ਇੱਕ ਚੁਟਕੀ ਆਟੇ ਤੋਂ, ਕੌਲਾਂ ਆਤਰ ਹੋ ਕੇ ਬਹਿ ਗਈ।
ਗੇੜਾ ਦਿੱਤਾ ਕਿਸਮਤ ਨੇ, ਲੋਕੋ ਭੱਠੀ ਝੋਕਣੀ ਪੈ ਗਈ।
ਮੱਤ ਮਾਰੀ ਬੀਜੇ ਦੀ, ਫ਼ਿਰਦੀ ਪੱਗੜੀ ਸਿਰ ਤੋਂ ਵੇਖੋ ਲੱਥੀ।
ਕੱਢ ਕੌਲਾਂ ਮਹਿਲਾਂ ਚੋਂ, ਆਪਣੀ ਇਜ਼ਤ ਲੁਟਾ ਲਈ ਹੱਥੀਂ।
ਸੀ ਚੜੀ ਅਸਮਾਨਾਂ ਤੇ, ਗੁੱਡੀ ਧਰਤੀ ਉੱਤੇ ਲਹਿ ਗਈ
ਗੇੜਾ ਦਿੱਤਾ ਕਿਸਮਤ ਨੇ………………..
ਖਾਣੇ ਮਿਲਦੇ ਸ਼ਾਹੀ ਨਾ, ਦਾਣੇ ਚੱਬ ਗੁਜ਼ਾਰਾ ਕਰਦੀ।
ਇੱਕ ਸੇਕ ਭੱਠੀ ਦਾ, ਦੂੱਜੀ ਅੱਗ ਕਹਿਰ ਦੀ ਵਰ੍ਹਦੀ।
ਜਿਹੜੀ ਪਾਉਂਦੀ ਰੇਸ਼ਮ ਸੀ, ਅੱਜ਼ ਖੱਦਰ ਤੋਂ ਵੀ ਰਹਿ ਗਈ
ਗੇੜਾ ਦਿੱਤਾ ਕਿਸਮਤ ਨੇ………………..
ਬਹਿ ਬੁਰਜ਼ ਮੁਨਾਰਿਆਂ ਤੇ, ਸੀ ਐਸ਼ਾਂ ਕਰਦੀ ਕੌਲਾਂ ਸ਼ਾਹਣੀ।
ਅੱਗੇ ਪਿੱਛੇ ਫਿਰਦੀਆਂ ਸੀ,ਗੋਲੀਆਂ ਭਰਦੀਆਂ ਉਹਦਾ ਪਾਣੀ।
ਕੱਢ ਮਾਰੀ ਮਹਿਲਾਂ ਚੋਂ, ਸ਼ਾਹਣੀ ਹੋ ਭਿਖਾਰਨ ਬਹਿ ਗਈ
ਗੇੜਾ ਦਿੱਤਾ ਕਿਸਮਤ ਨੇ………………..
ਕੌਣ ਸਮਝਾਵੇ,”ਛਿੰਦੇ” ਨੂੰ, ਇਹ ਤਾਂ ਸੀ ਅਣਹੋਣੀ ਵਰਤੀ।
ਭੰਨ ਆਕੜ ਬੀਜੇ ਰਾਜੇ ਦੀ, ਲੋਕੋ ਯੁੱਗੋਂ ਤੇਹਰਵੀਂ ਕਰਤੀ।
ਸੀ ਹੋਣੀਂ ਕੌਲਾਂ ਦੀ, ਜਿਹੜੀ ਨਾਲ ਬੁਰਜ਼ ਦੇ ਖਹਿ ਗਈ
ਗੇੜਾ ਦਿੱਤਾ ਕਿਸਮਤ ਨੇ………………..

ਲੇਖ਼ਕ… ਛਿੰਦਾ ਬੁਰਜ਼ ਵਾਲਾ…