ਓ.ਬੀ.ਸੀ. ਸਮਾਜ ਦੀ ਜਾਤੀ ਅਧਾਰਤ ਜਨਗਣਨਾ ਕਰਾਉਣ ਦੀ ਕੀਤੀ ਗਈ ਮੰਗ

ਕੋਟਕਪੂਰਾ, 15 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਪਿਛੜਾ ਵਰਗ ਮੋਰਚੇ ਦਾ ਤੀਜਾ ਰਾਜ ਅਧਿਵੇਸ਼ਨ ਸ਼ਾਂਤੀ ਭਵਨ ਵਿਖੇ ਚੌਧਰੀ ਵਿਕਾਸ ਪਟੇਲ ਰਾਸ਼ਟਰੀ ਪ੍ਰਧਾਨ, ਰਾਸ਼ਟਰੀ ਪਿਛੜਾ ਵਰਗ ਮੋਰਚਾ ਨਵੀਂ ਦਿੱਲੀ ਦੀ ਅਗਵਾਈ ਹੇਠ ਸਫਲਤਾਪੂਰਵਕ ਸੰਪੰਨ ਹੋਇਆ। ਅਧਿਵੇਸ਼ਨ ਦਾ ਵਿਸ਼ਾ ਸੀਓਬੀਸੀ ਸਮਾਜ ਦੀ ਜਾਤੀ ਅਧਾਰਤ ਜਨਗਣਨਾ ਕਰਾਉਣਾ, ਵੋਟਿੰਗ ਮਸ਼ੀਨ ਨੂੰ ਬੰਦ ਕਰਾਉਣ, ਪੰਜਾਬ ਵਿੱਚ ਓਬੀਸੀ ਸਮਾਜ ਦੀ ਗਿਣਤੀ ਦੇ ਹਿਸਾਬ ਨਾਲ ਬਜਟ ਅਤੇ ਓਬੀਸੀ ਕਮਿਸ਼ਨ ਪੂਰਨ ਅਧਿਕਾਰਾਂ ਤਹਿਤ ਬਣਾਉਣ, ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣਾ ਅਤੇ ਉਪਰੋਕਤ ਸੰਵਿਧਾਨਿਕ ਅਧਿਕਾਰਾਂ ਨੂੰ ਲਾਗੂ ਕਰਾਉਣ ਸਬੰਧੀ ਵਿਉਂਤਬੰਦੀ ਕਰਨਾ। ਲਾਲ ਚੰਦ ਯਾਦਵ ਜਨਰਲ ਸਕੱਤਰ ਓ.ਬੀ.ਸੀ. ਫੈਡਰੇਸ਼ਨ ਨੇ ਕਿਹਾ ਕਿ ਸਾਰੀਆਂ ਓ.ਬੀ.ਸੀ. ਜਥੇਬੰਦੀਆਂ ਨੂੰ ਮਿਲ ਕੇ ਪੰਜਾਬ ਓ.ਬੀ.ਸੀ. ਦੇ ਸੰਵਿਧਾਨਿਕ ਅਧਿਕਾਰਾਂ ਵਾਸਤੇ ਲੜਾਈ ਲੜਨੀ ਚਾਹੀਦੀ ਹੈ। ਗੁਰਮੀਤ ਸਿੰਘ ਕਿੱਕਰ ਖੇੜਾ ਪ੍ਰਧਾਨ ਓਬੀਸੀ ਅਧਿਕਾਰ ਚੇਤਨਾ ਮੰਚ ਪੰਜਾਬ ਨੇ ਕਿਹਾ ਕਿ ਅਸੀਂ ਜਦ ਤੱਕ ਇਕੱਠੇ ਨਹੀਂ ਹੁੰਦੇ ਏਕਤਾ ਨਹੀਂ ਬਣਦੀ, ਉਦੋਂ ਤੱਕ ਅਸੀਂ ਆਪਣੇ ਅਧਿਕਾਰ ਪ੍ਰਾਪਤੀ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਮੇਰੀ ਜਥੇਬੰਦੀ ਗਰਾਊਂਡ ਲੈਵਲ ’ਤੇ ਲੋਕਾਂ ਦੇ ਨਾਲ, ਜਦ ਵੀ ਕਿਤੇ ਧੱਕੇਸ਼ਾਹੀ ਹੁੰਦੀ ਹੈ, ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਨਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਹਾਂ। ਭੋਲਾ ਰਾਮ ਬਠਿੰਡਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮੰਡਲ ਕਮਿਸ਼ਨ ਲਾਗੂ ਕਰਾਉਣ ਦੀ ਲੜਾਈ ’ਚ ਸਾਡੇ ਬਹੁਤ ਸਾਰੇ ਸਾਥੀ ਸਹੀਦ ਹੋ ਗਏ ਸਨ, ਸਾਨੂੰ ਉਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਮੈਡਮ ਗੁਰਮੀਤ ਕੌਰ ਬੋਹਾ ਪੰਜਾਬ ਪ੍ਰਧਾਨ ਮੂਲ ਨਿਵਾਸੀ ਮਹਿਲਾ ਸੰਗ ਨੇ ਕਿਹਾ ਕਿ ਮਹਿਲਾਵਾਂ ਨੂੰ ਵੀ ਇਸ ਸੰਘਰਸ਼ ਲਈ ਲਾਮਬੰਦ ਕਰਨਾ ਚਾਹੀਦਾ ਹੈ। ਓਮ ਪ੍ਰਕਾਸ਼ ਪ੍ਰਧਾਨ ਰਾਸ਼ਟਰੀ ਪਿਛੜਾ ਵਰਗ ਮੋਰਚਾ ਬਠਿੰਡਾ ਨੇ ਕਿਹਾ ਕਿ ਜੇ ਸਮੱਸਿਆ ਨੈਸ਼ਨਲ ਪੱਧਰ ਦੀ ਹੈ ਤਾਂ ਸੰਗਠਨ ਵੀ ਨੈਸ਼ਨਲ ਲੈਵਲ ਦਾ ਹੀ ਹੋਣਾ ਚਾਹੀਦਾ ਹੈ। ਅੱਜ ਦੇ ਸਮੇਂ ’ਚ ਬਾਮਸੇਫ ਦਾ ਸੰਗਠਨ ਨੈਸ਼ਨਲ ਲੈਵਲ ਦਾ ਹੈ, ਜੋ 31 ਰਾਜਾਂ ਅਤੇ 570 ਜਿਲਿਆਂ ’ਚ ਫੈਲਿਆ ਹੋਇਆ ਹੈ, ਜਿਸ ਨੇ 31 ਜਨਵਰੀ ਨੂੰ ਵੋਟਿੰਗ ਮਸ਼ੀਨ ਦੇ ਵਿਰੋਧ ’ਚ ਜੰਤਰ ਮੰਤਰ ਨਵੀਂ ਦਿੱਲੀ ਵਿਖੇ ਲੱਖਾਂ ਦੀ ਗਿਣਤੀ ’ਚ ਇਕੱਠ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਪੰਜਾਬ ਦੇ ਸੰਵਿਧਾਨਿਕ ਅਧਿਕਾਰਾਂ ਵਾਸਤੇ ਵੀ ਸਾਨੂੰ ਇਸੇ ਤਰਾਂ ਏਕਤਾ ਬਣਾ ਕੇ ਲੜਾਈ ਲੜਨੀ ਚਾਹੀਦੀ ਹੈ। ਸਾਬਕਾ ਲੈਕ. ਰਤਨ ਸਿੰਘ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਜਰੂਰ ਦਿਓ। ਕੁਲਦੀਪ ਸਿੰਘ ਈਸਾਪੁਰੀ ਪੰਜਾਬ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਨੇ ਕਿਹਾ ਕਿ ਪੰਜਾਬ ਵਿੱਚ 117 ਸੀਟਾਂ ਵਿੱਚੋਂ ਅੱਧੀਆਂ ਸੀਟਾਂ ਓ.ਬੀ.ਸੀ. ਸਮਾਜ ਨੂੰ ਚੋਣ ਲੜਨ ਲਈ ਦਿੱਤੀਆਂ ਜਾਣਗੀਆਂ। ਇਸ ਗੱਲ ਦਾ ਲੋਕਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਚੌਧਰੀ ਵਿਕਾਸ ਪਟੇਲ ਨੇ ਆਪਣੀ ਸੰਬੋਧਨ ’ਚ ਕਿਹਾ ਕਿ ਕਾਂਗਰਸ ਅਤੇ ਬੀਜੇਪੀ ਪਾਰਟੀਆਂ ਦੀ ਇੱਕੋ ਹੀ ਵਿਚਾਰਧਾਰਾ ਹੈ, ਇਸੇ ਲਈ ਨਾ ਤਾਂ ਕਾਂਗਰਸ ਦੇ ਰਾਜ ਅਤੇ ਨਾ ਬੀਜੇਪੀ ਦੇ ਰਾਜ ਵਿੱਚ ਓ.ਬੀ.ਸੀ. ਦੀ ਜਾਤੀ ਅਧਾਰਤ ਗਿਣਤੀ ਨਹੀਂ ਕਰਵਾਈ ਗਈ। ਉਹਨਾਂ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਓ.ਬੀ.ਸੀ. ਸਮਾਜ ਦੇ ਸੰਵਿਧਾਨਕ ਅਧਿਕਾਰ ਪ੍ਰਾਪਤੀ ਲਈ ਜਲਦੀ ਹੀ ਪ੍ਰੋਗਰਾਮ ਉਲੀਕਿਆ ਜਾਵੇਗਾ। ਓ.ਬੀ.ਸੀ. ਫੈਡਰੇਸ਼ਨ ਮਾਨਸਾ ਅਤੇ ਬਾਮਸੇਫ ਦੇ ਸਾਥੀਆਂ ਨੇ ਅਧਿਵੇਸ਼ਨ ਦਾ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤਾ। ਕੇਵਲ ਸਿੰਘ ਪ੍ਰਧਾਨ ਓ.ਬੀ.ਸੀ. ਫੈਡਰੇਸ਼ਨ ਮਾਨਸਾ ਨੇ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ।