ਗ਼ਜ਼ਲ ਬਾਲਮ ਦੀ ਹੋਵੇ ਸ਼ਾਮ ਹੋਵੇ ਕੌਣ ਨਈਂ ਪੀਂਦਾ।
ਛਲਕਦਾ ਜਾਮ ਤੇਰਾ ਨਾਮ ਹੋਵੇ ਕੌਣ ਨਈਂ ਪੀਂਦਾ।
ਪਵੇ ਕਿਣ ਮਿਣ, ਜਗਣ ਜੁਗਣੂੰ, ਉੱਡਣ ਪੰਛੀ, ਖਿੜੇ, ਗੁਲਸ਼ਨ,
ਸੁਹਾਣੀ ਰੁੱਤ ਦਾ ਪੈਗ਼ਾਮ ਹੋਵੇ ਕੌਣ ਨਈਂ ਪੀਂਦਾ।
ਪਹਾੜਾਂ ਵਿੱਚ ਵਲੇਵੇ ਖਾਂਵਦੀ ਵਹਿੰਦੀ ਨਦੀ ਹੋਵੇ,
ਪੁਰਾਣੇਂ ਯਾਰ ਹੋਵਣ ਜਾਮ ਹੋਵੇ ਕੌਣ ਨਈਂ ਪੀਂਦਾ।
ਚੁਫ਼ੇਰੇ ਮਚਲਦੀ ਖ਼ੁਸ਼ਬੂ ਨਵੇਂ ਅਹਿਸਾਸ ਦਿੰਦੀ ਹੈ,
ਕਲੀ ਦੇ ਖਿੜ੍ਹਣ ਦਾ ਅੰਜ਼ਾਮ ਹੋਵੇ ਕੌਣ ਨਈਂ ਪੀਂਦਾ।
ਸਿਕੰਦਰ ਕੀ ਭਲਾ ਹੋਇਆ ਮੈਂ ਸਾਰੇ ਜੱਗ ਦਾ ਜੇਤੂ ਹਾਂ,
ਤੇਰੀ ਤੱਕਣੀਂ ’ਚ ਹਾਂ ਈਨਾਮ ਹੋਵੇ ਕੌਣ ਨਈਂ ਪੀਂਦਾ।
ਰਕਤ ਬੀਜਾਂ ਦੇ ਵਾਂਗੂ ਫਿਰ ਕੋਈ ਸੁਕਰਾਤ ਮੇਰੇ ਵਿੱਚ,
ਤੇਰੇ ਲਬ ਤੇ ਨਵਾਂ ਇਲਜ਼ਾਮ ਹੋਵੇ ਕੌਣ ਨਈਂ ਪੀਂਦਾ।
ਖ਼ੁਸ਼ੀ ਦਾ ਇੱਕ ਨਿਓਤਾ ਹੈ, ਯਾਰਾਨ ਨੇ, ਪੈਮਾਨੇ ਨੇ,
ਮੈਖ਼ਾਨੇ ਵਿੱਚ ਮੁਫ਼ਤ ਦਾ ਦਾਮ ਹੋਵੇ ਕੌਣ ਨਈਂ ਪੀਂਦਾ।
ਇਹ ਦੇ ਤੋਂ ਵੱਧ ਕੇ ਦੁਨੀਆਂ ਤੇ ਕੋਈ ਜੰਨਤ ਨਈਂ ਹੁੰਦੀ,
ਜੇ ਚੰਗੀ ਸਿਹਤ ਵਿੱਚ ਵਿਸ਼ਰਾਮ ਹੋਵੇ ਕੌਣ ਨਈਂ ਪੀਂਦਾ।
ਗਲਾਸੀ ਖੜ੍ਹਕਦੀ ਹੈ ਖੁਦ ਹਕੀਕਤ ਪਾ ਕੇ ਜੰਨਤ ਦੀ,
ਬਹਾਰਾਂ ਦਾ ਨਿਮਨ ਪ੍ਰਣਾਮ ਹੋਵੇ ਕੌਣ ਨਈਂ ਪੀਂਦਾ।
ਭਰੀ ਮਹਿਫ਼ਲ ਦੇ ਵਿੱਚ ਕਾਸਦ ਦੇ ਹੱਥ ਉਹ ਆਪ ਖੁਦ ਭੇਜੇ,
ਗੁਲਾਬੀ ਫੁੱਲ ’ਚ ਖ਼ਤ ਬੇਨਾਮ ਹੋਵੇ ਕੌਣ ਨਈਂ ਪੀਂਦਾ।
ਭਰੀ ਮਹਿਫ਼ਲ ’ਚ ਬਾਲਮ ਦੀ ਗ਼ਜ਼ਲ ਨੂੰ ਗਾ ਰਿਹਾ ਕੋਈ,
ਸੁਰੀਲੀ ਸ਼ਾਮ ਦਾ ਇੰਤਜ਼ਾਮ ਹੋਵੇ ਕੌਣ ਨਈਂ ਪੀਂਦਾ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋਬਾਈਲ 98156-25409 ਐਡਮਿੰਟਨ ਕੈਨੇਡਾ