” ਮੈ ਕਿਹਾ ਜੀ ਗਰਮੀ ਬਹੁਤ ਵੱਧ ਗਈ ਹੈ। ਆਪਾਂ ਵੀ ਏ. ਸੀ. ਲਗਵਾ ਲਈਏ। “ਲੱਲੂ ਦੀ ਵਹੁਟੀ ਕਈ ਦਿਨਾਂ ਤੋਂ ਇਹੀ ਗੱਲ ਆਖ ਰਹੀ ਸੀ।
ਆਖੀਰ ਅੱਜ ਹਾਰ ਕੇ ਲੱਲੂ ਏ. ਸੀ. ਲੈਣ ਲਈ ਚਲਾ ਗਿਆ।
“ਨਮਸਤੇ ਜੀ ਆਉ ਜੀ ਭਾਈ ਸਾਹਿਬ ਕੀ ਦਿਖਾਈਏ, ਵਾਸਿੰਗ ਮਸ਼ੀਨ,ਐਲ.ਈ.ਡੀ.,ਫਰਿੰਜ ਜਾਂ ਫਿਰ ਏ. ਸੀ. ਹੈ। ਪੈਸਿਆਂ ਦੀ ਬਿਲਕੁਲ ਵੀ ਫਿਕਰ ਨਹੀਂ ਕਰਨੀ ਸਭ ਕੁਝ ਕਿਸ਼ਤਾਂ ਉੱਤੇ ਦਿੰਦੇ ਹਾਂ। “
“ਸੇਠ ਸਾਹਿਬ ਏ. ਸੀ. ਲੈਣਾ ਹੈ ਜੀ। “
“ਕਿਹੜਾ ਦੇਈਏ ਸਪਲਿਟ ਜਾਂ ਫਿਰ ਵਿੰਡੋ? “
ਲੱਲੂ ਨੂੰਏ. ਸੀ. ਬਾਰੇ ਕੁਝ ਪਤਾ ਤਾਂ ਹੈ ਨਹੀਂ ਸੀ ਜਿਹੜਾ ਦੁਕਾਨਦਾਰ ਨੇ ਮਗਰੋਂ ਬੋਲਿਆਂ ਉਹੀ ਉਸਨੇ ਆਖ ਦਿੱਤਾ, “ਆਹ ਵਿੰਡੋ ਹੀ ਦੇ ਦਿਉ ਜੀ। “
“ਠੀਕ ਹੈ ਜੀ ਤੁਸੀਂ ਆਪਣੇ ਘਰ ਦਾ ਪਤਾ ਲਿਖਵਾ ਦਿਉ ਸ਼ਾਮ ਨੂੰ ਏ. ਸੀ. ਤੁਹਾਡੇ ਘਰ ਪਹੁੰਚ ਜਾਵੇਗਾ ਜੀ।”
ਲੱਲੂ ਦੇ ਘਰ ਸ਼ਾਮ ਨੂੰ ਏ. ਸੀ. ਪਹੁੰਚ ਗਿਆ।ਏ. ਸੀ. ਫਿੱਟ ਕਰ ਦਿੱਤਾ ਗਿਆ।
“ਲਉ ਜੀ ਬਾਊ ਜੀ ਹੋ ਗਿਆ ਉਕੇ ਤੇ ਤੁਸੀਂ ਵੀ ਲਉ ਨਜ਼ਾਰੇ ਠੰਡੀ -ਠੰਡੀ ਹਵਾ ਦੇ। “ਮੁੰਡਾ ਰਿਮੋਟ ਫੜ੍ਹ ਕੇ ਲੱਲੂ ਨੂੰ ਕੁਝ ਦੱਸਣ ਲੱਗਿਆਂ ਤਾਂ ਉਸਨੇ ਆਖ ਦਿੱਤਾ ਕਿ ਮੈ ਸਭ ਜਾਣਦਾ ਹਾਂ। ਅਸੀਂ ਕਿਹੜਾ ਪਹਿਲੀ ਵਾਰ ਏ. ਸੀ. ਲਵਾਇਆ। ਮੁੰਡੇ ਚਲੇ ਗਏ।
” ਮੈਂ ਕਿਹਾ ਜੀ ਤੁਸੀਂ ਝੂਠ ਕਿਉਂ ਬੋਲਿਆਂ? “
“ਭੋਲੀਏ ਅੱਜਕੱਲ੍ਹ ਇੰਝ ਹੀ ਚੱਲਦਾ ਹੈ। ਨੰਬਰ ਤਾਂ ਬਨਾਉਣੇ ਹੋਏ। ਨਾਲੇ ਇਹਨਾਂ ਨੂੰ ਕਿਹੜਾ ਪਤਾ, ਬਈ ਅਸੀਂ ਏ. ਸੀ. ਪਹਿਲੀ ਵਾਰ ਲਗਵਾਇਆ ਹੈ।
ਤਿੰਨ ਚਾਰ ਦਿਨ ਬੀਤ ਗਏ ਸਨ ਪਰ ਏ. ਸੀ. ਠੰਡੀ ਹਵਾ ਨਹੀਂ ਆ ਰਹੀ ਸੀ।
