ਸਾਰੇ ਫ਼ਰਜ਼ ਅਦਾ ਕੀਤੇ ਨੇ ਰੱਜ-ਰੱਜ ਮੌਜ ਮਨਾਈ।
ਛਾਵਾਂ ਨੂੰ ਗਲ੍ਹਵਕੜੀ ਲੈ ਕੇ ਹਰ ਇਕ ਧੁੱਪ ਹੰਢਾਈ।
ਫਿਰ ਵੀ ਆਪਾਂ ਦੁਨੀਆਂ ਵਾਲੇ ਸਾਰੇ ਰਾਗ ਵਜਾਏ,
ਬੇਸ਼ਕ ਸਾਡੇ ਹਿੱਸੇ ਆਈ ਟੁੱਟੀ ਹੋਈ ਸ਼ਹਿਨਾਈ।
ਉਡਦੇ ਪੰਛੀ ਅੰਬਰ ਵਿਚੋਂ ਤੜਪ-ਤੜਪ ਕੇ ਡਿੱਗੇ,
ਤੀਰ ਕਮਾਨੋਂ ਖਿੱਚਣ ਵਾਗੂੰ ਉਸ ਨੇ ਲਈ ਅੰਗੜ੍ਹਾਈ।
ਯਾਦ ਪੁਰਾਣੀ ਹੌਲੀ ਹੌਲੀ ਦਿਲ ਵਿਚ ਏਦਾਂ ਉਤਰੀ,
ਤੜਕ ਸਵੇਰੇ ਵਾਲੀ ਲੋਅ ਨੇ ਜਿਉਂ ਸ਼ਬਨਮ ਤੜਪਾਈ,
ਯਾਦ ਤਿਰੀ ਦੀ ਖ਼ੁਸ਼ਬੂ ਲੈ ਕੇ ਕਲੀਆਂ ਪੂੰਗਰ ਪਈਆਂ,
ਜਦ ਵੀ ਪਹਿਲੀ ਕਿਰਣ ਸਵੇਰੇ ਸੂਰਜ ਚੋਂ ਰੁਸ਼ਨਾਈ।
ਉਸ ਤੋਂ ਪੁੱਛੋ ਜੰਨਤ ਦੀ ਪਰਿਭਾਸ਼ਾ ਕਿਸ ਨੂੰ ਕਹਿੰਦੇ,
ਸਤੁੰਸ਼ਟੀ ਦੇ ਆਲਮ ਵਿਚ ਜੋ ਬੰਦਾ ਹੈ ਸੌਦਾਈ।
ਜੀਵਨ ਵਿਚ ਉਹ ਜੇਤੂ ਜਿਸ ਨੇ ਕੈਦ ਸਮੇਂ ਨੂੰ ਕੀਤਾ,
ਡੁਬੇ ਸੂਰਜ ਦੇ ਚਾਨਣ ਨੇ ਸਭ ਨੂੰ ਗੱਲ ਸਮਝਾਈ।
ਵੇਖਣ ਨੂੰ ਤਾਂ ਭਾਵੇ ਬਿਲਕੁਲ ਸਿੱਧਾ ਸਾਦਾ ਲਗਦਾ,
ਐਧਰ ਨਾਪ ਨਾ ਸਕਿਆ ਕੋਈ ਬਾਲਮ ਦੀ ਗਹਿਰਾਈ।

ਬਲਵਿੰਦਰ ਬਾਲਮ ਗੁਰਦਾਸਪੁਰ
ਉਕਾਂਰ ਨਗਰ ਗੁਰਦਾਸਪੁਰ (ਪੰਜਾਬ)
9815625409