ਮੁਹੱਬਤ ਵਿਚ ਜੋ ਮੇਰੇ ਵਲ ਕਦੀ ਸੀ ਸਰਕਦੀ ਚੁੰਨੀ।
ਅਜੇ ਵੀ ਸਾਂਭ ਰੱਖੀ ਏ ਤੇਰੀ ਉਹ ਮੁਖ਼ਮਲੀ ਚੁੰਨੀ।
ਖਿੜ੍ਹੇ ਝੋਨੇ ਦੀ ਮੁੰਜਰ ਵਾਂਗ ਕੰਨੀਂ ਲਟਕਦੇ ਝੁਮਕੇ,
ਕੁਮੁਕਦੀ ਫੁੱਲ ਦੇ ਵਾਂਗੂ ਧੌਣ ਉਤੇ ਮਚਲਦੀ ਚੁੰਨੀ।
ਤੇਰੇ ਕੂਲੇ ਬਦਨ ਦੀ ਖ਼ੂਬਸੂਰਤ ਸ਼ਾਖ਼ ਦੇ ਉਤੇ,
ਲਲਕ ਦੀ ਆਸ ਦੇ ਵਿਚ ਮਚਲ ਕੇ ਹੈ ਲਪਕਦੀ ਚੁੰਨੀ।
ਸਮੇਂ ਦੀ ਰੀਤੀ ਨੀਤੀ ਵਿਚ ਫ਼ਰਜ਼ ਅਪਣੇ ਨਿਭਾਉਂਦੀ ਹੈ,
ਗ਼ਮੀ ਅੰਦਰ ਖ਼ੁਸ਼ੀ ਅੰਦਰ ਹੈ ਵਖਰੀ ਵਿਚਰਦੀ ਚੁੰਨੀ।
ਪਟਾਰੀ ’ਚੋਂ ਜਿਵੇਂ ਸਪਨੀ ਵਲੇਵੇਂ ਮਾਰ ਕੇ ਨਿਕਲੇ,
ਇਵੇਂ ਜੂੜੇ ’ਚ ਅਟਕੀ ਹੌਲੀ ਹੌਲੀ ਸਰਕਦੀ ਚੁੰਨੀ।
ਕਿ ਪੈਡੂਲਮ ਦੇ ਵਾਂਗੂ ਹੀ ਸਮੇਂ ਦੀ ਸਾਰਣੀਂ ਦਸਦੀ,
ਮਟਕਦੀ ਤੋਰ ਅੰਦਰ ਪਿਠ ਦੇ ਹੇਠਾਂ ਲਮਕਦੀ ਚੁੰਨੀ।
ਪਰਾਂਦੇ ਗੁੰਮ ਹੋ ਗਏ ਨੇ ਤੇ ਲੰਬੀ ਗੁਤ ਨਹੀਂ ਦਿਸਦੀ,
ਭੂੰ ਮੰਡਲ ਦੀ ਸਮਰਪਣਸ਼ੀਲਤਾ ਵਿਚ ਵਿਲਕਦੀ ਚੁੰਨੀ।
ਘਟਾ ਘਨਘੋਰ ਚੜ੍ਹ ਜਾਏ ਤਾਂ ਸਾਕੀ ਭਰ ਕੇ ਪਾ ਦੇਵੇ,
ਛਲਕਦੇ ਜਾਮ ਵਿੱਚੋਂ ਨਜ਼ਰ ਆਵੇ ਛਲਕਦੀ ਚੁੰਨੀ।
ਮੁਸੀਬਤ ਦੇ ਬਰਾਬਰ ਡਟ ਕੇ ਇਹ ਹੱਕਾਂ ਨੂੰ ਖੋ ਲੈਂਦੀ,
ਕਚਹਿਰੀ ਕੋਰਟ ਦੇ ਦਰ ’ਤੇ ਜਦੋਂ ਵੀ ਗਰਜ਼ਦੀ ਚੁੰਨੀ।
ਜ਼ੁਮਾਨੇ ਦਾ ਇਹ ਸ਼ਿਸਟਾਚਾਰ ਸਭਿਆਚਾਰ ਬਣ ਜਾਂਦੀ,
ਪਿਤਾ ਦੀ ਲਾਜ ਮਾਂ ਦੀ ਸ਼ਰਮ ਨੂੰ ਜਦ ਸਮਝਦੀ ਚੁੰਨੀ।
ਕੋਈ ਕਾਨੂੰਨ ਏਦਾਂ ਦਾ ਬਣੇ ਕਿ ਇੰਝ ਨਾ ਹੋਵੇ,
ਬੁਰੇ ਹਾਲਾਤ ਵਿਚ ਫੰਦਾ ਬਣਾ ਕੇ ਲਟਕਦੀ ਚੁੰਨੀ।
ਅਜੇ ਵੀ ਬਾਲਮਾ ਤੇਰਾ ਕੋਈ ਇੰਤਜ਼ਾਰ ਕਰਦਾ ਹੈ,
ਕਿ ਸੁੰਨੇ ਰਾਹ ਦੇ ਪਿੱਪਲ ਤੇ ਪੁਰਾਣੀ ਲਟਕਦੀ ਚੁੰਨੀ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਾਦਸਪੁਰ ਪੰਜਾਬ
ਮੋ. 98156-25409