ਮੈਂ ਕਹਿੰਦੀ ਰਹੀ ਤੂੰ ਸੁਣਦਾ ਰਿਹਾ,
ਗੱਲ ਲੱਗੀ ਨਾ ਕਿਸੇ ਟਿਕਾਣੇ ਵੇ ।
ਖਵਰੇ ਤੇਰੇ ਦਿਲ ਵਿੱਚ ਕੀ ਮਿੱਤਰਾ,
ਮੈਥੋਂ ਅਰਮਾਨ ਨਾ ਗਏ ਪਛਾਣੇ ਵੇ ।
ਦਿਲ ਵਿੱਚ ਰੱਖਕੇ ਘੁੰਡੀ ਵੈਰੀਆ ਸਮਾ ਲੰਘਾ ਲਿਆ ਤੂੰ।
ਮੈਂ ਕਮਲੀ ਕੀ ਜਾਣਾ ਅੜਿਆ ਕਿਹੜਾ ਯਾਦੂ ਪਾ ਲਿਆ ਤੂੰ।
ਮੈਂ ਤਾਂ ਤੇਰੇ ਪਿੱਛੇ ਝੱਲੀ ਹੋ ਕੇ ਫਿਰਦੀ ਰਹੀ
ਤੂੰ ਪਤਾ ਨਹੀ ਕਿਹੜੇ ਮੇਲੇ ਦੇ ਵਿੱਚ ਮੌਜਾਂ ਮਾਣੇ ਵੇ
ਤੂੰ ਤਾਂ ਕਹਿੰਦਾ ਹੁੰਦਾ ਸੀ ਮੈਂ ਤੇਰੇ ਬਿਨਾ ਨਹੀ ਰਹਿ ਸਕਦਾ।
ਤੇਰੇ ਬਾਜੋਂ ਹੋਰ ਕਿਸੇ ਨੂੰ ਆਪਣੀ ਕਦੇ ਨਹੀ ਕਹਿ ਸਕਦਾ।
ਕੋਹ ਕੋਹ ਲੰਬੇ ਵਾਇਦੇ ਤੂੰ ਤਾਂ ਕਰਦਾ ਹੁੰਦਾ ਸੀ
ਅੱਜ਼ ਤੂੰ ਮੈਨੂੰ ਆਟੇ ਦੇ ਵਿੱਚ ਲੂਣ ਤੱਕ ਨਾ ਜਾਣੇ ਵੇ
ਮੁੜ ਮੁੜ ਆਉਂਦਾ ਚੇਤਾ, ਮੈਨੂੰ ਤੇਰੇ ਝੂੱਠੇ ਲਾਰਿਆਂ ਦਾ।
ਤੂੰ ਰਿਹਾ ਮਖ਼ੌਲ ਉਡਾਉਂਦਾ ਸਾਡਾ ਕਰਮਾ ਮਾਰਿਆਂ ਦਾ।
ਕੀਹਨੂੰ ਦੱਸਾਂ ਖੋਲ ਖ਼ੁਲਾਸਾ ਆਪਣੇ ਪਿਆਰਾਂ ਦਾ
ਕੌਣ ਕਰੇ ਹਮਦਰਦੀ ਕਿਹੜਾ ਦਰਦ ਪਛਾਣੇ ਵੇ
ਕੀ ਪਤਾ ਸੀ, ਬੁਰਜ਼ ਵਾਲਿਆ, ਪਿਆਰ ਵਿਛੋੜਾ ਪਾਵੇਂਗਾ।
ਪੁੱਛਾਂਗੀ ਤੈਨੂੰ ਕੋਲ ਬਿਠਾ ਕੇ ਜਦ ਸੁਪਨੇ ਵਿੱਚ ਆਵੇਂਗਾ।
ਮੈਥੋਂ ਇਹ ਝੱਲ ਨਹੀ ਹੁੰਦਾ ਸੰਤਾਪ ਜ਼ੁਦਾਈਆਂ ਦਾ
ਪਰ ਤੂੰ ਕੀ “ਛਿੰਦਿਆ” ਦਰਦ ਬਿਗਾਨਾ ਜਾਣੇ ਵੇ

……. ਛਿੰਦਾ ਬੁਰਜ਼ ਵਾਲਾ…..