“ਮੈਂ ਕਿਹਾ ਜੀ ਆਹ ਭੋਲੇ ਕਾ ਏ. ਸੀ. ਤਾਂ ਕਮਰੇ ਨੂੰ ਜਵਾਂ ਈ ਫਰਿਜ ਬਣਾ ਦਿੰਦਾ ਹੈ ਤੇ ਇੱਕ ਆਪਣੇ ਵਾਲਾ ਹੈ । ਕਮਰੇ ਵਿੱਚੋਂ ਸੇਕ ਹੀ ਮਾਰੀ ਜਾਂਦਾ ਹੈ। ਤੁਸੀਂ ਸੇਠ ਕੋਲ ਜਾ ਕੇ ਆਉ।ਮੈਨੂੰ ਲੱਗਦਾ ਉਸਨੇ ਸਾਡੇ ਨਾਲ ਠੱਗੀ ਮਾਰ ਲਈ ਹੈ। “ਲੱਲੂ ਆਪਣੀ ਵਹੁਟੀ ਦੇ ਆਖਣ ਕਰਕੇ ਦੁਕਾਨ ਉੱਤੇ ਪਹੁੰਚ ਜਾਂਦਾ ਹੈ।
” ਸੇਠਾ ਤੂੰ ਕੀ ਸਾਡੇ ਸਿਰ ਤੰਦੂਰ ਮੜ ਦਿੱਤਾ ਹੈ।”
“ਕੀ ਹੋ ਗਿਆ ਜੀ? “
“ਹੋਣਾ ਕੀ ਹੈ, ਤੂੰ ਆਪ ਹੀ ਦੇਖ ਲੈ ਤੁਸੀਂ ਆਪਣੇ ਵਾਲਾ ਏ. ਸੀ. ਵੀਹ ਉੱਤੇ ਚਲਾਇਆ ਹੋਇਆਂ ਹੈ ਤੇ ਕਿਵੇਂ ਠੰਡੀ ਠੰਡੀ ਹਵਾ ਆ ਰਹੀ ਹੈ ਤੇ ਜਿਹੜਾ ਸਾਨੂੰ ਦਿੱਤਾ ਹੈ, ਉਹਦੇ ਨਾਲ ਤਾਂ ਕਮਰਾ ਭੱਠੀ ਬਣਿਆ ਪਿਆ।ਨਾਲੇ ਮੈਂ ਤਾਂ ਬੱਤੀ ਉੱਤੇ ਚਲਾਇਆ ਹੋਇਆਂ ਹੈ। “ਲੱਲੂ ਮੂੰਹ ਜਿਹਾ ਬਣਾ ਕੇ ਆਖਦਾ ਹੈ।
” ਕਿੰਨੇ ਉੱਤੇ ਚੜਾਇਆਂ ਹੋਇਆਂ ਤੁਸੀਂ? “
“ਆਹੀ ਜਵਾਂ ਆਖੀਰ ਤੇ ਬੱਤੀ ਉੱਤੇ , ਉਸ ਤੋਂ ਅਗਾਹ ਤਾਂ ਹੁੰਦਾ ਹੀ ਨਹੀਂ। “
“ਉਏ ਭਰਾਵਾਂ… ..ਉਏ ਭਰਾਵਾਂ ਚਲਾਇਆਂ ਤੂੰ ਬੱਤੀ ਉੱਤੇ ਹੈ ਕੇ ਹਵਾ ਭਾਲਦਾ ਹੈ ਠੰਡੀ…..ਮੈਨੂੰ ਲੱਗਦਾ ਤੁਸੀਂ ਪਹਿਲਾਂ ਕਦੇ ਏ. ਸੀ. ਲਵਾਇਆ ਨਹੀਂ। ਕਾਕੇ ਤੂੰ ਬਾਊ ਜੀ ਨੂੰ ਸਮਝਾ ਕੇ ਨਹੀਂ ਆਇਆਂ ਸੀ। ” ਉਹ ਏ. ਸੀ. ਫਿੱਟ ਕਰਨ ਵਾਲੇ ਮੁੰਡੇ ਨੂੰ ਪੁੱਛਦਾ ਹੈ। ਉਹ ਸਾਰੀ ਗੱਲ ਦੱਸ ਦਿੰਦਾ ਹੈ।
“ਬਾਊ ਜੀ ਏ. ਸੀ. ਦਾ ਤੁਹਾਡੇ ਹਿਸਾਬ ਨਾਲ ਪੁੱਠਾ ਕੰਮ ਹੁੰਦਾ ਹੈ ਜਿਵੇਂ ਜਿਵੇਂ ਤੁਸੀਂ ਨੰਬਰ ਘੱਟ ਕਰੋਗੇ ਠੰਡਕ ਵੱਧਦੀ ਹੈ ਤੇ ਜਿਵੇਂ ਜਿਵੇਂ ਵੱਧ ਕਰੋਗੇ ਠੰਡਕ ਘੱਟਦੀ ਜਾਂਦੀ ਹੈ। “ਸਾਰੇ ਜਾਣੇ ਹੱਸਣ ਲੱਗ ਜਾਂਦੇ ਹਨ।
“ਠੀਕ ਹੈ ਠੀਕ ਹੈ ਸੇਠ ਜੀ।”ਲੱਲੂ ਕੰਨ ਖੁਰਚਦਾ ਹੋਇਆਂ ਚਲਾ ਜਾਂਦਾ ਹੈ।

ਸੰਦੀਪ ਦਿਉੜਾ
8437556667