਸ਼ਾ ਸਿੰਘ ਦੁਖੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਨਾਮਵਰ ਵਿਦਵਾਨ ਜੈਤੇਗ ਸਿੰਘ ਅਨੰਤ ਅਤੇ ਉੱਘੇ ਇਤਿਹਾਸਕਾਰ ਡਾ. ਗੁਰਦੇਵ ਸਿੰਘ ਸਿੱਧੂ ਨੇ ਮੁਨਸ਼ਾ ਸਿੰਘ ਦੁਖੀ ਵੱਲੋਂ ਦੇਸ਼, ਕੌਮ ਅਤੇ ਸਿੱਖ ਪੰਥ ਵਾਸਤੇ ਕੀਤੀ ਕੁਰਬਾਨੀ ਅਤੇ ਉਹਨਾਂ ਦੇ ਦੇਸ਼ ਭਗਤੀ ਜੀਵਨ ਬਾਰੇ ਵਿਸਥਾਰ ਵਿੱਚ ਵਿਚਾਰ ਪੇਸ਼ ਕੀਤੇ। ਸਮਾਗਮ ਦਾ ਆਗਾਜ਼ ਗੁਰਦੁਆਰਾ ਸਾਹਿਬ ਦੇ ਸਕੱਤਰ ਚਰਨਜੀਤ ਸਿੰਘ ਮਰਵਾਹਾ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਪਰੰਤ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਮੁਨਸ਼ਾ ਸਿੰਘ ਦੁਖੀ, ਜੈਤੇਗ ਸਿੰਘ ਅਨੰਤ ਅਤੇ ਡਾ. ਗੁਰਦੇਵ ਸਿੰਘ ਸਿੱਧੂ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਇਸ ਮੌਕੇ ਬੋਲਦਿਆਂ ਪ੍ਰਸਿੱਧ ਚਿੰਤਕ ਅਤੇ ਵਿਦਵਾਨ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਕੌਮਾਂ ਉਹੀ ਜਿਉਂਦੀਆਂ ਹਨ ਜਿਹੜੀਆਂ ਆਪਣੇ ਵਿਰਸੇ ਤੇ ਵਿਰਾਸਤ ਨੂੰ ਯਾਦ ਰਖਦੀਆਂ ਹਨ। ਉਨ੍ਹਾਂ ਦੱਸਿਆ ਕਿ ਮੁਨਸ਼ਾ ਸਿੰਘ ਦੁਖੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਤੇ ਕ੍ਰਾਂਤੀਕਾਰੀ ਕਵੀ ਸਨ। ਉਨ੍ਹਾਂ ਦਾ ਜਨਮ 1 ਜਲਾਈ 1890 ਨੂੰ ਬਰਤਾਨਵੀ ਪੰਜਾਬ ਦੇ ਪਿੰਡ ਜੰਡਿਆਲਾ ਮੰਜਕੀ ਜ਼ਿਲਾ ਜਲੰਧਰ ਵਿੱਚ ਸੂਬੇਦਾਰ ਨਿਹਾਲ ਸਿੰਘ ਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਉਹ ਇੱਕ ਸੰਪੰਨ ਜੁਝਾਰੂ ਕਵੀ, ਪੱਤਰਕਾਰ, ਸੰਪਾਦਕ ਅਤੇ ਹੋਰ ਬੇਅੰਤ ਗੁਣਾਂ ਦੇ ਸੁਆਮੀ ਸਨ। ਕਵਿਤਾ ਉਹਨਾਂ ਦੀ ਜਿੰਦ ਜਾਨ ਸੀ ਤੇ ਉਹ ਪੂਰਨ ਰੂਪ ਵਿੱਚ ਕਵਿਤਾ ਨੂੰ ਸਮਰਪਿਤ ਸਨ। ਉਹਨਾਂ ਦੇ ਇਕ ਦਰਜਨ ਤੋਂ ਵੱਧ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਉਹਨਾਂ ਭਾਈ ਮੋਹਨ ਸਿੰਘ ਵੈਦ ਦੀ ਜੀਵਨੀ ਵੀ ਲਿਖੀ। ਉਹ ਤੀਖਣ ਬੁੱਧੀ ਦੇ ਮਾਲਕ ਸਨ। ਪ੍ਰਾਇਮਰੀ ਤੱਕ ਦੀ ਪੜ੍ਹਾਈ ਕਰਨ ਦੇ ਬਾਵਜੂਦ ਉਹ ਪੰਜਾਬੀ, ਹਿੰਦੀ, ਬੰਗਾਲੀ, ਚੀਨੀ, ਜਪਾਨੀ, ਅੰਗਰੇਜ਼ੀ ਭਾਸ਼ਾਵਾਂ ਦੇ ਗਿਆਤਾ ਸਨ। ਉਨ੍ਹਾਂ ਵਿਦੇਸ਼ਾਂ ਵਿੱਚ ਜਾ ਕੇ ਭਾਰਤੀਆਂ ਵਿਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ। ਉਹਨਾਂ ਦੀ ਕਵਿਤਾ ‘ਗਦਰ’ ਰਸਾਲੇ ਵਿਚ ਛਪਦੀ ਸੀ ਜੋ ਗ਼ਦਰੀ ਯੋਧਿਆਂ ਵਿਚ ਇਕ ਨਵਾਂ ਜਜ਼ਬਾ, ਸ਼ਕਤੀ ਅਤੇ ਊਰਜਾ ਪੈਦਾ ਕਰਦੀ ਸੀ।
ਡਾ. ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਮੁਨਸ਼ਾ ਸਿੰਘ ਦੁਖੀ ਇਕ ਸੂਰਬੀਰ ਸੁਤੰਤਰਤਾ ਸੰਗਰਾਮੀ, ਪੂਰਨ ਗੁਰਸਿੱਖ ਸੀ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬ ਦੀ ਬਿਹਤਰੀ ਅਤੇ ਕੌਮ ਦੀ ਆਜ਼ਾਦੀ ਵਾਸਤੇ ਲਾਈ। ਉਹਨਾਂ ਨੂੰ ਯਾਦ ਕਰਨਾ ਇਸ ਲਈ ਵੀ ਮਹੱਤਵਪੂਰਨ ਹੈ ਕਿ ਵੈਨਕੂਵਰ, ਸਰੀ ਦੀ ਜਿਸ ਧਰਤੀ ‘ਤੇ ਅਸੀਂ ਬੈਠੇ ਹਾਂ ਇਸ ਧਰਤੀ ‘ਤੇ ਉਹਨਾਂ ਦੀਆਂ ਪੈੜਾਂ ਪਈਆਂ ਹੋਈਆਂ ਹਨ। ਚੜ੍ਹਦੀ ਜਵਾਨੀ ਦੇ ਮਹੱਤਵਪੂਰਨ ਸਾਲ ਉਹਨਾਂ ਨੇ ਇਸੇ ਧਰਤੀ ‘ਤੇ ਲਾਏ ਸਨ। ਇਸ ਕਰਕੇ ਸਾਡਾ ਇਹ ਫਰਜ਼ੀ ਬਣ ਜਾਂਦਾ ਕਿ ਅਸੀਂ ਉਹਨਾਂ ਨੂੰ ਯਾਦ ਕਰਦੇ ਰਹੀਏ। ਉਨ੍ਹਾਂ ਦੱਸਿਆ ਕਿ ਉਹ 17-18 ਸਾਲ ਦੀ ਉਮਰ ਵਿਚ ਇਸ ਧਰਤੀ ਉੱਤੇ ਪਹੁੰਚੇ ਸਨ। ਉਨ੍ਹਾਂ ਦੇ ਬਚਪਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਫੌਜ ਵਿਚ ਸੂਬੇਦਾਰ ਸਨ। ਸਾਲ ਪਿੱਛੋਂ ਛੁੱਟੀ ਘਰ ਆਉਂਦੇ ਸਨ। ਇਸ ਕਰਕੇ ਉਨ੍ਹਾਂ ਦਾ ਪਾਲਣ ਪੋਸਣ ਉਹਨਾਂ ਦੀ ਮਾਤਾ ਦੇ ਹੱਥਾਂ ਦੇ ਵਿੱਚ ਹੋਇਆ। ਮਾਤਾ ਗੁਰੂ ਘਰ ਦੀ ਪ੍ਰੇਮਣ ਸਨ ਅਤੇ ਪਿੰਡ ਦੀ ਧਰਮਸ਼ਾਲਾ ਵਿੱਚ ਰੋਜ਼ ਜਾ ਕੇ ਗੁਰੂ ਗਰੰਥ ਸਾਹਿਬ ਨੂੰ ਨਮਸਕਾਰ ਕਰਦੇ ਸਨ ਤੇ ਬਾਲ ਮੁਨਸ਼ਾ ਸਿੰਘ ਵੀ ਉਨ੍ਹਾਂ ਦੇ ਨਾਲ ਜਾਂਦਾ ਸੀ। ਉਸ ਧਰਮਸ਼ਾਲਾ ਦਾ ਗ੍ਰੰਥੀ ਸੇਵਾਦਾਰ ਭਾਈ ਸੋਭਾ ਸਿੰਘ ਸੀ ਜੋ ਬੜਾ ਵਿਦਵਾਨ ਸੀ। ਮੁਨਸ਼ਾ ਸਿੰਘ ਨੇ ਉਹਨਾਂ ਤੋਂ ਸਿੱਖਿਆ ਗ੍ਰਹਿਣ ਕੀਤੀ ਤੇ ਉਹਨਾਂ ਕੋਲੋਂ ਉਹ ਗੁਰਮੁਖੀ ਅਤੇ ਹੋਰ ਭਾਸ਼ਾਵਾਂ ਸਿੱਖੀਆਂ। ਉਨ੍ਹਾਂ ਨੇ ਕਈ ਰਸਾਲਿਆਂ ਦੀ ਸੰਪਾਦਨਾ ਕੀਤੀ। ਉਨ੍ਹਾਂ ਨੇ ਕੌਮ ਵਾਸਤੇ, ਦੇਸ਼ ਵਾਸਤੇ, ਸਿੱਖ ਪੰਥ ਵਾਸਤੇ ਵੱਡੀ ਕੁਰਬਾਨੀ ਕੀਤੀ।
ਉਨ੍ਹਾਂ ਕਿਹਾ ਕਿ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਧੰਨਵਾਦ ਦੀ ਪਾਤਰ ਹੈ ਜਿਸ ਨੇ ਆਪਣੇ ਪੁਰਖਿਆਂ ਨੂੰ ਯਾਦ ਕਰਨ ਦੀ ਲਹਿਰ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਨਸ਼ਾ ਸਿੰਘ ਦੁਖੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿਸਰ ਗਈਆਂ ਹਨ ਜੇ ਹੋ ਸਕੇ ਤਾਂ ਰਚਨਾਵਾਂ ਲੱਭ ਕੇ ਉਹਨਾਂ ਨੂੰ ਮੁੜ ਪ੍ਰਕਾਸ਼ਿਤ ਕੀਤਾ ਜਾਵੇ ਤਾਂ ਕਿ ਉਨ੍ਹਾਂ ਦਾ ਸੁਨੇਹਾ ਫਿਰ ਸਾਡੇ ਮਨਾਂ ਦੇ ਵਿਚ ਵਸੇ, ਸਾਨੂੰ ਪ੍ਰੇਰਨਾ ਮਿਲੇ ਅਤੇ ਵਰਤਮਾਨ ਹਾਲਾਤ ਵਿੱਚ ਆਪਣੇ ਦੇਸ਼ ਵਾਸਤੇ ਅਸੀਂ ਆਪਣਾ ਕੁਝ ਯੋਗਦਾਨ ਪਾ ਸਕੀਏ।
ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਮੁਨਸ਼ਾ ਸਿੰਘ ਦੁਖੀ ਜਿਹੇ ਦੇਸ਼ ਭਗਤਾਂ ‘ਤੇ ਜਿੰਨਾਂ ਵੀ ਮਾਣ ਕੀਤਾ ਜਾਵੇ ਓਨਾ ਹੀ ਥੋੜ੍ਹਾ ਹੈ। ਕਨੇਡਾ, ਅਮਰੀਕਾ ਵਿੱਚ ਭਾਰਤੀ ਮੂਲ ਦੇ ਵਸਨੀਕਾਂ ਵਾਸਤੇ ਉਹਨਾਂ ਦੀ ਜੀਵਨ ਗਾਥਾ ਬਹੁਤ ਹੀ ਮਾਣਮੱਤੀ ਤੇ ਵਿਰਾਸਤੀ ਹੈ। ਕਵੀ ਹੋਣ ਦੇ ਨਾਲ ਨਾਲ ਉਹ ਵਾਰਤਕ ਜੀਵਨੀਆਂ ਦੇ ਲਿਖਾਰੀ ਵੀ ਸਨ, ਕਈ ਮਾਸਕ ਪਰਚੇ ਵੀ ਕੱਢੇ। ਭਾਰਤ ਵਿੱਚ ਉਨ੍ਹਾਂ ਦੀਆਂ 36 ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ ਅਤੇ 25 ਦੇ ਕਰੀਬ ਅਣ-ਛਪੀਆਂ ਪਈਆਂ ਹਨ।
ਸ. ਜੱਬਲ ਨੇ ਅੰਤ ਵਿੱਚ ਡਾ. ਗੁਰਦੇਵ ਸਿੰਘ ਸਿੱਧੂ ਅਤੇ ਜੈਤੇਗ ਸਿੰਘ ਅਨੰਤ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਬਲਬੀਰ ਸਿੰਘ ਚਾਨਾ, ਸਕੱਤਰ ਚਰਨਜੀਤ ਸਿੰਘ ਮਰਵਾਹਾ, ਸੁਰਿੰਦਰ ਸਿੰਘ ਜੱਬਲ ਅਤੇ ਜੈਤੇਗ ਸਿੰਘ ਅਨੰਤ ਨੇ ਡਾ. ਗੁਰਦੇਵ ਸਿੰਘ ਸਿੱਧੂ ਨੂੰ ‘ਰਾਮਗੜ੍ਹੀਆ ਵਿਰਾਸਤ’ ਪੁਸਤਕ ਸਨਮਾਨ ਵਜੋਂ ਭੇਟ ਕੀਤੀ।
Leave a Comment
Your email address will not be published. Required fields are marked with *