ਕ੍ਰਿਸ਼ਨ ਬਰਗਾੜੀ ਯਾਦਗਾਰੀ ਪੁਰਸਕਾਰ ਮਨੁੱਖੀ ਹੱਕਾਂ ਦੀ ਨਾਮਵਰ ਕਾਰਕੁੰਨ ਡਾ. ਨਵਸ਼ਰਨ ਨੂੰ
ਬਰਨਾਲਾ 3 ਫਰਵਰੀ (ਸੁਮੀਤ ਅੰਮ੍ਰਿਤਸਰ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕ੍ਰਿਸ਼ਨ ਬਰਗਾੜੀ ਯਾਦਗਾਰੀ ਸੂਬਾਈ ਸਮਾਗਮ 8 ਫਰਵਰੀ ਨੂੰ ਸਵੇਰੇ 11 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਅਤੇ ਸੂਬਾਈ ਆਗੂਆਂ ਹੇਮ ਰਾਜ ਸਟੈਨੋਂ, ਰਾਜਪਾਲ ਬਠਿੰਡਾ ਅਤੇ ਸੁਮੀਤ ਅੰਮ੍ਰਿਤਸਰ ਨੇ ਦੱਸਿਆ ਕਿ ਤਰਕਸ਼ੀਲ ਲਹਿਰ ਦੇ ਮਰਹੂਮ ਨਾਇਕ ਕ੍ਰਿਸ਼ਨ ਬਰਗਾੜੀ ਦੀ 24ਵੀਂ ਬਰਸੀ ਦੇ ਸਬੰਧ ਵਿੱਚ ਕੀਤੇ ਜਾ ਰਹੇ ਸਮਾਗਮ ਵਿੱਚ ਮਨੁੱਖੀ ਹੱਕਾਂ ਦੀ ਨਾਮਵਰ ਕਾਰਕੁੰਨ ਅਤੇ ਜਮਹੂਰੀ ਚਿੰਤਕ ਡਾ.ਨਵਸ਼ਰਨ ਨੂੰ 24ਵਾਂ ਕ੍ਰਿਸ਼ਨ ਬਰਗਾੜੀ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਮੀਡੀਆ ਅਦਾਰੇ ‘ਦ ਵਾਇਰ’ ਦੀ ਨਾਮਵਰ ਸੀਨੀਅਰ ਸੰਪਾਦਕ ਆਰਿਫਾ ਖਾਨੁਮ ਸ਼ੇਰਵਾਨੀ ‘ਅਜੋਕਾ ਮੀਡੀਆ ਅਤੇ ਸਾਡੇ ਕਾਰਜ’ ਵਿਸ਼ੇ ਸਬੰਧੀ ਮੁੱਖ ਬੁਲਾਰੇ ਦੇ ਤੌਰ ਤੇ ਆਪਣੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਦੇ ਸਾਰੇ ਤਰਕਸ਼ੀਲ਼ ਕਾਰਕੁਨਾਂ ਸਮੇਤ ਸਮੂਹ ਲੋਕ ਪੱਖੀ ਅਤੇ ਇਨਸਾਫਪਸੰਦ ਜਮਹੂਰੀ ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਵੱਡੀ ਗਿਣਤੀ ਵਿੱਚ ਇਸ ਸੂਬਾਈ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।

