ਰਘਬੀਰ ਸਿੰਘ ਮਾਨ ਸਹਿਜ ਨਾਲ ਲਿਖਣ ਵਾਲਾ ਪ੍ਰਤਿਬੱਧ ਗਲਪਕਾਰ ਹੈ। ਉਹਨੇ ਹੁਣ ਤੱਕ 05 ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ ਸੰਗ੍ਰਹਿ, ਦੋ ਨਾਵਲ ਤੇ ਇੱਕ ਧਾਰਮਿਕ ਨਿਬੰਧ ਸੰਗ੍ਰਹਿ ਹੈ। ‘ਅਚਿੰਤੇ ਬਾਜ਼ ਪਏ’ (ਕਹਾਣੀ ਸੰਗ੍ਰਹਿ) ਵਿਚਲੀਆਂ ਕਹਾਣੀਆਂ ਗਰੀਬੀ, ਇਕੱਲਤਾ ਤੇ ਨੀਚ ਮਨੁੱਖ ਦਾ ਪਰਦਾਫ਼ਾਸ਼ ਕਰਦੀਆਂ ਹਨ। ‘ਉਲਝ ਗਈ ਸਿੱਖ ਕੌਮ’ (ਲੇਖ ਸੰਗ੍ਰਹਿ) ਵਿੱਚ ਸਿੱਖ ਧਰਮ ਨੂੰ ਮੰਨਣ ਵਾਲਿਆਂ ਵਿੱਚ ਆਈ ਗਿਰਾਵਟ ਨੂੰ ਗੁਰਬਾਣੀ ਦੇ ਹਵਾਲਿਆਂ ਨਾਲ ਸੇਧ ਦਿੱਤੀ ਗਈ ਹੈ। ‘ਕੋਈ ਤਾਂ ਹੈ’ (ਕਹਾਣੀ ਸੰਗ੍ਰਹਿ) ਵਿੱਚ ਕੁੱਖ ਵਿੱਚ ਧੀਆਂ ਦੀ ਹੱਤਿਆ ਕਰਨ ਵਾਲਿਆਂ ਨੂੰ ਰੋਕਣ ਦੀ ਪ੍ਰੇਰਨਾ ਦਿੱਤੀ ਗਈ ਹੈ। ‘ਰੋਹ ਵਿਦਰੋਹ’ (ਨਾਵਲ) ਵਿੱਚ ਹਿੰਮਤ, ਦਲੇਰੀ ਤੇ ਵਿਦਿਆ ਨਾਲ ਜਾਤਪਾਤ ਦੇ ਬਿਰਤਾਂਤ ਤੇ ਚੋਟ ਕੀਤੀ ਗਈ ਹੈ ਅਤੇ ਅੰਬੇਦਕਰੀ ਸਿਧਾਂਤ ਦੀ ਪ੍ਰੋੜ੍ਤਾ ਕੀਤੀ ਗਈ ਹੈ। ‘ਤਪਦੇ ਪੈਰਾਂ ਦਾ ਸਫ਼ਰ’ (ਨਾਵਲ) ਵਿੱਚ ਦਲਿਤ ਪਰਿਵਾਰ ਦੀ ਮਿਹਨਤੀ ਔਰਤ ਦਾ ਬਿਰਤਾਂਤ ਹੈ, ਜੋ ਸਿਦਕ ਅਤੇ ਸਿਰੜ ਨਾਲ ਧਰਤੀ ਤੋਂ ਅੰਬਰ ਤੱਕ ਪੁੱਜਣ ਵਿੱਚ ਸਫ਼ਲ ਹੁੰਦੀ ਹੈ।
ਰੀਵਿਊ ਅਧੀਨ ਨਾਵਲ ‘ਅੜੇ ਥੁੜੇ’ (ਚੇਤਨਾ ਪ੍ਰਕਾਸ਼ਨ, ਲੁਧਿਆਣਾ, ਪੰਨੇ 200, ਮੁੱਲ 350/-) ਉਹਦੀ ਛੇਵੀਂ ਕਿਤਾਬ ਹੈ। ਇਸ ਨਾਵਲ ਦੀ ਕੋਈ ਭੂਮਿਕਾ ਨਹੀਂ ਹੈ। ਨਾਵਲ ਦੇ ਕੁੱਲ 13 ਕਾਂਡ ਹਨ, ਜਿਸਦਾ ਵਿਸ਼ਾ ਨਿਵੇਕਲਾ ਹੈ। ਨਾਵਲ ਸੀਬੋ ਦੁਆਰਾ ਘਰ ਛੱਡਣ ਨਾਲ ਸ਼ੁਰੂ ਹੁੰਦਾ ਹੈ ਤੇ ਉਹਦੀ ਮੌਤ ਨਾਲ ਖਤਮ ਹੁੰਦਾ ਹੈ। ਸੀਬੋ ਦਾ ਪਤੀ ਜੈਲਾ ਪਤਨੀ ਨੂੰ ਆਪਣੀ ਮਾਂ ਦੀ ਪਸੰਦ ਸਮਝ ਕੇ ਕੰਮ ਵਾਲੀ ਤੋਂ ਜ਼ਿਆਦਾ ਮਹੱਤਵ ਨਹੀਂ ਦਿੰਦਾ ਤੇ ਧੀਰੋ (ਰਣਧੀਰ ਕੌਰ) ਨਾਂ ਦੀ ਤੇਜ਼-ਤੱਰਾਰ ਲੜਕੀ ਨਾਲ ਪਿਆਰ ਪੀਂਘਾਂ ਝੂਟਦਾ ਹੈ। ਸੀਬੋ ਦੇ ਇੱਕ ਪੁੱਤਰ ਵੀ ਪੈਦਾ ਹੁੰਦਾ ਹੈ- ਸ਼ੇਰਾ, ਪਰ ਜੈਲਾ ਤਾਂ ਵੀ ਪਤਨੀ ਤੋਂ ਬੇਮੁਖ ਰਹਿੰਦਾ ਹੈ। ਜੈਲੇ ਵੱਲੋਂ ਅਣਦੇਖੀ ਕਰਨ ਤੇ ਸੀਬੋ ਘਰ ਛੱਡ ਕੇ ਆਪਣੀ ਵੱਡੀ ਭੈਣ ਸ਼ਿਵ ਕੌਰ ਕੋਲ ਹਮੇਸ਼ਾ ਲਈ ਪਿੰਡ ਸ਼ੰਕਰ ਰਹਿਣ ਚਲੀ ਜਾਂਦੀ ਹੈ ਤੇ ਆਪਣੇ ਇਕਲੌਤੇ ਪੁੱਤਰ ਸ਼ੇਰੇ ਨੂੰ ਆਪਣੀ ਨਨਾਣ ਬੰਸੋ (ਹਰਬੰਸ ਕੌਰ) ਨੂੰ ਸੌਂਪ ਜਾਂਦੀ ਹੈ।
ਜੈਲੇ ਨੂੰ ਪੂਰੀ ਖੁੱਲ੍ਹ ਹੋ ਜਾਂਦੀ ਹੈ ਤੇ ਉਹ ਧੀਰੋ ਨਾਲ ਵਿਆਹ ਕਰਕੇ ਉਹਨੂੰ ਆਪਣੀ ਪਤਨੀ ਬਣਾ ਕੇ ਰੱਖਦਾ ਹੈ। ਬੰਸੋ ਜੈਲੇ ਦੇ ਪੁੱਤਰ ਸ਼ੇਰੇ ਨੂੰ ਧੀਰੋ ਕੋਲ ਸੰਭਾਲ ਦਿੰਦੀ ਹੈ, ਜਿਸ ਨਾਲ ਧੀਰੋ ਮਤਰੇਈ ਮਾਂ ਵਾਲਾ ਬਹੁਤ ਭੈੜਾ ਸਲੂਕ ਕਰਦੀ ਹੈ। ਉਹ ਪਤੀ ਤੇ ਪੂਰਾ ਰੋਅਬ ਰੱਖਦੀ ਹੈ। ਆਪਣੇ ਤਿੰਨੇ ਬੱਚਿਆਂ- ਸਿਕੰਦਰ, ਅੰਗਦ ਤੇ ਧੀ ਸ਼ਿੰਦੀ ਨੂੰ ਤਾਂ ਚੰਗਾ ਖਾਣ-ਪੀਣ ਨੂੰ ਦਿੰਦੀ ਹੈ ਪਰ ਸ਼ੇਰੇ ਨੂੰ ਬਿਗਾਨਾ ਸਮਝਦੀ ਹੈ। ਸ਼ੇਰੇ ਦਾ ਵਿਆਹ ਹੋਣ ਤੇ ਉਹਦੀ ਪਤਨੀ ਕੰਮੋ (ਕਰਮਜੀਤ) ਨਾਲ ਵੀ ਬੁਰਾ ਵਿਹਾਰ ਕਰਦੀ ਹੈ। ਸ਼ੇਰਾ ਤੇ ਕੰਮੋ ਦੋਵੇਂ ਘਰ ਛੱਡ ਕੇ ਪਿੰਡ ਬਾਠ (ਕੰਮੋ ਦੇ ਪੇਕੇ) ਰਹਿਣ ਲੱਗ ਜਾਂਦੇ ਹਨ। ਧੀਰੋ ਜ਼ਮੀਨ ਤੋਂ ਵੀ ਸ਼ੇਰੇ ਦਾ ਹੱਕ ਖੋਹ ਲੈਂਦੀ ਹੈ, ਜਿਸ ਕਰਕੇ ਸ਼ੇਰਾ ਆਪਣੇ ਸਹੁਰੇ ਝੰਡਾ ਸਿੰਘ ਨਾਲ ਮਿਲ ਕੇ ਇੱਕ ਰਾਤ ਧੀਰੋ ਦੇ ਸਾਰੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨ ਕੇ ਬਦਲਾ ਲੈਂਦਾ ਹੈ। ਪੁਲੀਸ ਦੋਹਾਂ ਨੂੰ ਗ੍ਰਿਫ਼ਤਾਰ ਕਰਕੇ ਫਾਂਸੀ ਦੀ ਸਜ਼ਾ ਦਿੰਦੀ ਹੈ, ਜਿਸਦਾ ਪਤਾ ਲੱਗਣ ਤੇ ਸੀਬੋ ਵੀ ਆਪਣੇ ਪ੍ਰਾਣ ਤਿਆਗ ਦਿੰਦੀ ਹੈ।
ਨਾਵਲ ਦਾ ਪਲਾਟ ਬੱਝਵਾਂ ਤੇ ਕੱਸਿਆ ਹੋਇਆ ਹੈ। ਕਹਾਣੀ ਦੇ ਪਲਾਟ ਅਤੇ ਪਾਤਰਾਂ ਦੀ ਕਸ਼ਮਕਸ਼ ਨੂੰ ਲੇਖਕ ਨੇ ਬੜੀ ਕਾਰੀਗਰੀ ਨਾਲ ਵਿਉਂਤਿਆ ਹੈ। ਨਾਵਲ ਵਿੱਚ ਕਰੁਣਾ, ਰੌਦਰ ਤੇ ਵੀਭੱਤਸ ਦੀ ਸ਼ਾਨਦਾਰ ਪੇਸ਼ਕਾਰੀ ਹੈ। ਜ਼ਰ, ਜ਼ੋਰੂ ਤੇ ਜ਼ਮੀਨ ਨੂੰ ਕੇਂਦਰ ਵਿੱਚ ਰੱਖ ਕੇ ਲਿਖੇ ਇਸ ਨਾਵਲ ਦੀ ਖਾਸੀਅਤ ਇਹ ਹੈ ਕਿ ਪਾਠਕ ਦੀ ਉਤਸੁਕਤਾ ਲਗਾਤਾਰ ਬਰਕਰਾਰ ਰਹਿੰਦੀ ਹੈ। ਰੋਹ, ਰੰਜ ਗੁੱਸੇ ਅਤੇ ਬਦਲੇ ਦੀ ਭਾਵਨਾ ਨੂੰ ਰੇਖਾਂਕਿਤ ਕਰਦੀ ਨਾਵਲ ਦੀ ਕਹਾਣੀ ਨੂੰ ਪਾਠਕ ਇੱਕੋ ਸਾਹ ਪੜ੍ਹਨ ਲਈ ਉਤਸੁਕ ਰਹਿੰਦਾ ਹੈ। ਲੇਖਕ ਨੇ ਸਾਰੇ ਪਾਤਰਾਂ ਨੂੰ ਉਚੇਚ ਨਾਲ ਸਿਰਜਿਆ ਹੈ। ਹਰ ਪਾਤਰ ਦੀ ਆਪਣੀ ਸ਼ਨਾਖ਼ਤ ਹੈ। ਕੋਈ ਵੀ ਪਾਤਰ ਅਜਿਹਾ ਨਹੀਂ, ਜੀਹਨੂੰ ਖਾਨਾਪੂਰਤੀ ਲਈ ਸ਼ਾਮਲ ਕੀਤਾ ਗਿਆ ਹੋਵੇ। ਨਾ ਹੀ ਕੋਈ ਘਟਨਾ ਅਜਿਹੀ ਹੈ ਜੋ ਨਾਵਲ ਦੇ ਪੰਨੇ ਵਧਾਉਣ ਲਈ ਸਿਰਜੀ ਗਈ ਹੋਵੇ। ਨਾਵਲ ਦੇ ਵਾਤਾਵਰਣ ਨੂੰ ਪਾਤਰਾਂ ਦੀ ਮਨੋਦਸ਼ਾ ਮੁਤਾਬਕ ਉਲੀਕਿਆ ਗਿਆ ਹੈ। ਪਾਤਰਾਂ ਦੀ ਪਾਤਰ ਉਸਾਰੀ ਉਨ੍ਹਾਂ ਦੇ ਸੁਭਾਅ ਅਨੁਸਾਰ ਕੀਤੀ ਗਈ ਹੈ, ਜਿਸ ਨਾਲ ਨਾਵਲ ਦੀ ਕਥਾ ਹੋਰ ਵੀ ਦਿਲਚਸਪ ਬਣ ਗਈ ਹੈ। ਪਾਠਕ ਦੀ ਹਰ ਪਾਤਰ ਨਾਲ ਨਿਵੇਕਲੀ ਸਾਂਝ ਬਣਦੀ ਹੈ, ਕਿਸੇ ਨਾਲ ਸਤਿਕਾਰ ਦੀ, ਕਿਸੇ ਨਾਲ ਪਿਆਰ ਦੀ, ਕਿਸੇ ਨਾਲ ਤ੍ਰਿਸਕਾਰ ਦੀ, ਕਿਸੇ ਨਾਲ ਬਦਲੇ ਦੀ, ਕਿਸੇ ਨਾਲ ਹਮਦਰਦੀ ਦੀ, ਕਿਸੇ ਨਾਲ ਨਫ਼ਰਤ ਦੀ।
ਪਾਠਕ ਸ਼ੁਰੂ ਤੋਂ ਅੰਤ ਤੱਕ ਨਾਵਲ ਨਾਲ ਇੱਕ-ਰਸ ਜੁੜਿਆ ਰਹਿੰਦਾ ਹੈ। ਜਾਇਦਾਦ ਦੀ ਵੰਡ ਵੇਲੇ ਕਿਵੇਂ ਜ਼ਿਦ ਅਤੇ ਫ਼ਰੇਬ ਨਾਲ ਪਰਿਵਾਰਾਂ ਦਾ ਨੁਕਸਾਨ ਹੁੰਦਾ ਹੈ, ਇਸ ਮੁੱਦੇ ਦੇ ਨਾਲ ਨਾਲ ਹੋਰ ਸਮਾਜਕ ਬੁਰਾਈਆਂ ਨੂੰ ਵੀ ਨਾਵਲ ਵਿੱਚ ਪ੍ਰਮੁਖਤਾ ਨਾਲ ਸਿਰਜਿਆ ਗਿਆ ਹੈ। ਮੇਰਾ ਸੁਝਾਅ ਹੈ ਕਿ ਇਸ ਨਾਵਲ ਤੇ ਜੇਕਰ ਇੱਕ ਟੀਵੀ ਲੜੀਵਾਰ ਜਾਂ ਫਿਲਮ ਬਣਾਈ ਜਾਵੇ ਤਾਂ ਹੋਰ ਵੀ ਪ੍ਰਭਾਵਸ਼ਾਲੀ ਹੋ ਨਿਬੜੇਗਾ। ਤਣਾਉ, ਟੱਕਰ ਤੇ ਗੁੱਸੇ ਦੀ ਪ੍ਰਚੰਡਤਾ ਨੂੰ ਪ੍ਰਸਤੁਤ ਕਰਦਾ ਇਹ ਨਾਵਲ ਲਿਖਣ ਲਈ ਲੇਖਕ ਮੁਬਾਰਕ ਦਾ ਹੱਕਦਾਰ ਹੈ।

~ ਪ੍ਰੋ. ਨਵ ਸੰਗੀਤ ਸਿੰਘ
# navsangeetsingh6957@gmail.com
# 9417692015.