ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਆਰੰਭ ਹੋਇਆ
ਫਰੀਦਕੋਟ, 21 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ਼ ਫਰੀਦ ਜੀ ਨੂੰ ਸਮਰਪਿਤ ਆਗਮਨ ਪੁਰਬ 2024 ਦੇ ਸਮਾਗਮਾਂ ਦਾ ਆਗਾਜ਼ ਬਾਬਾ ਫਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋਂ, ਜ਼ਿਲ੍ਹਾ ਆਗਮਨ ਪੁਰਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਦੀਪਇੰਦਰ ਸਿੰਘ ਸੇਖੋਂ ਸੀਨੀਅਰ ਵਾਈਸ ਪ੍ਰੈਜੀਡੈਂਟ, ਡਾ. ਗੁਰਇੰਦਰ ਮੋਹਨ ਸਿੰਘ ਪ੍ਰਬੰਧਕ ਅਤੇ ਖਜ਼ਾਨਚੀ, ਸੁਰਿੰਦਰ ਸਿੰਘ ਰੋਮਾਣਾ ਜਨਰਲ ਸੈਕਟਰੀ ਅਤੇ ਐਕਜੀਕਿਊਟਿਵ ਮੈਂਬਰ ਚਰਨਜੀਤ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋਂ ਅਤੇ ਨਰਿੰਦਰਪਾਲ ਸਿੰਘ ਬਰਾੜ ਦੀ ਦੇਖ-ਰੇਖ ਹੇਠ ਸਵੇਰੇ 6 ਵਜੇ ਤੋਂ 08:00 ਵਜੇ ਤੱਕ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਹੋਇਆ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸੰਦੀਪ ਧਾਲੀਵਾਲ ਪੰਜਾਬ ਆਰ.ਟੀ.ਆਈ ਮੈਂਬਰ, ਨਰਿੰਦਰ ਸਿੰਘ ਨਿੰਦਾ ਪ੍ਰਧਾਨ ਨਗਰ ਕੌਂਸਲ, ਡੀ.ਆਈ.ਜੀ. ਅਸ਼ਵਨੀ ਕਪੂਰ ਆਈ.ਪੀ.ਐੱਸ., ਜ਼ਿਲ੍ਹਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋਂ ਨੇ ਹਾਜ਼ਰ ਹੋਈਆਂ ਸਮੂਹ ਸੰਗਤਾਂ ਅਤੇ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਆਖਿਆ। ਇਸ ਮੌਕੇ ਆਏ ਹੋਏ ਸਮੂਹ ਮਹਿਮਾਨਾਂ ਨੂੰ ਕਮੇਟੀ ਵਲੋਂ ਸਿਰੋਪਾਉ ਭੇਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪਿਛਲੇ 51 ਸਾਲਾਂ ਤੋਂ ਸ਼ੁਰੂ ਹੋਇਆ ਇਹ ਆਗਮਨ ਪੁਰਬ ਹਰ ਸਾਲ ਆਪਣੀ ਵੱਖਰੀ ਅਤੇ ਅਮਿੱਟ ਛਾਪ ਛੱਡਣ ਵਿਚ ਸਫ਼ਲ ਰਿਹਾ ਹੈ। ਇਨ੍ਹਾਂ ਸਮਾਗਮਾਂ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿਚ ਸੰਗਤ ਬਾਬਾ ਫ਼ਰੀਦ ਜੀ ਦੇ ਪਾਵਨ ਅਸਥਾਨਾਂ ’ਤੇ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।