ਉਸ ਦਿਨ ਸ਼ਾਮ ਨੂੰ ਮੇਰੇ ਫੋਨ ਤੇ ਵਟਸਐਪ ਰਾਹੀਂ ਇੱਕ ਮੈਸੇਜ ਆਇਆ । ਮੈਸੇਜ ਪੜਦੇ ਸਾਰ ਹੀ ਮਨ ਤਕਰੀਬਨ ਢਾਈ ਦਹਾਕੇ ਪਹਿਲਾਂ ਦੇ ਸਮੇਂ ਵਿੱਚ ਚਲਾ ਗਿਆ । ਮੈਸੇਜ ਮੇਰੇ ਕਾਲਜ ਦੀ ‘ਅਲੂਮਨੀ ਸੰਸਥਾ’ ਦੇ ਪ੍ਰਬੰਧਕ ਦਾ ਸੀ । ਗਿਆਰਾਂ ਅਗਸਤ ਨੂੰ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਸੱਭਿਆਚਾਰਕ ਮਿਲਣੀ ਰੱਖੀ ਗਈ ਸੀ । ਫੰਕਸ਼ਨ ਤੋਂ ਇੱਕ ਦਿਨ ਪਹਿਲਾਂ ਮੇਰੇ ਕਾਲਜ ਟਾਈਮ ਦੇ ਮਿੱਤਰ ਮੁਕੇਸ਼ ਕੁਮਾਰ ਦਾ ਫੋਨ ਆਇਆ ਜੋ ਫੰਕਸ਼ਨ ਬਾਰੇ ਸਿਰਫ ਦੁਬਾਰਾ ਯਾਦ ਕਰਵਾਉਣ ਸੰਬੰਧੀ ਹੀ ਸੀ । ਉਡੀਕ ਦੇ ਪਲ ਕਿੰਨੇ ਲੰਮੇ ਹੁੰਦੇ ਹਨ, ਇਹ ਦਸ ਅਤੇ ਗਿਆਰਾਂ ਅਗਸਤ ਦੇ ਵਿਚਕਾਰਲੀ ਰਾਤ ਨੂੰ ਪਤਾ ਲੱਗਿਆ । ਕਾਲਜ ਗ੍ਰੈਜੂਏਟ ਹੋਏ ਨੂੰ ਬੇਸ਼ੱਕ ਪੱਚੀ ਸਾਲ ਹੋ ਗਏ ਹਨ ਪਰ ਉਹ ਰਾਤ ਪੱਚੀ ਸਾਲਾਂ ਦੇ ਸਫਰ ਤੋਂ ਲੰਮੇਰੀ ਜਾਪ ਰਹੀ ਸੀ ।
ਅਗਲੇ ਦਿਨ ਸਵੇਰੇ ਜਲਦੀ ਜਲਦੀ ਕੰਮ ਧੰਦੇ ਸਮੇਟ ਕੇ ਦਸ ਵਜਦੇ ਨਾਲ ਹੀ ਮੋਟਰਸਾਈਕਲ ਦਾ ਮੂੰਹ ਸੰਗਰੂਰ ਵੱਲ ਨੂੰ ਕਰ ਲਿਆ । ਅਜਿਹਾ ਤਾਂ ਨਹੀਂ ਸੀ ਕਿ ਕਾਲਜ ਪਾਸ ਕਰਨ ਤੋਂ ਬਾਅਦ ਮੈਂ ਮੁੜਕੇ ਕਦੇ ਕਾਲਜ ਗਿਆ ਹੀ ਨਹੀਂ ਸੀ ਪਰ ਜਿਸ ਮਾਹੌਲ ਵਿੱਚ ਅੱਜ ਜਾ ਰਿਹਾ ਸੀ, ਇਸ ਤਰਾਂ ਲੱਗ ਰਿਹਾ ਸੀ ਕਿ ਮਸ਼ੀਨੀਕਰਨ ਦੇ ਇਸ ਭੱਜ ਦੌੜ ਵਾਲੀ ਜ਼ਿੰਦਗੀ ਦੇ ਰੁਝੇਵਿਆਂ ਚੋਂ ਉਸ ਢਾਈ ਦਹਾਕੇ ਪਹਿਲਾਂ ਵਾਲੇ ‘ਬੇਫਿਕਰੀ ਦੇ ਆਲਮ’ ਦੀ ਪੁਨਰ ਸੁਰਜੀਤੀ ਹੋਣ ਜਾ ਰਹੀ ਹੋਵੇ । ਆਨੰਦਮਈ ਸੋਚਾਂ ਦੀ ਝਰਨਾਹਟ ਮਹਿਸੂਸ ਕਰਦਿਆਂ ਮੈਂ ਤਕਰੀਬਨ ਪੰਦਰਾਂ ਕੁ ਮਿੰਟਾਂ ਵਿੱਚ ਮੈਂ ਸਰਕਾਰੀ ਰਣਬੀਰ ਕਾਲਜ, ਸੰਗਰੂਰ ਪਹੁੰਚ ਗਿਆ । ਪ੍ਰੋਗਰਾਮ ਦੇ ਪ੍ਰਬੰਧਕ ਸਾਹਿਬਾਨ ਹਰੇਕ ਆਉਣ ਵਾਲੇ ਮੈਂਬਰ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕਰ ਰਹੇ ਸਨ । ਰਜਿਸਟ੍ਰੇਸ਼ਨ ਤੋਂ ਬਾਅਦ ਮੈਂ ਕੁਝ ਪਲ ਕਾਲਜ ਦੇ ਕਾਫੀ ਹੱਦ ਤੱਕ ਬਦਲ ਚੁੱਕੇ ਆਲੇ ਦੁਆਲੇ ਨੂੰ ਨਿਹਾਰਿਆ । ਪੱਚੀ ਸਾਲ ਪਹਿਲਾਂ ਜੋ ਜੌਗਰਫੀ ਵਿਭਾਗ ਕਾਲਜ ਦੇ ਦੂਰ ਦੁਰਾਡੇ ਕੋਨੇ ਵਿੱਚ ਹੁੰਦਾ ਸੀ, ਅੱਜ ਨਵੀਆਂ ਬਣ ਚੁੱਕੀਆਂ ਇਮਾਰਤਾਂ ਦੇ ਵਿਚਕਾਰ ਆ ਗਿਆ ਸੀ । ਕਾਲਜ ਦੇ ਰਿਟਾਇਰਡ ਪ੍ਰਿੰਸੀਪਲ ਜੋ ਸਾਡੇ ਜੌਗਰਫੀ ਦੇ ਪ੍ਰੋਫੈਸਰ ਵੀ ਰਹੇ ਸਨ, ਸਰਦਾਰ ਸੁਖਵੀਰ ਸਿੰਘ, ਪਹਿਲੀ ਸਤਿਕਾਰਯੋਗ ਸਖਸ਼ੀਅਤ ਸਨ ਜੋ ਮੈਨੂੰ ਉਸ ਦਿਨ ਮਿਲੇ । ਉਹਨਾਂ ਦੇ ਨਾਲ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਸਾਬਕਾ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਜੋ ਬਾਅਦ ਵਿੱਚ ਬਤੌਰ ਆਈ.ਆਰ.ਐਸ. ਰਿਟਾਇਰ ਹੋਏ ਸਨ, ਸਰਦਾਰ ਜਗਰੂਪ ਸਿੰਘ ਉੱਭਾਵਾਲ ਨਾਲ ਕੁਝ ਪਲ ਗੁਜ਼ਾਰਨ ਦਾ ਸੁਭਾਗ ਪ੍ਰਾਪਤ ਹੋਇਆ । ਉਸਤੋਂ ਬਾਅਦ ਮੇਰੇ ਕੁਝ ਸਹਿਪਾਠੀ ਰਹੇ, ਕਾਲਜ ਦੇ ਕੁਝ ਸੀਨੀਅਰ ਸਾਥੀ ਤੇ ਕੁਝ ਜੂਨੀਅਰ ਮਿੱਤਰ ਵੀ ਬੜੇ ਸਨੇਪੂਰਨ ਤਰੀਕੇ ਨਾਲ ਮਿਲੇ । ਲੱਗਭੱਗ ਸਾਰੇ ਹੀ ਜਣੇ ਆਪਣੀ ਆਪਣੀ ਕਬੀਲਦਾਰੀ ਦੇ ਰੁਝੇਵੇਂ ਇੱਕ ਪਾਸੇ ਰੱਖ ਕੇ ਸਿਰਫ ਕਾਲਜ ਵਿੱਚ ਬਿਤਾਏ ਹੋਏ ਪਲਾਂ ਬਾਰੇ ਹੀ ਚਰਚਾ ਕਰਦੇ ਰਹੇ ਜਿਵੇਂ ਸਾਰੇ ਜਣੇ ਇਹਨਾਂ ਪਲਾਂ ਨੂੰ ਜੀਅ ਭਰ ਕੇ ਜਿਉਣਾ ਚਾਹੁੰਦੇ ਹੋਣ । ਰਿਫਰੈਸ਼ਮੈਂਟ ਲੈਣ ਤੋਂ ਬਾਅਦ ਅਸੀਂ ਕਾਲਜ ਆਡੀਟੋਰੀਅਮ ਵਿੱਚ ਦਾਖਲ ਹੋਏ । ਜਿਵੇਂ ਹੀ ਅਸੀਂ ਆਡੀਟੋਰੀਅਮ ਵਿੱਚ ਦਾਖਲ ਹੋਏ, ਬਾਹਰ ਬਾਰਿਸ਼ ਸ਼ੁਰੂ ਹੋ ਗਈ, ਜਿਵੇਂ ਕੁਦਰਤ ਵੀ ਚਾਹੁੰਦੀ ਹੋਵੇ ਕਿ ਚਿਰਾਂ ਬਾਅਦ ਇਕੱਠੇ ਹੋਏ ਦੋਸਤ ਮਿੱਤਰ ਇਹਨਾਂ ਯਾਦਗਾਰੀ ਪਲਾਂ ਨੂੰ ਆਪਣੀਆਂ ਅੱਖਾਂ ਰਾਹੀਂ ਰੂਹ ਵਿੱਚ ਉਤਾਰ ਲੈਣ । ਕਾਲਜ ਦੇ ਹੀ ਕੁਝ ਸਾਬਕਾ ਪ੍ਰੋਫੈਸਰ ਸਾਹਿਬਾਨ, ਜੋ ਕਿਸੇ ਸਮੇਂ ਕਾਲਜ ਦੇ ਵਿਦਿਆਰਥੀ ਵੀ ਰਹੇ ਸਨ, ਨਾਲ ਵੀ ਵਿਚਾਰਾਂ ਦੀ ਸਾਂਝ ਪਾਉਣ ਦਾ ਮੌਕਾ ਮਿਲਿਆ । ਰਣਬੀਰ ਕਾਲਜ ਵਿੱਚੋਂ ਪੜ ਕੇ ਉੱਚੀਆਂ ਪਦਵੀਆਂ ਤੇ ਗਏ ਕੁਝ ਮਾਣਯੋਗ ਡਾਕਟਰ ਸਾਹਿਬਾਨ, ਵਕੀਲ ਸਾਹਿਬਾਨ, ਕੁਝ ਰਾਜਨੀਤਿਕ ਅਤੇ ਕੁਝ ਸੱਭਿਆਚਾਰਕ ਜਗਤ ਦੀਆਂ ਨਾਮਵਰ ਹਸਤੀਆਂ ਨਾਲ ਕੁਝ ਘੜੀਆਂ ਬਿਤਾਉਣ ਦੀ ਖੁਸ਼ੀ ਨਸੀਬ ਹੋਈ । ਪੰਜਾਬ ਤੋਂ ਬਾਹਰ ਵੀ ਭਾਰਤ ਅਤੇ ਵਿਸ਼ਵ ਵਿੱਚ ਨਾਮਣਾ ਖੱਟਣ ਵਾਲੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਆਪਣਾ ਰਾਜਨੀਤਿਕ ਸਫਰ ਇਸੇ ਕਾਲਜ ਦੀਆਂ ਚੋਣਾਂ ਤੋਂ ਸ਼ੁਰੂ ਕੀਤਾ ਸੀ । ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾਂ ਵੀ ਕਿਸੇ ਸਮੇਂ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਵਿਦਿਆਰਥੀ ਰਹਿ ਚੁੱਕੇ ਹਨ । ਸੱਭਿਆਚਾਰਕ ਖੇਤਰ ਵਿੱਚ ਆਪਣੀ ਵਿਲੱਖਣ ਜਗ੍ਹਾ ਬਣਾ ਚੁੱਕੇ ਜੱਸੀ ਲੌਂਗੋਵਾਲੀਆ ਅਤੇ ਰਵੀ ਦਿਉਲ ਨੇ ਵੀ ਆਪਣੀ ਆਪਣੀ ਕਲਾ ਨਾਲ ਪੁਰਾਣੇ ਪਲਾਂ ਨੂੰ ਮੁੜ ਸੁਰਜੀਤ ਕੀਤਾ । ਆਡੀਟੋਰੀਅਮ ਵਿੱਚ ਬੈਠੇ ਜਦ ਤਜ਼ਰਬੇਕਾਰ ਸਾਥੀਆਂ ਦੇ ਵਿਚਾਰ ਸੁਣ ਰਹੇ ਸੀ ਤਾਂ ਆਪਣੇ-ਆਪ ਨੂੰ ਕਿਸੇ ਟਾਈਮ ਟਰੈਵਲ ਮਸ਼ੀਨ ਵਿੱਚ ਬੈਠ ਕੇ ਸਮੇਂ ਦੀ ਯਾਤਰਾ ਕਰਦੇ ਮਹਿਸੂਸ ਕਰ ਰਹੇ ਸੀ ।
