ਗੁਜ਼ਾਰਿਸ਼ ਹੈ ਇਕ
ਕਦੀ ਵੀ ਕਿਸੇ ਨੂੰ
ਅੱਧੇ ਅਧੂਰੇ ਰਿਸ਼ਤੇ ਨਾ ਦਈਂ
ਬਹੁਤ ਦੁੱਖ ਦਿੰਦੇ ਨੇ
ਇਹ ਅੱਧੇ ਅਧੂਰੇ ਰਿਸ਼ਤੇ
ਇਨਸਾਨ ਨਾ ਜਿਊਂਦਿਆਂ ਵਿੱਚ
ਤੇ ਨਾਹੀ ਮਰਿਆਂ ਵਿਚ ਹੁੰਦਾ ਹੈ
ਜ਼ਬਰਦਸਤੀ ਦਾ ਹੱਸਣਾ
ਖਾਣਾ , ਪੀਣਾ , ਰੋਣਾ
ਤੇ ਮੁਸਕਰਾਉਣਾ ਪੈਂਦਾ ਹੈ
ਨਾ ਚਾਹੁੰਦੇ ਹੋਏ ਵੀ
ਜਿਊਣਾ ਪੈਂਦਾ ਹੈ
ਇਨਸਾਨ ਤੇ ਪੱਥਰ
ਦਾ ਹੋ ਗਿਆ ਹੈ
ਜਿਸਦੇ ਸੀਨੇ ਵਿਚ
ਦਿਲ ਨਹੀਂ ਧੜਕਦਾ
ਹੇ ਰੱਬਾ ! ਮੰਨਿਆਂ ਕਿ
ਬਹੁਤ ਮਜ਼ਬੂਤ ਹਾਂ ਮੈਂ
ਪਰ ਪੱਥਰ ਤੇ ਨਹੀਂ ਹਾਂ
ਮੇਰੇ ਸੀਨੇ ਵਿਚ ਮਾਸੂਮ
ਬੱਚੇ ਜਿਹਾ ਦਿਲ ਧੜਕਦਾ ਹੈ
ਜੋ ਛੋਟੀ ਜਿਹੀ ਠੋਕਰ ਨਾਲ
ਕਰਾਹ ਉੱਠਦਾ ਹੈ
ਇਸੇ ਲਈ ਕਹਿੰਦੀ ਹਾਂ
ਹੇ ਰੱਬਾ !
ਗੁਜ਼ਾਰਿਸ਼ ਹੈ
ਕਦੀ ਵੀ ਕਿਸੇ ਨੂੰ
ਅੱਧੇ ਅਧੂਰੇ ਰਿਸ਼ਤੇ ਨਾ ਦਈਂ ।
ਬਹੁਤ ਦੁੱਖ ਦਿੰਦੇ ਨੇ
ਇਹ ਅੱਧੇ ਅਧੂਰੇ ਰਿਸ਼ਤੇ ।
ਰਮਿੰਦਰ ਰੰਮੀ