ਸਾਉਣ ਆ ਗਿਆ ਨੀ ਭੈੜਾ ਸਾਉਣ ਆ ਗਿਆ।
ਤਪਦੀ ਨੂੰ ਹੋਰ ਨੀਂ ਤਪਾਉਣ ਆ ਗਿਆ।
ਮਾਹੀ ਮੈਥੋਂ ਦੂਰ ਅਤੇ ਮੈਂ ਘਰੇ ਕੱਲੀ।
ਜਿੰਦ ਏਦਾਂ ਮੇਰੀ ਹੋਈ ਜਿਉ ਭੱਠੀ ਵਿਚ ਛੱਲੀ।
ਚਾਅ ਅਤੇ ਸਧਰਾਂ ਰੁਲਾਉਣ ਆ ਗਿਆ।
ਸਾਉਣ ਆ ਗਿਆ ਨੀਂ ਭੈੜਾ ਸਾਉਣ ਗਿਆ।
ਨਿੱਕੀ ਨਿੱਕੀ ਰਿਮਝਿਮ ਤਨ ਮਨ ਨੂੰ ਹੈ ਸਾੜੇ।
ਬਾਗ਼ੀ ਖਿੜ੍ਹ ਪਏ ਨੇ ਫੁੱਲ ਰੰਗ ਲਾਲ ਸੂਹੇ ਗਾੜੇ।
ਅੱਗ ਉਤੇ ਹੋਰ ਤੇਲ ਪਾਉਣ ਆ ਗਿਆ।
ਸਾਉਣ ਆ ਗਿਆ ਨੀਂ ਭੈੜਾ ਸਾਉਣ ਆ ਗਿਆ।
ਰਾਤ ਸਾਰੀ ਕੱਢਾਂ ਗਿਣਗਿਣ ਤਾਰੇ।
ਜ਼ਿੰਦ ਮੇਰੀ ਹੀ ਜਾਏਂ ਦਿਨ ਜਿੱਦਾਂ ਮੈਂ ਗੁਜ਼ਾਰੇ।
ਸਰਗੋਸ਼ੀਆਂ ਦੇ ਮਿੱਠੇ ਗੀਤ ਗਾਉਣ ਆ ਗਿਆ।
ਸਾਉਣ ਆ ਗਿਆ ਨੀਂ ਭੈੜਾਂ ਸਾਉਣ ਆ ਗਿਆ।
ਤੀਆਂ ਵਿਚ ਜਦ ਗਈ ਮੈਨੂੰ ਕਹਿਣ ਸਖੀਆਂ।
ਤੇਰੇ ਚਿਹਰੇ ਦੇ ਉਤੇ ਰੌਣਕਾਂ ਨਾ ਤੱਕੀਆਂ।
ਨਿੱਕੇ-ਨਿੱਕੇ ਮੀਂਹ ਦੇ ਵਿਚ ਕੀ ਗਾਉਣ ਆ ਗਿਆ।
ਸਾਉਣ ਆ ਗਿਆ ਨੀਂ ਭੈੜਾ ਸਾਉਣ ਆ ਗਿਆ।
ਲੈ ਕੇ ਮੀਂਹ ਦੀ ਬੌਛਾਰ ਪਾਣੀ ਪਾਣੀ ਕਰ ਦਿੱਤਾ।
ਮੇਰੇ ਮਨ ਵਾਲਾ ਖੂਹ ਨੱਕੋ ਨਕ ਭਰ ਦਿੱਤਾ।
ਕੱਖਾਂ ਵਿਚਲੀ ਚਿੰਗਾਰੀ ਨੂੰ ਛੁਪਾਉਣ ਆ ਗਿਆ।
ਸਾਉਣ ਆ ਗਿਆ ਨੀਂ ਭੈੜਾ ਸਾਉਣ ਆ ਗਿਆ।
ਆਇਆ ਮਾਹੀ ਦਾ ਸੁਨੇਹਾ ਚਾਅ ਅੰਬਰਾਂ ਨੂੰ ਲੱਗੇ।
ਹਾਏ ,ਸੂਹੇ ਸੂਹੇ ਫੁੱਲ ਮੇਰੇ ਜੂੜੇ ਵਿਚ ਫੱਬੇ।
ਮਨ ਬਾਲਮ ਦਾ ਹੋਰ ਵੀ ਲੁਭਾਉਣ ਆ ਗਿਆ।
ਸਾਉਣ ਆ ਗਿਆ ਨੀਂ ਭੈੜਾ ਸਾਉਣ ਆ ਗਿਆ।
ਬਲਵਿੰਦਰ ਬਾਲਮ ਗੁਰਦਾਸਪੁਰ
ਓਂਕਾਰ ਨਗਰ ਗੁਰਦਾਸਪੁਰ ਪੰਜਾਬ
ਵਟਸਐਪ – 98156-25409