ਸੂਬਾਈ ਮੁਕਾਬਲਿਆਂ ’ਚ ਜਿਲੇ ਦੀ ਅੰਡਰ-17 ਲੜਕੀਆਂ ਦੀ ਸਰਕਲ ਸਟਾਈਲ ਕਬੱਡੀ ਟੀਮ ਪੂਰੇ ਪੰਜਾਬ ’ਚੋਂ ਜੇਤੂ
ਜੇਤੂ ਟੀਮ ਦਾ ਪਿੰਡ ਸਿਰਸੜੀ ਵਿਖੇ ਪੁੱਜਣ ’ਤੇ ਕੀਤਾ ਗਿਆ ਵਿਸ਼ੇਸ਼ ਸਨਮਾਨ
ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਖੇਡਾਂ ਵਤਨ ਪੰਜਾਬ ਦੀਆਂ’ ਸੀਜਨ-3 ਤਹਿਤ ਪਟਿਆਲਾ ਵਿਖੇ ਸੂਬਾਈ ਮੁਕਾਬਲਿਆਂ ਵਿੱਚ ਜ਼ਿਲ੍ਹਾ ਫ਼ਰੀਦਕੋਟ ਦੀ ਅੰਡਰ 17 ਲੜਕੀਆਂ ਦੀ ਸਰਕਲ ਸਟਾਈਲ ਕਬੱਡੀ ਟੀਮ ਪੂਰੇ ਪੰਜਾਬ ’ਚੋਂ ਜੇਤੂ ਰਹੀ ਹੈ। ਟੀਮ ਨੇ ਫਾਈਨਲ ਮੁਕਾਬਲੇ ਵਿੱਚ ਲਗਾਤਾਰ ਦੋ ਵਾਰੀ ਜਿੱਤਣ ਵਾਲੀ ਮੋਗਾ ਦੀ ਟੀਮ ਨੂੰ 23-37 ਦੇ ਫ਼ਰਕ ਨਾਲ਼ ਹਰਾ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਰਕਾਰ ਵਲੋਂ ਉਕਤ ਟੀਮ ਨੂੰ ਜਲਦੀ ਹੀ ਇਕ ਲੱਖ 40 ਹਜਾਰ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਸਮੁੱਚੀ ਟੀਮ ’ਚ ਸ਼ਾਮਿਲ ਲੜਕੀਆਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾ ਸ਼ਰਨਦੀਪ ਕੌਰ, ਜੱਸੂ ਭਲਵਾਨ, ਅਨਮੋਲ ਕੌਰ, ਸਿਮਰਨਜੀਤ ਕੌਰ, ਲਵਪ੍ਰੀਤ ਕੌਰ, ਅਮਨਦੀਪ ਕੌਰ, ਪਵਨਪ੍ਰੀਤ ਕੌਰ, ਸੁਮਨਪ੍ਰੀਤ ਕੌਰ, ਪੂਜਾ ਕੌਰ, ਮਮਤਾ ਕੌਰ, ਜੈਸਮੀਨ ਕੌਰ, ਹਰਸਿਮਰਤ ਕੌਰ ਤੇ ਸ਼ੁਭਮਨਦੀਪ ਕੌਰ ਹਨ। ਉਕਤ ਜੇਤੂ ਟੀਮ ਦਾ ਪਿੰਡ ਸਿਰਸੜੀ ਵਿਖੇ ਪੁੱਜਣ ’ਤੇ ਗ੍ਰਾਮ ਪੰਚਾਇਤ ਸਿਰਸੜੀ ਅਤੇ ਅਨੋਖਪੁਰਾ ਵਲੋਂ ਭਰਵਾਂ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਾਬਕਾ ਪੰਚ ਗੁਰਮੀਤ ਕੌਰ ਗਿੱਲ ਨੇ ਟੀਮ ਦਾ ਸਿਰੋਪਾਓ ਪਹਿਨਾ ਕੇ ਸਨਮਾਨ ਕਰਦਿਆਂ ਐਲਾਨ ਕੀਤਾ ਕਿ ਸਮੁੱਚੀ ਟੀਮ ਨੂੰ ਸਵ. ਦਿਲਬਾਗ ਸਿੰਘ ਯਾਦਗਾਰੀ ਸੱਭਿਆਚਾਰਕ ਮੰਚ ਸਿਰਸੜੀ ਵਲੋਂ ਜਨਵਰੀ ਮਹੀਨੇ ’ਚ ਕਰਵਾਏ ਜਾਣ ਵਾਲੇ ਸਾਲਾਨਾ ਸਮਾਰੋਹ ਵਿੱਚ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਗ੍ਰਾਮ ਪੰਚਾਇਤ ਸਿਰਸੜੀ ਦੇ ਸਰਪੰਚ ਗਿਆਨ ਕੌਰ, ਅਨੋਖਪੁਰਾ ਦੇ ਸਰਪੰਚ ਬਲਜੀਤ ਸਿੰਘ, ਪੰਚ ਵਿਕਰਮਜੀਤ ਸਿੰਘ, ਜਗਦੀਪ ਸਿੰਘ, ਸੁਖਦੀਪ ਕੌਰ ਅਕਾਸ਼ਦੀਪ ਸਿੰਘ, ਸੋਨਾ ਔਲਖ, ਕਬੱਡੀ ਕੋਚ ਪੁਸ਼ਪਿੰਦਰ ਸਿੰਘ ਸਮੇਤ ਨਗਰ ਦੇ ਹੋਰ ਵੀ ਪਤਵੰਤੇ-ਵਿਅਕਤੀ ਹਾਜ਼ਰ ਸਨ।