ਸਿਹਤ ਦਾ ਖਿਆਲ ਰੱਖਣਾ ਬਹੁਤ ਜਰੂਰੀ ਹੈ ਪਰ ਸਾਡਾ ਖਾਣ-ਪੀਣ ਪੁਰਾਤਨ ਰਵਾਇਤ ਤੋਂ ਹਟ ਕੇ ਸ਼ੁਧ ਨਾ ਹੋਣ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ । ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨਵੀਆਂ ਨਵੀਆਂ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ ਹਸਪਤਾਲਾਂ , ਡਾਕਟਰਾਂ ਦੇ ਕਲੀਨਿਕਾਂ ਆਦਿ ਵਿੱਚ ਬਹੁਤਾਤ ਵਿੱਚ ਦਿਖਾਈ ਦੇਂਦੇ ਹਨ ।
ਮੈਂ ਪੀ.ਜੀ.ਆਈ. ਚੰਡੀਗੜ੍ਹ ਤੋਂ ਆਪਣੀ ਕੈਂਸ਼ਰ ਦੀ ਬਿਮਾਰੀ ਦਾ ਇਲਾਜ ਕਰਵਾ ਰਿਹਾ ਹਾਂ ।ਇਸਦੇ ਟੈਸਟ , ਦਵਾਈਆਂ , ਇੰਜੈਕਸ਼ਨ , ਥਰੈਪੀਆਂ ਆਦਿ ਮਹਿੰਗੀਆਂ ਹਨ । ਡਾਕਟਰ ਸਾਬ੍ਹ ਨੇ ਇੱਕ ਇੰਜੈਕਸ਼ਨ ਨੈੱਟ ਉੱਪਰ ਦੇਖ ਕੇ ਮੈਨੂੰ ਪੁਛਿਆ ਕਿ ਇਹ ਮਹਿੰਗਾ ਹੈ ਕੋਈ ਦਿੱਕਤ ਤਾਂ ਨਹੀਂ ।ਮੈਂ ਉਨ੍ਹਾਂ ਨੂੰ ਕਹਿ ਦਿੱਤਾ ਕੋਈ ਗੱਲ ਨਹੀਂ । ਡਾਕਟਰ ਸਾਬ੍ਹ ਦਾ ਮਰੀਜ਼ਾਂ ਪ੍ਰਤੀ ਹਮੇਸ਼ਾਂ ਹਮਦਰਦੀ ਭਰਿਆ ਵਤੀਰਾ ਹੁੰਦਾ ਹੈ ਕਿ ਘੱਟੋ ਘੱਟ ਖਰਚੇ ਨਾਲ ਵਧੀਆ ਇਲਾਜ਼ ਹੋ ਸਕੇ ।ਮੈਂ ਇੰਜੈਕਸ਼ਨ ਲੈ ਆਇਆ ਜਦ ਬਿਲ ਦੇਖਿਆ ਤਾਂ ਉਹ ਕੋਈ ਛੇ ਗੁਣਾਂ ਵੱਧ ਐਮ.ਆਰ.ਪੀ. ਪ੍ਰਿੰਟ ਵਾਲਾ ਸੀ ਜਿਸ ਨੂੰ ਦੇਖ ਕੇ ਮੈਨੂੰ ਵੀ ਸ਼ਕ ਹੋਇਆ ਕਿ ਕਿਤੇ ਹੋਰ ਕੰਪਨੀ ਦਾ ਨਾ ਹੋਵੇ ਪਰ ਤਸੱਲੀ ਹੋਣ ਤੇ ਮੈਂ ਆ ਗਿਆ ਜੋ ਕਿ ਠੀਕ ਹੀ ਸੀ ।ਡਾਕਟਰ ਸਾਬ੍ਹ ਨੇ ਜਦੋਂ ਰੇਟ ਪੁੱਛਿਆ ਤਾਂ ਮੇਰੇ ਦੱਸਣ ਤੇ ਡਾਕਟਰ ਸਾਬ੍ਹ ਹੈਰਾਨ ਹੋ ਗਏ । ਉਹ ਆਪਣੇ ਜੂਨੀਅਰ ਡਾਕਟਰ ਨੂੰ ਕਹਿ ਰਹੇ ਸੀ ਕਿ ਉਹ ਤਾਂ ਇਹ ਇੰਜੈਕਸ਼ਨ ਮਹਿੰਗਾ ਹੋਣ ਕਾਰਨ ਸਾਰੇ ਮਰੀਜ਼ਾਂ ਨੂੰ ਨਹੀਂ ਲਿਖ ਰਹੇ ਹੁਣ ਅੱਗੇ ਤੋਂ ਇਹ ਇਸ ਸਮੱਸਿਆ ਵਾਲੇ ਨੂੰ ਜਰੂਰ ਲਿਖ ਦਿਆ ਕਰੋ । ਮੈਂ ਪਿਛਲੇ ਸਾਲ ਦੰਦਾਂ ਦਾ ਟਰੀਟਮੈਂਟ ਲੋਕਲ ਡਾਕਟਰ ਤੋਂ ਕਰਵਾਇਆ । ਇੱਕ ਦੰਦ ਦੀ ਆਰ ਸੀ. ਟੀ. ਕਰਾਉਣ ਦੀ ਲੋੜ ਸੀ ।ਮੈਂ ਆਪਣੀ ਬਿਮਾਰੀ ਦੇ ਪੀ.ਜੀ.ਆਈ. ਤੋਂ ਚਲ ਰਹੇ ਇਲਾਜ਼ ਬਾਰੇ ਦੱਸ ਦਿੱਤਾ ਸੀ । ਡੈਂਟਿਸਟ ਡਾਕਟਰ ਕੋਈ ਰਿਸ਼ਕ ਲੈਣਾ ਨਹੀਂ ਚਾਹੁੰਦਾ ਸੀ ਇਸੇ ਕਰਕੇ ਮੈਨੂੰ ਆਪਣੇ ਪੀ ਜੀ ਆਈ ਵਾਲੇ ਡਾਕਟਰ ਤੋਂ ਦੰਦਾਂ ਦੇ ਇਲਾਜ਼ ਕਰਨ ਲਈ ਆਗਿਆ ਲਿਖਵਾ ਕੇ ਲਿਆਉਣ ਲਈ ਕਹਿ ਦਿੱਤਾ ਕਿਉਂ ਕਿ ਜਬਾੜੇ ‘ਚ ਟੀਕੇ ਲਾ ਕੇ ਆਰ.ਸੀ.ਟੀ. ਕਰਨੀ ਪੈਣੀ ਸੀ । ਮੈਂ ਪੀ.ਜੀ.ਆਈ. ਜਾ ਕੇ ਡਾਕਟਰ ਸਾਬ੍ਹ ਨੂੰ ਪਰਚੀ ਦਿਖਾ ਕੇ ਗੱਲ ਦੱਸ ਦਿੱਤੀ ਤਾਂ ਡਾਕਟਰ ਸਾਬ੍ਹ ਨੇ ਇਲਾਜ ਕਰਾਉਣ ਲਈ ਹਾਂ ਕਰ ਦਿੱਤੀ ਅਤੇ ਮੇਰੇ ਕਾਰਡ ਉੱਪਰ ਵੀ ਲਿਖ ਕੇ ਐਂਟਰੀ ਕਰ ਦਿੱਤੀ । ਇਸ ਤਰ੍ਹਾਂ ਮੈਂ ਦੰਦ ਦਾ ਇਲਾਜ਼ ਕਰਵਾ ਲਿਆ । ਇਸ ਵਾਰ ਇੱਕ ਹੋਰ ਦੰਦ ਦੀ ਵੀ ਆਰ.ਸੀ.ਟੀ. ਕਰਵਾਉਣੀ ਪੈ ਗਈ ਤਾਂ ਡੈਂਟਿਸਟ ਨੇ ਫਿਰ ਦੁਬਾਰਾ ਪੀ.ਜੀ.ਆਈ. ਦੇ ਡਾਕਟਰ ਤੋਂ ਲਿਖਵਾਉਣ ਲਈ ਕਹਿ ਦਿੱਤਾ । ਮੈਂ ਸਿਹਤ ਪੱਖੋਂ ਕੁਝ ਠੀਕ ਹੋਣ ਕਰਕੇ ਅਤੇ ਛੋਟੇ ਜਿਹੇ ਕੰਮ ਹੋਣ ਕਰਕੇ ਬਸ ਰਾਹੀਂ ਹੀ ਚਲਾ ਗਿਆ ।ਮੈਂ ਚੰਡੀਗੜ੍ਹ ਪਹੁੰਚ ਕੇ ਮਨੀਮਾਜਰੇ ਵਾਲੇ ਮਾਮੇ ਅਮਰਜੀਤ ਸਿੰਘ ਨੂੰ ਫੋਨ ਕੀਤਾ ਕਿਉਂ ਕਿ ਉਹ ਅੱਗੋਂ ਪੀ.ਜੀ.ਆਈ ਆ ਜਾਂਦੇ ਹਨ ਅਤੇ ਕਈ ਤਰ੍ਹਾਂ ਦੀ ਮਦਦ ਕਰ ਦਿੰਦੇ ਹਨ ।ਉਨ੍ਹਾਂ ਅੱਗੋਂ ਕਿਹਾ ਕਿ ਅੱਜ ਦੀ ਤਾਂ ਇਥੇ ਬੁੱਧ ਪੂਰਨਿਮਾ ਦੀ ਛੁੱਟੀ ਹੈ । ਇਸ ਛੁੱਟੀ ਬਾਰੇ ਮੈਨੂੰ ਕੋਈ ਪਤਾ ਨਹੀਂ ਸੀ ਕਿਉਂ ਕਿ ਇਹ ਛੁੱਟੀ ਆਮ ਲੋਕਾਂ ਨੂੰ ਪਤਾ ਨਹੀਂ ਹੁੰਦੀ ।ਦੂਜੀ ਗੱਲ ਇਨ੍ਹਾਂ ਦਿਨਾਂ ਵਿੱਚ ਸਕੂਲਾਂ ‘ਚ ਅਚਾਨਕ ਛੁੱਟੀਆਂ ਹੋ ਗਈਆਂ ਸਨ , ਨਹੀਂ ਤਾਂ ਬੱਚਿਆਂ ਤੋਂ ਜਾਂ ਅਧਿਆਪਕਾਂ ਤੋਂ ਪਤਾ ਲੱਗ ਜਾਣਾ ਸੀ । ਮੈਂ ਇੰਰਟਨੈਟ ਉੱਪਰ ਚੈਕ ਕਰ ਲਿਆ ਪੀ.ਜੀ.ਆਈ. ਵਿੱਚ ਵੀ ਛੁੱਟੀ ਸੀ ।ਮੈਂ ਪ੍ਰੇਸ਼ਾਨ ਹੋ ਗਿਆ ਹੁਣ ਤਾਂ ਵਾਪਿਸ ਜਾਣਾ ਪੈਣਾ ਫਿਰ ਦੁਬਾਰਾ ਆਉਣਾ ਪੈਣਾ । ਮੇਰੇ ਦਿਮਾਗ ‘ਚ ਡਾਕਟਰ ਸਾਬ੍ਹ ਦੇ ਫੋਨ ਨੰਬਰ ਦੀ ਗੱਲ ਆ ਗਈ , ਫੋਨ ਨੰ. ਮਿਲ ਗਿਆ ਮੈਂ ਸੋਚਿਆ ਚਲੋ ਗੱਲ ਕਰ ਕੇ ਦੇਖ ਲਵਾਂ ਸਾਇਦ ਕੋਈ ਹੱਲ ਹੀ ਮਿਲ ਜਾਵੇ । ਉਨ੍ਹਾਂ ਦਾ ਫੋਨ ਦਫਤਰ ਦਾ ਹੀ ਸੀ , ਮੈਂ ਮਿਲਾ ਲਿਆ । ਘੰਟੀ ਵੱਜਣ ਤੋਂ ਬਾਅਦ ਉੱਧਰੋਂ ਜਾਣੀ ਪਛਾਣੀ ਆਵਾਜ਼ ਆਈ , ਮੈਂ ਆਂਪਣਾ ਨਾਮ ਦੱਸਿਆ ਕਿ ਮੈਂ ਮਿਲਣਾ ਹੈ ਤਾਂ ਡਾਕਟਰ ਸਾਬ੍ਹ ਕਹਿੰਦੇ ਕਿ ਅੱਜ ਤਾਂ ਛੁੱਟੀ ਏ । ਮੈਂ ਕਿਹਾ , “ ਮੈਂ ਤਾਂ ਜੀ ਬਸ ਸਟੈਂਡ ਪਹੁੰਚ ਗਿਆ” ਤਾਂ ਡਾਕਟਰ ਸਾਬ੍ਹ ਕਹਿੰਦੇ “ ਆ ਜਾਓ ” । ਮੈਂ ਪੀ.ਜੀ.ਆਈ. ਲਈ ਲੋਕਲ ਬਸ ਲਈ ਜੋ ਕਾਫੀ ਘੁੰਮ ਘਮਾ ਕੇ ਥਾਂ ਥਾਂ ਰੁਕਦੀ ਜਾ ਰਹੀ ਸੀ ਮੈਨੂੰ ਡਰ ਸੀ ਕਿਤੇ ਡਾਕਟਰ ਸਾਬ੍ਹ ਚਲੇ ਹੀ ਨਾ ਜਾਣ । ਪੀ.ਜੀ.ਆਈ ਪਹੁੰਚ ਕੇ ਜਦੋਂ ਨਿਊਕਲੀਅਰ ਮੈਡੀਸਿਨ ਵਿਭਾਗ ਦੇ ਸੀਸ਼ੇ ਦੇ ਗੇਟ ਅੱਗੇ ਗਿਆ ਤਾਂ ਗੇਟ ਲਾਕ ਸੀ ਅੰਦਰ ਕੋਈ ਵੀ ਦਿਸ ਨਹੀਂ ਸੀ ਰਿਹਾ ।ਮੈਂ ਡਾਕਟਰ ਸਾਬ੍ਹ ਨੂੰ ਫੋਨ ਕੀਤਾ ਤੇ ਦੱਸਿਆ ਕਿ ਮੈਂ ਗੇਟ ਅੱਗੇ ਖੜ੍ਹਾ ਹਾਂ ਉਨ੍ਹਾਂ ਗੇਟ ਖੁਲਵਾਉਣ ਦੀ ਗੱਲ ਕੀਤੀ ।ਕੁਝ ਸਮੇਂ ਬਾਦ ਹੀ ਇੱਕ ਜੂਨੀਅਰ ਡਾਕਟਰ ਲੜਕੀ ਆਈ ਤਾਂ ਉਸ ਨੇ ਗੇਟ ਖੋਲਿਆ ਅਤੇ ਮੈਂ ਡਾਕਟਰ ਸਾਬ੍ਹ ਦੇ ਕਮਰੇ ਵਿੱਚ ਚਲਾ ਗਿਆ । ਡਾਕਟਰ ਸਾਬ੍ਹ ਆਪਣੇ ਦੋ ਸੀਨੀਅਰ ਰੈਜੀਡੈਂਟ ਅਤੇ ਇੱਕ ਜੂਨੀਅਰ ਡਾਕਟਰ ਨਾਲ ਮਰੀਜ਼ਾਂ ਦੀਆਂ ਫਾਈਲਾਂ / ਕੇਸ ਡਿਸਕਸ ਕਰ ਰਹੇ ਸੀ ।ਮੈਂ ਡਾਕਟਰ ਸਾਬ੍ਹ ਨੂੰ ਕਾਰਡ ਦਿੱਤਾ ਅਤੇ ਸਾਰੀ ਗੱਲ ਦੱਸੀ ਤਾਂ ਡਾਕਟਰ ਸਾਬ੍ਹ ਨੇ ਉਸੀ ਸਮੇਂ ਪਹਿਲਾਂ ਵਾਲੀ ਸਬਦਾਵਲੀ ਕਾਰਡ ਉੱਪਰ ਲਿਖ ਦਿੱਤੀ । ਮੈਂ ਉਨ੍ਹਾਂ ਦਾ ‘ਬਹੁਤ ਬਹੁਤ ਧੰਨਵਾਦ’ ਕਹਿ ਕੇ ਉਨ੍ਹਾਂ ਦਾ ਸਤਿਕਾਰ ਕੀਤਾ ਪਰ ਉਨ੍ਹਾਂ ਨੇ ਕਿਹਾ ‘ਨਹੀਂ ਨਹੀਂ ਕੋਈ ਗੱਲ ਨੀ’ ।ਮੈਂ ਫਿਰ ਇੱਕ ਵਾਰੀ ਧੰਨਵਾਦ ਕਰਕੇ ਬਾਹਰ ਆ ਗਿਆ । ਮੈਂ ਸੋਚਣ ਲੱਗ ਪਿਆ ਕਿ ਕੋਈ ਵਿਰਲਾ ਡਾਕਟਰ ਹੀ ਛੁੱਟੀ ਵਾਲੇ ਦਿਨ ਦਫਤਰ / ਹਸਪਤਾਲ ਜਾ ਕੰਮ ਕਰੇਗਾ । ਪਰ ਮਰੀਜ਼ ਨੂੰ ਸਾਇਦ ਹੀ ਦੇਖਣ ਲਈ ਬੁਲਾਵੇ ਕਿਉਂ ਕਿ ਮੈਂ ਕਿਹੜਾ ਦੱਸਿਆ ਸੀ ਮੈਂ ਸਿਰਫ ਲਿਖਵਾਉਣਾ ਹੈ , ਉਨ੍ਹਾਂ ਨੇ ਤਾਂ ਜੇਕਰ ਕੋਈ ਦੇਖਣ ਵਾਲੀ ਗੱਲ ਹੁੰਦੀ ਤਾਂ ਦੇਖਣਾ ਹੀ ਸੀ ।ਇਹੋ ਜਿਹੇ ਡਾਕਟਰ ਨੂੰ ਦਿਲੋਂ ਸਲਾਮ । ਜੇ ਸਾਰੇ ਡਾਕਟਰ ਇਸ ਤਰ੍ਹਾਂ ਦੀ ਸੋਚ ਦੇ ਬਣ ਜਾਣ ਤਾਂ ਕਿੰਨਾ ਵਧੀਆ ਹੋਵੇਗਾ ।
— ਮੇਜਰ ਸਿੰਘ ਨਾਭਾ (ਪਟਿਆਲਾ) ਮੋ. 9463553962