ਪਿਆਰੇ ਬੱਚਿਓ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮਨੁੱਖ ਪੰਜ ਤੱਤਾਂ ਦਾ ਪੁਤਲਾ ਹੈ, ਅਸੀਂ ਸਾਰੇ ਹੀ ਅਕਾਲ ਪੁਰਖ ਪ੍ਰਮਾਤਮਾ ਦੀ ਅੰਸ਼ ਹਾਂ। ਇਸ ਲਈ ਗਹਿਰਾਈ ਦੇ ਤਲ ਤੋਂ ਤੱਕੀਏ ਤਾਂ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ। ਜੀਵਨ ਵਾਕਿਆ ਹੀ ਇੱਕ ਅਨਮੋਲ ਖ਼ਜਾਨਾ ਹੈ ਜੋ ਸਾਨੂੰ ਪ੍ਰਮਾਤਮਾ ਦੀ ਮਿਹਰ ਸਦਕਾ, ਸਾਡੇ ਮਾਤਾ-ਪਿਤਾ ਦੀ ਬਦੌਲਤ ਸਾਨੂੰ ਇਸ ਪਵਿੱਤਰ ਧਰਤੀ ਤੇ ਅਉਣਾ ਨਸੀਬ ਹੋਇਆ ਹੈ। ਜ਼ਿੰਦਗੀ ਖੂਬਸੂਰਤ, ਹੁਣ ਇਹ ਗੱਲ ਪੜ੍ਹਨ-ਸੁਣਨ ਸਾਰ ਹੀ ਬਹੁਤਿਆਂ ਦਾ ਧਿਆਨ ਆਪਣੇ ਤੋਂ ਹਟ ਕੇ ਦੂਸਰਿਆਂ ਵੱਲ ਚਲਾ ਗਿਆ ਹੋਣਾ ਹੈ ਕਿ ਜ਼ਿੰਦਗੀ ਖੂਬਸੂਰਤ ਜਰੂਰ ਹੁੰਦੀ ਹੋਵੇਗੀ ਪ੍ਰੰਤੂ ਕਿਸੇ ਹੋਰ ਦੀ, ਜਿਹੜੇ ਬਹੁਤੇ ਅਮੀਰ ਹੁੰਦੇ ਹੋਣਗੇ। ਜਿਹਨਾਂ ਦੇ ਜੀਵਨ ਵਿੱਚ ਐਸ਼ੋ-ਅਰਾਮ ਹੈ। ਜਿਹੜੇ ਸਕੂਲ, ਕਾਲਜ ਵਧੀਆ ਮੋਟਰਸਾਇਕਲਾਂ ਅਤੇ ਮਹਿੰਗੀਆਂ ਕਾਰਾਂ ਵਿੱਚ ਸਵਾਰ ਹੋ ਕੇ ਆਉਂਦੇ ਹਨ। ਮੇਰੇ ਕੋਲ ਤਾਂ ਸਿਰਫ਼ ਸਾਇਕਲ ਹੈ ਜਾਂ ਫਿਰ ਪੁਰਾਣਾ ਜਿਹਾ ਸਕੂਟਰ, ਫਿਰ ਮੇਰੀ ਜ਼ਿੰਦਗੀ ਸੋਹਣੀ ਕਿਵੇਂ ਹੋਈ? ਮੇਰੇ ਘਰ ਦੀ ਆਰਥਿਕ ਸਥਿਤੀ ਵੀ ਠੀਕ ਨਹੀਂ ਹੈਗੀ। ਇਹ ਵਿਚਾਰ ਲਗਾਤਾਰ ਦਿਮਾਗ ਵਿੱਚ ਘੁੰਮਣ-ਘੇਰੀਆਂ ਪਾਉਣ ਲੱਗਦੇ ਹਨ ਜੋ ਕਦੇ ਥੰਮ ਜਾਣ ਦਾ ਨਾਮ ਹੀ ਨਹੀਂ ਲੈਂਦੇ। ਬੱਚਿਓ, ਜੀਵਨ ਕਦੇ ਕਾਰਾਂ, ਕੋਠੀਆਂ ਦਾ ਮੁਹਤਾਜ ਨਹੀਂ ਹੁੰਦਾ ਸਗੋਂ ਸਾਡੀ ਗੁਣਵੱਤਾ ਹੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੀ ਹੈ।