ਮੰਤਰ ਮੁਗਧ ਹੋਇਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦ ਦੋ ਢਾਈ ਵਜੇ ਦਾ ਸਮਾਂ ਹੋ ਗਿਆ । ਸੰਸਥਾ ਦੇ ਪ੍ਰਬੰਧਕਾਂ ਨੇ ਆਉਣ ਵਾਲੇ ਸਮੂਹ ਮੈਂਬਰਾਨ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਹੋਇਆ ਸੀ । ਸ਼ਾਨਦਾਰ ਖਾਣੇ ਦਾ ਲੁਤਫ ਉਠਾਉਣ ਤੋਂ ਬਾਅਦ ਅਸੀਂ ਵਾਪਸ ਆਪਣੀ ਥਾਂ ਤੇ ਆ ਗਏ ਸੀ । ਸ਼ਾਮ ਦੇ ਸੈਸ਼ਨ ਵਿੱਚ ਕਾਲਜ ਅਲੂਮਨੀ ਕਮੇਟੀ ਦੀ ਚੋਣ ਹੋਈ ਜਿਸ ਕਮੇਟੀ ਨੇ ਆਉਣ ਵਾਲੇ ਸਮੇਂ ਵਿੱਚ ਇਸ ਸ਼ਾਨਦਾਰ ਰਵਾਇਤ ਨੂੰ ਅੱਗੇ ਲੈ ਕੇ ਜਾਣਾ ਹੈ । ਸੰਸਥਾ ਦੇ ਸਕੱਤਰ ਅਤੇ ਕਾਲਜ ਦੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਸ੍ਰੀ ਰੁਪਿੰਦਰ ਸ਼ਰਮਾਂ ਨੇ ਸਾਲਾਨਾ ਅਲੂਮਨੀ ਦਿਵਸ ਮਨਾਉਣ ਦਾ ਭਰੋਸਾ ਦੇ ਕੇ ਵਿਛੜਨ ਦੇ ਨਜ਼ਦੀਕ ਆ ਰਹੇ ਪਲ ਨੂੰ ਕੁਝ ਸਹਿਣਯੋਗ ਬਨਾਉਣ ਦਾ ਯਤਨ ਕੀਤਾ ।
ਜਾਣ ਦੀ ਘੜੀ ਸਾਹਮਣੇ ਆ ਖੜੀ ਸੀ ਪਰ ਜੀਅ ਕਿਸੇ ਦਾ ਨਹੀਂ ਸੀ ਕਰ ਰਿਹਾ । ਪਰ ਸਮਾਂ ਤਾਂ ਸਮਾਂ ਹੈ । ਕੁਦਰਤ ਦੇ ਆਪਣੇ ਨਿਯਮ ਹਨ । ਦੁਬਾਰਾ ਜਲਦੀ ਮਿਲਣ ਦੇ ਵਾਅਦੇ ਨਾਲ ਸਾਰੇ ਦੋਸਤਾਂ ਮਿੱਤਰਾਂ ਤੋਂ ਵਿਦਾ ਲਈ । ਵਾਪਸੀ ਸਮੇਂ 1999 ਦਾ ਉਹ ਦਿਨ ਅੱਖਾਂ ਅੱਗੇ ਆ ਗਿਆ ਜਦ ਗਰੈਜੂਏਸ਼ਨ ਦੀ ਡਿਗਰੀ ਲੈਣ ਤੋਂ ਬਾਅਦ ਕਾਲਜ ਵਿੱਚੋਂ ਬਾਹਰ ਕਦਮ ਰੱਖਿਆ ਸੀ । ਵੀਹਵੀਂ ਅਤੇ ਇੱਕੀਵੀਂ ਸਦੀ ਦੇ ਰਣਬੀਰ ਕਾਲਜ ਦੇ ਗ੍ਰੈਜੂਏਟਾਂ ਦੀ ਇਹ ਮਿਲਣੀ ਜ਼ਿੰਦਗੀ ਭਰ ਲਈ ਇੱਕ ਅਣਮੁੱਲੀ ਯਾਦ ਬਣ ਗਈ ।

ਪਰਵਿੰਦਰ ਸਿੰਘ ਢੀਂਡਸਾ
ਪਿੰਡ ਉੱਭਾਵਾਲ (ਸੰਗਰੂਰ)
ਮੋਬਾਈਲ : 9814829005