ਜੀਣਾ ਮਰਨਾ ਤੇਰੇ ਨਾਲ ਜਦ ਫਿਰ ਕਿਉਂ ਜਾਵਾਂ ਹੋਰ ਕਿਤੇ।
ਅਪਣੀ ਰਹਿਮਤ ਦਾ ਸਰਮਾਇਆ ਮੈਂ ਕਿਉਂ ਪਾਵਾਂ ਹੋਰ ਕਿਤੇ।
ਓਧਰ ਵਖਰੇ ਯਾਰਾਨੇ ਤੇ ਏਧਰ ਵਖਰੇ ਅਫ਼ਸਾਨੇ,
ਇੰਝ ਨਈਂ ਹੋਣਾ ਲੋਕਾਂ ਨੂੰ ਫਿਰ ਮੈਂ ਸਮਝਾਵਾਂ ਹੋਰ ਕਿਤੇ।
ਤੇਰੇ ਰੁੱਖ ਦੀ ਛਾਂਵੇਂ ਬਹਿ ਇੱਕ ਸਕੂਨ ਨਜ਼ਾਰਾ ਪਾਇਆ,
ਐਪਰ ਮਤਲਬ ਪਿਛੋਂ ਫਿਰ ਕਿਉਂ ਆਵਾਂ ਜਾਵਾਂ ਹੋਰ ਕਿਤੇ।
ਚਿੰਤਾ ਵਾਲੀ ਚਾਰ ਦਿਵਾਰੀ ਮਸਤਕ ਵਾਲੀ ਬੁਗਨੀ ਵਿਚ,
ਅਪਣੀ ਮਸਤੀ ਦੇ ਵਿਚ ਅਪਣੀ ਮੌਜ ਲੁਟਾਵਾਂ ਹੋਰ ਕਿਤੇ।
ਉਸ ਦੇ ਚਿਹਰੇ ਦੀ ਮੁਸਕਾਨ ’ਚ ਇੱਕ ਬਣਾਉਟੀ ਪਣ ਝਲਕੇ,
ਤਕਦਾ ਏਧਰ ਵਾਲੇ ਪਾਸੇ ਚੋਰ ਨਿਗ੍ਹਾਵਾਂ ਹੋਰ ਕਿਤੇ।
ਤੇਰੇ ਨੈਣਾਂ ਵਿਚ ਗੁਫਾਵਾਂ ਦਾ ਸਿਰਨਾਵਾਂ ਲਭਦਾ ਨਈਂ,
ਇਸ ਮੰਜ਼ਿਲ ਦੀਆਂ ਛੁਪੀਆਂ ਹੋਈਆਂ ਲਗਦਾ ਰਾਵ੍ਹਾਂ ਹੋਰ ਕਿਤੇ।
ਇਸ ਗੁੱਡੀ ਨੇ ਅੰਬਰ ਦੇ ਵਿਚ ਮੁਮਕਿਨ ਹੈ ਕਿ ਚੜ੍ਹਣਾ ਨਈਂ,
ਕਿਉਂਕਿ ਇਸ ਦੀਆਂ ਅਗਰ ਤਣਾਵਾਂ ਮਗਰ ਤਣਾਵਾਂ ਹੋਰ ਕਿਤੇ।
ਇੱਕ ਕਮਾਨ ’ਚ ਦੋ-ਦੋ ਤੀਰ ਚਲਾਵਣ ਦੀ ਸਮਰੱਥਾ ਹੈ,
ਇੱਕ ਚੜ੍ਹਾਵਾਂ ਏਧਰ ਪਾਸੇ ਇੱਕ ਚੜ੍ਹਾਵਾਂ ਹੋਰ ਕਿਤੇ।
ਸਮਝਣ ਵਾਲੇ ਸਮਝਣਗੇ ਸਮਝਣ ਵਾਲੀ ਗੱਲ ਸਮਝਣ ਜੇ,
ਗੱਲ ਸੁਣਾਵਾਂ ਗ਼ੈਰਾਂ ਨੂੰ ਤੇ ਪਾਠ ਪੜ੍ਹਾਵਾਂ ਹੋਰ ਕਿਤੇ।
ਮਜ਼ਬੂਰੀ ਵੀ ਇੱਛਾਵਾਂ ਨੂੰ ਫਾਂਸੀ ਤੇ ਲਟਕਾ ਦਿੰਦੀ ਹੈ,
ਅੱਟੀ-ਸੱਟੀ ਹੋਰ ਕਿਤੇ ਹੈ ਐਪਰ ਲਾਵਾਂ ਹੋਰ ਕਿਤੇ।
ਇਹ ਤਾਂ ਹਰਗ਼ਿਜ਼ ਹੋ ਨਈਂ ਸਕਦਾ ਗ਼ਜ਼ਲ ਤਿਰੀ ਨੂੰ ਵਿੱਚ ਤਰੱਨੁਮ,
ਮਹਿਫ਼ਲ ਬਾਲਮ ਤੇਰੀ ਹੋਵੇ ਐਪਰ ਗਾਵਾਂ ਹੋਰ ਕਿਤੇ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. – 98156-25409