ਮਹਾਨ ਉਹੀ ਵਿਅਕਤੀ ਹੁੰਦਾ ਹੈ ਜਿਸ ਕੋਲ ਗੁਣ ਹੁੰਦੇ ਹਨ, ਵਿਧੀਆਂ ਹਨ ਅਤੇ ਇਹੀ ਸਾਨੂੰ ਸਾਡੀ ਮੰਜ਼ਿਲ ਤੇ ਪਹੁੰਚਾਉਂਦੇ ਹਨ। ਇਸ ਲਈ ਸਾਨੂੰ ਹਰ ਦਿਨ ਹਮੇਸ਼ਾਂ ਆਪਣੀ ਗੁਣਵੱਤਾ ਵੱਲ ਧਿਆਨ ਦੇਣਾ ਚਾਹੀਦਾ ਹੈ।
ਗੁਣਵੱਤਾ ਸਾਡੇ ਵਿਚ ਏਨੀ ਹੋਣੀ ਚਾਹੀਦੀ ਹੈ ਕਿ ਸਾਨੂੰ ਕਿਸੇ ਦੂਜੇ ਵਿਅਕਤੀ ਤੋਂ, ਕਿਸੇ ਵੀ ਪੱਖੋਂ ਕੋਈ ਉਮੀਦ ਹੀ ਰੱਖਣ ਦੀ ਜ਼ਰੂਰਤ ਨਾ ਪਵੇ। ਅਸੀਂ ਇਹ ਸੋਚਣ ਤੇ ਮਜ਼ਬੂਰ ਹੋ ਜਾਈਏ ਕਿ ਮੇਰੇ ਨਾਲੋਂ ਬਿਹਤਰ ਇਹ ਕੰਮ ਹੋਰ ਕੋਈ ਕਰ ਹੀ ਨਹੀਂ ਸਕਦਾ। ਉਹ ਕੰਮ ਤੁਹਾਡੀ ਜਮਾਤ ਤੋਂ ਲੈ ਕੇ ਜੀਵਨ ਦੇ ਅਗਾਂਹਵਧੂ ਕਦਮ ਨਾਲ ਜੁੜਿਆ ਕੋਈ ਵੀ ਹੋ ਸਕਦਾ ਹੈ।
ਖੈਰ! ਆਪਣੇ ਅੰਦਰ ਛੁਪੀ ਹੋਈ ਗੁਣਵੱਤਾ ਨੂੰ ਬਾਹਰ ਲੈ ਕੇ ਆਓ। ਆਪਣੀ ਹਿੰਮਤ ਅਤੇ ਹੌਸਲੇ ਸਦਾਕ ਇੰਨੀ ਮੁਹਾਰਤ ਹਾਸਿਲ ਕਰੋ ਕਿ ਜੇਕਰ ਤੁਸੀਂ ਪੈਦਲ ਵੀ ਜਾ ਰਹੇ ਹੋ ਤਾਂ ਸਾਹਮਣੇ ਤੋਂ ਆ ਰਿਹਾ ਤੁਹਾਡਾ ਜਾਣਕਾਰ ਬੇਸ਼ੱਕ ਇੱਕ ਮਹਿੰਗੀ ਕਾਰ ਤੇ ਸਵਾਰ ਕਿਉਂ ਨਾ ਹੋਵੇ, ਤੁਹਾਨੂੰ ਦੇਖਦਿਆਂ ਹੀ ਉਹ ਰੁਕ ਜਾਵੇ। ਤੁਹਾਨੂੰ ਮਿਲਣ ਲਈ ਲੋਕ ਬਹਾਨਾਂ ਲੱਭਦੇ ਰਹਿਣ। ਆਪਣੇ ਆਤਮਿਕ ਤਲ ਤੋਂ ਆਤਮ-ਵਿਸ਼ਵਾਸ ਨਾਲ ਆਤਮ-ਨਿਰਭਰ ਹੋ ਕੇ ਆਪਣੇ ਦੇਸ਼ ਦੀ ਸੇਵਾ ਕਰੋ ਨਾ ਕਿ ਕੋਈ ਛੋਟੀ-ਮੋਟੀ ਪ੍ਰੇਸ਼ਾਨੀ ਤੋਂ ਭੈਭੀਤ ਹੋ ਕੇ ਆਤਮ-ਹੱਤਿਆ ਵਰਗੀ ਨੀਚ ਹਰਕਤ ਦਾ ਖਿਆਲ ਤੁਹਾਡੇ ਮਨ ਵਿੱਚ ਕਦੇ ਭੁੱਲ ਕੇ ਵੀ ਨਾ ਆਵੇ। ਇਹ ਡਰਪੋਕ ਅਤੇ ਬੁਜ਼ਦਿਲੀ ਦੀ ਨਿਸ਼ਾਨੀ ਹੁੰਦੀ ਹੈ। ਆਪਣੇ ਜੀਵਨ ਵਿਚ ਕਦੇ ਚਿੰਤਾ ਨਹੀਂ ਕਰਨੀ, ਚਿੰਤਾ ਮਨੁੱਖ ਨੂੰ ਅੰਧਕਾਰ ਵੱਲ ਧਕੇਲ ਦਿੰਦੀ ਹੈ ਅਤੇ ਮਨੁੱਖ ਆਪਣੇ ਅਸਲੀ ਮਨੋਰਥ ਤੋਂ ਭਟਕ ਕੇ ਕੁਰਾਹੇ ਪੈ ਜਾਂਦਾ ਹੈ। ਸੋ ਹਮੇਸ਼ਾਂ ਚਿੰਤਨ ਕਰੋ ਜਿਵੇਂ ਕਿ ਗੁਰਬਾਣੀ ਵਿਚ ਵੀ ਮਨੁੱਖ ਨੂੰ ਸਮਝਾਇਆ ਗਿਆ ਹੈ।
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ
ਜਲ ਮਹਿ ਜੇਤ ਉਪਾਇਆ, ਤਿਨਾ ਭਿ ਰੋਜੀ ਦੇਇ ।।
ਬੱਚਿਓ, ਤੁਸੀਂ ਦੇਸ਼ ਦਾ ਭਵਿੱਖ ਹੋ ਆਉਣ ਵਾਲੇ ਸਮੇਂ ‘ਚ ਦੇਸ਼ ਦੀ ਵਾਂਗ ਡੋਰ ਤੁਹਾਡੇ ਹੱਥਾਂ ਵਿਚ ਹੋਵੇਗੀ। ਤੁਹਾਡੇ ਵਿਚੋਂ ਹੀ ਬਹੁਤੇ ਡਾਕਟਰ, ਇੰਜੀਨੀਅਰ, ਨੇਤਾ ਅਤੇ ਅਧਿਆਪਕ ਹੋਣਗੇ ਜਿਹੜੇ ਦੇਸ਼ ਦੀ ਸੇਵਾ ਕਰਨਗੇ। ਇਸ ਲਈ ਹਮੇਸ਼ਾ ਮਹਾਨ ਅਤੇ ਪ੍ਰਭਾਵਸ਼ਾਲੀ ਸ਼ਖਸ਼ੀਅਤਾਂ ਦੇ ਜੀਵਨ ਨੂੰ ਜਰੂਰ ਪੜ੍ਹੋ। ਆਪਣੀ ਹਰ ਨਿੱਕੀ-ਮੋਟੀ ਸਮੱਸਿਆ ਆਪਣੇ ਅਧਿਆਪਕ ਅਤੇ ਮਾਤਾ-ਪਿਤਾ ਨਾਲ ਜਰੂਰ ਸਾਂਝੀ ਕਰੋ। ਕਿਸੇ ਚੰਗੇ ਕਾਰਜ ਨੂੰ ਕਰਨ ਤੋਂ ਪਹਿਲਾਂ ਇਹਨਾਂ ਦੀ ਸਲਾਹ ਲਵੋ। ਜਿਸ ਅਧਿਆਪਕ ਤੋਂ ਤੁਸੀਂ ਇੱਕ ਅੱਖਰ ਵੀ ਪ੍ਰਾਪਤ ਕੀਤਾ ਹੈ ਉਸਦਾ ਤਹਿ ਦਿਲੋਂ ਸਤਿਕਾਰ ਕਰੋ। ਆਪਣੇ ਕੰਮ ਨੂੰ ਪੂਰੇ ਮਨ, ਲਗਨ ਅਤੇ ਇਮਾਨਦਾਰੀ ਨਾਲ ਕਰੋ। ਫਿਰ ਦੇਖਿਓ ਜ਼ਿੰਦਗੀ ਵਿਚ ਤੁਹਾਡੀ ਕਦੇ ਹਾਰ ਨਹੀਂ ਹੋਵੇਗੀ। ਸਗੋਂ ਸਫ਼ਲਤਾ ਤੁਹਾਡੇ ਪੈਰ ਚੁੰਮਣ ਲਈ ਅੱਗੋਂ ਤਿਆਰ ਖੜੀ ਹੋਵੇਗੀ। ਆਪਣੇ ਜੀਵਨ ਦੇ ਹਰ ਪਲ ਨੂੰ ਸਕਾਰਤਮਿਕ ਊਰਜਾ ਵਿਚ ਬਦਲ ਦਿਓ ਅਤੇ ਇਸ ਖੂਬਸੂਰਤ ਜ਼ਿੰਦਗੀ ਦਾ ਰੱਜ ਕੇ ਅਨੰਦ ਮਾਣੋ।

ਕਰਮਜੀਤ ਕੌਰ ਮੁਕਤਸਰ
ਮੋ: 89685-94379