ਵੱਜਿਆ ਬਿਗਲ ਤੇ ਨਿੱਕਲੇ ਦੇਸ਼ ਸੇਵਕ
ਦਲ ਬਦਲ ਤੇ ਬਦਲਕੇ ਰੰਗ ਚੋਲੇ
ਸੁਖ ਸਹੂਲਤਾਂ ਮਾਣੋਗੇ ਦਿਨ ਚੰਗੇ
ਗੱਪੀ ਜੋ ਸੁਣਾਉਂਦੇ ਚੰਨ ਤਾਰਿਆਂ ਦੀ ਗੱਲ
ਪੈਰੀਂ ਹੱਥ ਆ ਲਾਉਣਗੇ ਦਰ ਥੋਡੇ
ਅੱਡ ਝੋਲੀਆਂ ਮੰਗਣਗੇ ਸਾਥ ਤੇ ਵੋਟ
ਪਾ ਵਾਸਤਾ ਦੂਰਲੇ ਨੇੜਲੇ ਦਾ
ਸਾਂਝ ਪਾਉਣਗੇ ਪਾ ਪਿਆਰਿਆਂ ਦੀ ਗੱਲ
ਬੱਸ ਸੇਵਾ ਦਾ ਐਤਕੀਂ ਦਿਉ ਮੌਕਾ
ਪਹਿਲਾਂ ਵਾਲੇ ਤਾਂ ਲੁੱਟ ਹੀ ਖਾ ਗਏ ਨੇ
ਸੌਂਹ ਖਾਧੀ ਕਿ ਰਾਜ ਨਹੀਂ ਸੇਵਾ ਕਰਨੀ
ਰਲਕੇ ਕਰਾਂਗੇ ਮਸਲੇ ਸਾਰਿਆਂ ਦਾ ਹੱਲ
ਨੰਗੇ ਜਿਸਮ ਤੇ ਨੰਗੇ ਪੈਰ ਰੁਲਣ ਏਥੇ
ਭੁੱਖੇ ਢਿੱਡ ਤੇ ਰੋਜ਼ੀ ਰੋਟੀ ਲਈ ਤੜਫੇ
ਨੀਤੋਂ ਨੰਗੀਓ ਸਬਰ ਨਾ ਅਜ਼ਮਾਵੋ
ਸਮਝੋ ਸਾਡਿਆਂ ਸਭ ਦੇ ਇਸ਼ਾਰਿਆਂ ਦੀ ਗੱਲ
ਬੇਰੁਜ਼ਗਾਰੀ ਬੇਅਦਬੀ ਨਸ਼ੇ ਰੋਕੇ ਨਾ
ਨਾ ਸਿਖਿਆ ਨਾ ਹੀ ਸਿਹਤ ਰਹਿ ਗਏ
ਜ਼ਾਤੀਂ ਧਰਮੀਂ ਵੰਡਕੇ ਕਰੋਂ ਕਾਹਤੋਂ
ਮੰਦਿਰ ਮਸਜਿਦ ਤੇ ਗੁਰੂਦੁਆਰਿਆਂ ਦੀ ਗੱਲ
ਭੱਟੀ ਜੰਮੂ ਕੋਈ ਸੂਰਮਾ ਜੱਗ ਉੱਤੇ
ਉਠੂ ਬਣ ਸ਼ਮਸ਼ੀਰ ਫੜ੍ਹ ਮਜ਼ਲੂਮਾਂ ਦੀ ਬਾਂਹ
ਢਾਹ ਬਣੂੰਗਾ ਢਹਿਦਿਆਂ ਢਾਰਿਆਂ ਦੀ
ਸਦਾ ਕਰੂਗਾ ਬੇ-ਸਹਾਰਿਆਂ ਦੀ ਗੱਲ
ਜਰਨੈਲ ਸਿੰਘ ਭੱਟੀ
99153-13356
ਝੰਡੇ ਵਾਲਾ (ਸਰਦੂਲਗੜ੍ਹ)
Thanks for publishing my article on Election (ਚੋਣਾਂ) times reality in India
Can contribute more in future on various subjects, you are welcome to contact me