ਅੱਜ ਸਵੇਰੇ ਸਵੇਰੇ ਜੰਮੂ ਤੋਂ ਸ਼ੀਰਾਜ਼ਾ ਮੈਗਜ਼ੀਨ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਜੀ ਦਾ ਫ਼ੋਨ ਆਇਆ ਕਿ ਸੁਰਜੀਤ ਪਾਤਰ ਜੀ ਨਹੀਂ ਰਹੇ । ਸੱਚ ਜਾਣਿਓਂ! ਪੈਰਾਂ ਥੱਲੋਂ ਜ਼ਮੀਨ ਖਿਸਕਦੀ ਜਾਪੀ। ਯਕੀਨ ਨਹੀਂ ਸੀ ਆ ਰਿਹਾ ਪਰ ਫਿਰ ਵੀ ਹੰਝੂਆਂ ਨੇ ਆਪ ਮੁਹਾਰੇ ਆਪਣੀ ਰਫ਼ਤਾਰ ਫੜ ਲਈ ਸੀ । ਸਮਝ ਨਹੀਂ ਸੀ ਆ ਰਿਹਾ ਕਿ ਕਿਸ ਤੋਂ ਪੁੱਛਾਂ। ਹਾਲੇ ਮੈਂ ਸੋਚ ਹੀ ਰਹੀ ਸੀ ਕਿ ਉਸ ਵਕਤ ਹੀ ਦੇਵਿੰਦਰ ਦਿਲਰੂਪ ਦਾ ਫ਼ੋਨ ਆ ਗਿਆ।ਰੋਂਦੀ ਹੋਈ ਨੇ ਜਦੋਂ ਮੈਂ ਹੈਲੋ ਕਿਹਾ ਤਾਂ ਉਹ ਵੀ ਮੇਰੇ ਵਾਂਗ ਹੀ ਰੋ ਰਹੀ ਸੀ । ਬਿਨਾਂ ਬੋਲਿਆਂ ਹੀ ਕਨਫਰਮ ਹੋ ਗਿਆ ਕਿ ਪੰਜਾਬੀ ਸਾਹਿਤ ਜਗਤ ਦੀ ਉੱਚ ਦੁਮਾਲੜੀ ਸ਼ਖ਼ਸੀਅਤ ਸੱਚਮੁਚ ਹੀ ਸਾਨੂੰ ਸਦਾ ਲਈ ਅਲਵਿਦਾ ਆਖ ਗਈ ਹੈ। ਲੁਧਿਆਣਾ ਵਿਖੇ ਰਹਿਣ ਕਰਕੇ ਪਾਤਰ ਸਾਹਿਬ ਬਾਰੇ ਪੁੱਛਣ ਲਈ ਮੈਨੂੰ ਬਹੁਤ ਸਾਰੇ ਸਾਹਿਤਕਾਰਾਂ ਦੇ ਲਗਾਤਾਰ ਫੋਨ ਆਏ। ਫੋਨ ਦਾ ਜਵਾਬ ਦਿੰਦਿਆਂ ਹੋਇਆਂ ਮੈਂ ਪਾਤਰ ਸਾਹਿਬ ਦੇ ਘਰ ਪਹੁੰਚ ਗਈ ।ਘਰ ਦੇ ਅੰਦਰ ਬਾਹਰ ਲੇਖਕਾਂ, ਪੱਤਰਕਾਰਾਂ, ਕਲਾਕਾਰਾਂ ਅਤੇ ਵੱਖ ਵੱਖ ਚੈਨਲਾਂ ਵਾਲਿਆਂ ਦੀ ਭਰਮਾਰ ਸੀ।ਮਾਹੋਲ ਗ਼ਮਗੀਨ ਸੀ ਜੋ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਪੰਜਾਬੀ ਸਾਹਿਤ ਜਗਤ ਦੀ ਸਿਰਮੌਰ ਸ਼ਖਸੀਅਤ ਪਦਮਸ਼੍ਰੀ ਡਾ਼ ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣਾ ਕਰਨ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ । ਪੰਜਾਬੀ ਸਾਹਿਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਡਾ . ਸੁਰਜੀਤ ਪਾਤਰ ਜੀ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ ਜੋ ਕਦੇ ਫਿਰ ਸਾਂਝੀਆਂ ਕਰਾਂਗੀ। ਫਿਲਹਾਲ 27 ਅਪ੍ਰੈਲ ਨੂੰ ਪੰਜਾਬੀ ਭਵਨ ਵਿਖੇ ਹੋਈ ਪਹਿਲੇ ਦਿਨ ਦੀ ਕਾਨਫਰੰਸ ਤੋਂ ਬਾਅਦ ਸਾਹਿਤ ਅਕਾਡਮੀ ਦੇ ਦਫ਼ਤਰ ਵਿੱਚ ਪਾਤਰ ਜੀ ਦੇ ਨਾਲ ਬੈਠੇ ਹੋਏ ਮਨਸੂਈ ਬੌਧਿਕਤਾ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਇਆਂ ਦੀ ਤਸਵੀਰ ਸਾਂਝੀ ਕਰ ਰਹੀ ਹਾਂ।
ਗੁਰਚਰਨ ਕੌਰ ਕੋਚਰ