ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੇ ਹੁਕਮਾਂ ’ਤੇ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਲਈ ਲੋੜੀਂਦੀਆਂ ਖਾਦਾਂ ਮੁਹੱਈਆ ਕਰਵਾਉਣ ਦੇ ਮੰਤਵ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਲ੍ਹਾ ਫਰੀਦਕੋਟ ਵਿੱਚ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਟੀਮਾਂ ਵੱਲੋਂ ਬਲਾਕ ਫਰੀਦਕੋਟ ਦੇ ਖਾਦ ਵਿਕ੍ਰੇਤਾਵਾਂ ਦੇ ਕਾਰੋਬਾਰ ਨਾਲ ਸਬੰਧਤ ਦੁਕਾਨਾਂ ਅਤੇ ਗੋਦਾਮਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਦੀ ਅਗਵਾਈ ਖੇਤੀਬਾੜੀ ਅਫਸਰ ਫਰੀਦਕੋਟ ਡਾ. ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਅਤੇ ਟੀਮ ਵਿੱਚ ਹੋਰਨਾਂ ਤੋਂ ਇਲਾਵਾ ਡਾ. ਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਇੰਫੋਰਸਮੈਂਟ ਸ਼ਾਮਿਲ ਸਨ। ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਣਕ ਦੀ ਕਾਸ਼ਤ ਲਈ ਫਾਸਫੋਰਸ ਖੁਰਾਕੀ ਤੱਤ ਦੀ ਜ਼ਰੂਰਤ ਹੁੰਦੀ ਹੈ, ਜਿਸ ਦੀ ਪੂਰਤੀ ਲਈ ਕਿਸਾਨਾਂ ਵਲੋਂ ਡੀ.ਏ.ਪੀ. ਖਾਦ ਦੀ ਬਿਜਾਈ ਸਮੇਂ ਵਰਤੋਂ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਡੀ.ਏ.ਪੀ. ਖਾਦ ਦੇ ਬਦਲ ਵਜੋਂ ਕਿਸਾਨ ਖਾਦ ਅਤੇ ਟਿ੍ਰਪਲ ਸੁਪਰ ਫਾਸਫੇਟ ਖਾਦ, ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੈਟਿਕ ਖਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਟਿ੍ਰਪਲ ਸਪਰ ਫਾਸਫੇਟ ਵਿੱਚ ਡੀ.ਏ.ਪੀ. ਵਾਂਗੂ 46 ਫੀਸਦੀ ਫਾਸਫੋਰਸ ਤੱਤ ਹੁੰਦਾ ਹੈ ਅਤੇ ਇਸ ਦੀ ਕੀਮਤ ਪ੍ਰਤੀ ਬੋਰੀ 1250/-ਰੁਪਏ ਹੈ, ਜਦਕਿ ਡੀ.ਏ.ਪੀ. ਦੀ ਕੀਮਤ ਪ੍ਰਤੀ ਬੈਗ 1350/- ਰੁਪਏ ਹੈ। ਉਹਨਾਂ ਦੱਸਿਆ ਕਿ ਕਿਸਾਨ ਖਾਦ (12:32:16) ਦੀ ਵਰਤੋਂ ਵੀ ਡੀ.ਏ.ਪੀ. ਦੇ ਬਦਲ ਵਜੋਂ ਕੀਤੀ ਜਾ ਸਕਦੀ ਹੈ।